Thursday, August 13, 2026

ਅਲਬਰਟਾ ਵਿੱਚ ਵੱਖਵਾਦੀ ਲਹਿਰ ਨੂੰ ਠੱਲ੍ਹ ਪਾਉਣ ਲਈ ਫੈਡਰਲ ਸਰਕਾਰ ਦੇ ਯਤਨ ਤੇਜ਼, ਨਵੀਂ ਪਾਈਪਲਾਈਨ ਦੀ ਯੋਜਨਾ ਤਿਆਰ

ਸਰੀ, (ਦਿਵਰੂਪ ਕੌਰ): ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਵਿਸ਼ੇਸ਼ ਵੀਡੀਓ ਸੰਬੋਧਨ ਰਾਹੀਂ ਸਵੀਕਾਰ ਕੀਤਾ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਕੈਨੇਡਾ ਦਾ ਕਾਰਬਨ ਨਿਕਾਸ ਪਹਿਲਾਂ ਨਾਲੋਂ ਵੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੈਨੇਡਾ ਦੀ ਊਰਜਾ ਰਣਨੀਤੀ ਨੂੰ ਮੁੜ ਤੇਲ ਅਤੇ ਗੈਸ ਉਦਯੋਗ ਦੇ ਪੱਖ ਵਿੱਚ ਮੋੜ ਰਹੀ ਹੈ, ਜੋ ਦੇਸ਼ ਦੀ ਲੰਬੇ ਸਮੇਂ ਦੀ ਆਰਥਿਕ ਅਤੇ ਸਮਾਜਿਕ ਸਥਿਰਤਾ ਲਈ ਬਹੁਤ ਜ਼ਰੂਰੀ ਹੈ। ਇਹ ਸੰਬੋਧਨ ਪੁਰਾਣੀ ਸਰਕਾਰ ਦੀਆਂ ਵਾਤਾਵਰਣ ਨੀਤੀਆਂ ਦੀ ਸਭ ਤੋਂ ਸਪੱਸ਼ਟ ਆਲੋਚਨਾ ਵਜੋਂ ਦੇਖਿਆ ਜਾ ਰਿਹਾ ਹੈ। ਇਸ ਕਦਮ ਨੂੰ ਅਲਬਰਟਾ ਸੂਬੇ ਦੇ ਨਾਲ ਸਬੰਧਾਂ ਨੂੰ ਸੁਧਾਰਨ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ, ਜਿੱਥੇ ਫੈਡਰਲ ਸਰਕਾਰ ਦੀਆਂ ਪਾਬੰਦੀਆਂ ਕਾਰਨ ਵੱਖਵਾਦੀ ਲਹਿਰ ਨੂੰ ਹਵਾ ਮਿਲ ਰਹੀ ਸੀ। ਕਾਰਨੀ ਨੇ ਕਿਹਾ ਕਿ ਪਿਛਲੀ ਸਰਕਾਰ ਦੀਆਂ ਨੀਤੀਆਂ ਸਦਕਾ ਗ੍ਰੀਨਹਾਉਸ ਗੈਸਾਂ ਅਤੇ ਤੇਲ ਉਤਪਾਦਨ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨੇ ਦੇਸ਼ ਵਿੱਚ ਮਹਿੰਗਾਈ ਵਧਾ ਦਿੱਤੀ ਸੀ ਅਤੇ ਵਿਦੇਸ਼ੀ ਨਿਵੇਸ਼ ਨੂੰ ਪ੍ਰਭਾਵਿਤ ਕੀਤਾ ਸੀ। ਪ੍ਰਧਾਨ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਪੁਰਾਣੀ ਯੋਜਨਾ ਦੇਸ਼ ਨੂੰ ਵੰਡਣ ਵਾਲੀ ਸਾਬਤ ਹੋ ਰਹੀ ਸੀ। ਜ਼ਿਕਰਯੋਗ ਹੈ ਕਿ ਅਲਬਰਟਾ ਵਿੱਚ ਅਕਤੂਬਰ ਮਹੀਨੇ ਇੱਕ ਰੈਫਰੈਂਡਮ ਹੋਣ ਜਾ ਰਿਹਾ ਹੈ ਜਿਸ ਵਿੱਚ ਇਹ ਤੈਅ ਹੋਵੇਗਾ ਕਿ ਸੂਬਾ ਕੈਨੇਡਾ ਦਾ ਹਿੱਸਾ ਰਹੇਗਾ ਜਾਂ ਵੱਖਰਾ ਰਾਹ ਚੁਣੇਗਾ। ਕਾਰਨੀ ਨੇ ਇਸ ਸਥਿਤੀ ਦੀ ਤੁਲਨਾ ਬ੍ਰਿਟੇਨ ਦੇ ਬ੍ਰੈਗਜ਼ਿਟ ਨਾਲ ਕੀਤੀ ਹੈ। ਇਸ ਦੌਰਾਨ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਦਫ਼ਤਰ ਨੇ ਪੱਛਮੀ ਤੱਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਪ੍ਰੋਜੈਕਟ ਦੇ ਸਬੰਧ ਵਿੱਚ ਇੱਕ ਅਹਿਮ ਐਲਾਨ ਕਰਨ ਦਾ ਵਾਅਦਾ ਕੀਤਾ ਹੈ। ਦੂਜੇ ਪਾਸੇ, ਟਰੂਡੋ ਸਰਕਾਰ ਵਿੱਚ ਵਾਤਾਵਰਣ ਮੰਤਰੀ ਰਹੇ ਸਟੀਵਨ ਗਿਲਬੋਲਟ ਨੇ ਇਨ੍ਹਾਂ ਨੀਤੀਆਂ ਦੇ ਵਿਰੋਧ ਵਿੱਚ ਕੈਬਨਿਟ ਅਤੇ ਹਾਊਸ ਆਫ਼ ਕਾਮਨਜ਼ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ, ਕਾਰਨੀ ਨੇ ਦੁਹਰਾਇਆ ਕਿ ਕੈਨੇਡਾ 2030 ਤੱਕ ਨਿਕਾਸ ਨੂੰ 40 ਤੋਂ 45 ਫੀਸਦੀ ਤੱਕ ਘਟਾਉਣ ਦੇ ਪੈਰਿਸ ਸਮਝੌਤੇ ਦੇ ਟੀਚੇ ਲਈ ਵਚਨਬੱਧ ਹੈ। This report was written by Divroop Kaur as part of the Local Journalism Initiative.

Popular