ਸਰੀ, (ਸਿਮਰਨਜੀਤ ਸਿੰਘ): ਵਿਕਟੋਰੀਆ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ 2025 ਲਈ ਆਪਣੇ ਨਵੇਂ ਸਾਲ ਦੇ ਸੁਨੇਹੇ ਵਿੱਚ ਚੁਣੌਤੀਆਂ ਨੂੰ ਸਵੀਕਾਰਦੇ ਹੋਏ ਆਸ਼ਾਵਾਦੀ ਸੁਰ ਅਲਾਪਿਆ। ਉਹਨਾਂ ਨੇ ਕਿਹਾ ਕਿ ਕਈ ਵੱਡੀਆਂ ਮੁਸ਼ਕਲਾਂ ਸੂਬੇ ਦੇ ਸਾਹਮਣੇ ਹਨ, ਪਰ ਉਹਨਾਂ ਦੇ ਪ੍ਰਬੰਧ ਲਈ ਪੜਾਅ-ਦਰ-ਪੜਾਅ ਇੱਕਜੁਟ ਢੰਗ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ।
ਪ੍ਰੀਮੀਅਰ ਈਬੀ ਨੇ ਸਵੀਕਾਰਿਆ ਕਿ 2024 ਸਾਲ ਕਈ ਬ੍ਰਿਟਿਸ਼ ਕੋਲੰਬੀਆ ਵਾਸੀਆਂ ਲਈ ਔਖਾ ਅਤੇ ਅਨਿਸ਼ਚਿਤਤਾਪੂਰਨ ਰਿਹਾ। ਹਾਲਾਂਕਿ ਉਹਨਾਂ ਨੇ ਇਸ ਸਾਲ ਦੇ ਸਬਕਾਂ ਨੂੰ ਮਜ਼ਬੂਤੀ ਦਾ ਸਰੋਤ ਬਣਾਉਣ ਦੀ ਗੱਲ ਕੀਤੀ। ਹਾਲਾਂਕਿ ਉਹਨਾਂ ਨੇ ਆਪਣੀ ਪਾਰਟੀ ਦੇ ਚੌਣ ਨਤੀਜੇ ਅਤੇ ਇਕ ਸੀਟ ਦੀ ਬਹੁਮਤ ਨਾਲ ਮੁੜ ਚੁਣੇ ਜਾਣ ਦੀ ਗੱਲ ਸਿੱਧੇ ਤੌਰ ‘ਤੇ ਨਹੀਂ ਕੀਤੀ, ਪਰ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਸਰਕਾਰ ਨੂੰ ਰੋਜ਼ਾਨਾ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ।
ਪ੍ਰੀਮੀਅਰ ਨੇ ਕਿਹਾ ਕਿ ਸਿਹਤ ਸੇਵਾਵਾਂ, ਘਰਾਂ ਅਤੇ ਚਾਇਲਡਕੇਅਰ ਦੇ ਖੇਤਰ ਵਿੱਚ ਕੁਝ ਤਰੱਕੀ ਹਾਸਿਲ ਕੀਤੀ ਹੈ, ਪਰ ਹੁਣ ਵੀ ਬਹੁਤ ਕੁਝ ਕਰਨਾ ਬਾਕੀ ਹੈ।
ਉਹਨਾਂ ਨੇ ਯਕੀਨ ਦਿਵਾਇਆ ਕਿ 2025 ਵਿੱਚ ਮਹਿੰਗਾਈ ਨਾਲ ਜੂਝ ਰਹੀਆਂ ਪਰਿਵਾਰਾਂ ਲਈ ਆਰਥਿਕ ਮਦਦ ਉਪਲਬਧ ਕਰਵਾਈ ਜਾਵੇਗੀ।
ਪ੍ਰੀਮੀਅਰ ਈਬੀ ਨੇ ਦਾਅਵਾ ਕੀਤਾ ਕਿ 2025 ਦੇ ਸ਼ੁਰੂ ਵਿੱਚ 90 ਪ੍ਰਤੀਸ਼ਤ ਪਰਿਵਾਰਾਂ ਨੂੰ $1,000 ਦੀ ਟੈਕਸ ਰਾਹਤ ਦਿੱਤੀ ਜਾਵੇਗੀ। ਇਹ ਪਹਿਲਾਂ ਰੀਬੇਟ ਦੇ ਤੌਰ ‘ਤੇ ਸ਼ੁਰੂ ਹੋਵੇਗੀ ਅਤੇ ਫਿਰ ਸਥਾਈ ਟੈਕਸ ਛੂਟ ਵਿੱਚ ਬਦਲੀ ਜਾਵੇਗੀ। ਇਸ ਸੰਬੰਧੀ ਵਿਸਥਾਰ ਅਤੇ ਕਾਨੂੰਨ ਸਾਲ ਦੀ ਬਜਟ ਪ੍ਰਸਤਾਵ ਵਿੱਚ ਸ਼ਾਮਲ ਕੀਤੇ ਜਾਣਗੇ।
ਉਹਨਾਂ ਨੇ ਨਵੇਂ ਘਰ ਬਣਾਉਣ ਅਤੇ ਨਿਰਮਾਣ ਦੀਆਂ ਰੋਕਾਂ ਨੂੰ ਦੂਰ ਕਰਨ ਲਈ ਸਪੇਕੂਲੇਸ਼ਨ ਖ਼ਤਮ ਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ। ਪ੍ਰੀਮੀਅਰ ਨੇ ਵਾਅਦਾ ਕੀਤਾ ਕਿ ਨੌਜਵਾਨਾਂ ਨੂੰ ਆਪਣੇ ਸਮੁਦਾਇਕ ਖੇਤਰਾਂ ਤੋਂ ਬਾਹਰ ਜਾਣ ਲਈ ਮਜ਼ਬੂਰ ਨਹੀਂ ਹੋਣ ਦਿੱਤਾ ਜਾਵੇਗਾ।