Saturday, July 11, 2026

ਫੈਡਰਲ ਸਰਕਾਰ ਵੱਲੋਂ ਮਹਿੰਗਾਈ ਤੋਂ ਰਾਹਤ, ਨਵੇਂ ਗਰੌਸਰੀ ਬੈਨੀਫਿਟ ਦੀ ਸ਼ੁਰੂਆਤ ਅੱਜ ਤੋਂ

ਸਰੀ, (ਦਿਵਰੂਪ ਕੌਰ): ਯੋਗ ਕੈਨੇਡੀਅਨ ਨਾਗਰਿਕਾਂ ਨੂੰ 3 ਜੁਲਾਈ ਨੂੰ ਪਹਿਲੀ ਤਿਮਾਹੀ ਕੈਨੇਡਾ ਗਰੌਸਰੀਜ਼ ਐਂਡ ਐਸੈਂਸ਼ੀਅਲ ਬੈਨੀਫਿਟ ਦੀ ਅਦਾਇਗੀ ਹੋਣ ਜਾ ਰਹੀ ਹੈ। ਇਹ ਫੈਡਰਲ ਸਰਕਾਰ ਦੇ ਇੱਕ ਨਵੇਂ ਪ੍ਰੋਗਰਾਮ ਦੀ ਪਹਿਲੀ ਕਿਸ਼ਤ ਹੈ ਜਿਸ ਦਾ ਮੰਤਵ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ। ਇਸ ਪ੍ਰੋਗਰਾਮ ਨੂੰ ਪਹਿਲਾਂ ਐਚਐਸਟੀ ਜੀਐਸਟੀ ਕ੍ਰੈਡਿਟ ਵਜੋਂ ਜਾਣਿਆ ਜਾਂਦਾ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ 26 ਜਨਵਰੀ 2026 ਨੂੰ ਇਸ ਨਵੇਂ ਪ੍ਰੋਗਰਾਮ ਦਾ ਰਸਮੀ ਤੌਰ ਤੇ ਐਲਾਨ ਕੀਤਾ ਸੀ। ਇਸ ਫੈਡਰਲ ਪਹਿਲਕਦਮੀ ਦਾ ਮੁੱਖ ਉਦੇਸ਼ ਉਨ੍ਹਾਂ ਕੈਨੇਡੀਅਨਾਂ ਦਾ ਆਰਥਿਕ ਸਮਰਥਨ ਕਰਨਾ ਹੈ ਜੋ ਰਹਿਣ ਸਹਿਣ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਖਾਸ ਤੌਰ ਤੇ ਭੋਜਨ ਦੇ ਮਹਿੰਗੇ ਖਰਚਿਆਂ ਨਾਲ ਜੂਝ ਰਹੇ ਹਨ। ਇਹ ਨਵੀਂ ਅਦਾਇਗੀ ਜੂਨ ਮਹੀਨੇ ਵਿੱਚ ਜਾਰੀ ਕੀਤੇ ਗਏ ਐਚਐਸਟੀ ਜੀਐਸਟੀ ਟੌਪ ਅਪ ਤੋਂ ਬਿਲਕੁਲ ਵੱਖਰੀ ਹੋਵੇਗੀ।
ਕੈਨੇਡੀਅਨ ਰੈਵੇਨਿਊ ਏਜੰਸੀ ਦੇ ਅਨੁਸਾਰ ਹਰ ਸਾਲ ਜੁਲਾਈ ਵਿੱਚ ਪਿਛਲੇ ਸਾਲ ਦੀ ਟੈਕਸ ਰਿਟਰਨ ਤੋਂ ਪਰਿਵਾਰ ਦੀ ਆਮਦਨ ਅਤੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਦੇ ਆਧਾਰ ਤੇ ਲਾਭ ਦੀ ਰਕਮ ਦੀ ਮੁੜ ਗਣਨਾ ਕੀਤੀ ਜਾਂਦੀ ਹੈ। ਉਦਾਹਰਣ ਵਜੋਂ 2025 ਦੀ ਟੈਕਸ ਰਿਟਰਨ ਦੀ ਜਾਣਕਾਰੀ ਜੁਲਾਈ 2026 ਤੋਂ ਜੂਨ 2027 ਤੱਕ ਦੇ ਭੁਗਤਾਨ ਦੀ ਮਿਆਦ ਲਈ ਨਵੀਂ ਬਣਦੀ ਰਕਮ ਨਿਰਧਾਰਤ ਕਰਦੀ ਹੈ। ਇਸ ਫੈਡਰਲ ਸਹਾਇਤਾ ਤਹਿਤ ਇੱਕ ਸਿੰਗਲ ਵਿਅਕਤੀ 679 ਡਾਲਰ ਤੱਕ ਪ੍ਰਾਪਤ ਕਰ ਸਕਦਾ ਹੈ। ਜੇਕਰ ਤੁਸੀਂ ਸ਼ਾਦੀਸ਼ੁਦਾ ਹੋ ਜਾਂ ਤੁਹਾਡਾ ਕਾਮਨ ਲਾਅ ਪਾਰਟਨਰ ਹੈ ਤਾਂ ਤੁਸੀਂ 890 ਡਾਲਰ ਤੱਕ ਹਾਸਲ ਕਰ ਸਕਦੇ ਹੋ। ਇਸ ਤੋਂ ਇਲਾਵਾ 19 ਸਾਲ ਤੋਂ ਘੱਟ ਉਮਰ ਦੇ ਹਰੇਕ ਯੋਗ ਬੱਚੇ ਲਈ 234 ਡਾਲਰ ਦੀ ਰਕਮ ਮਿਲ ਸਕਦੀ ਹੈ।
ਸ਼ੁੱਕਰਵਾਰ ਦੀ ਅਦਾਇਗੀ ਦੇ ਨਾਲ ਇਹ ਨਵਾਂ ਲਾਭ ਸਾਬਕਾ ਐਚਐਸਟੀ ਜੀਐਸਟੀ ਕ੍ਰੈਡਿਟ ਨਾਲੋਂ 25 ਫੀਸਦੀ ਵਧੇਰੇ ਹੋਵੇਗਾ। ਫੈਡਰਲ ਸਰਕਾਰ ਦਾ ਇਹ ਵਾਧਾ ਸਾਲ 2031 ਤੱਕ ਲਾਗੂ ਰਹੇਗਾ ਜਿਸ ਨਾਲ ਆਮ ਪਰਿਵਾਰਾਂ ਨੂੰ ਲੰਮੇ ਸਮੇਂ ਤੱਕ ਫਾਇਦਾ ਹੋਵੇਗਾ। ਇਹ ਅਦਾਇਗੀਆਂ ਤਿਮਾਹੀ ਆਧਾਰ ਤੇ ਭਾਵ ਹਰ ਤਿੰਨ ਮਹੀਨੇ ਬਾਅਦ ਕੀਤੀਆਂ ਜਾਣਗੀਆਂ ਅਤੇ ਇਸ ਸਾਲ ਦੀ ਆਖਰੀ ਅਦਾਇਗੀ 5 ਅਕਤੂਬਰ 2026 ਨੂੰ ਕੀਤੀ ਜਾਵੇਗੀ। ਇਸ ਫੈਡਰਲ ਕਦਮ ਨਾਲ ਦੇਸ਼ ਭਰ ਵਿੱਚ ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਕਾਫੀ ਮਦਦ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। This report was written by Divroop Kaur as part of the Local Journalism Initiative.

Popular