Thursday, August 13, 2026

ਮਈ ਮਹੀਨੇ ਵਿੱਚ ਕੈਨੇਡਾ ਦੀ ਬਰਾਮਦ 77.1 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ ’ਤੇ ਪੁੱਜੀ

ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਅਰਥਵਿਵਸਥਾ ਮਈ ਵਿੱਚ ਲਗਾਤਾਰ ਤੀਜੇ ਮਹੀਨੇ ਵਪਾਰਕ ਸਰਪਲੱਸ ਵਿੱਚ ਰਹੀ ਅਤੇ ਨਿਰਯਾਤ ਵਿੱਚ ਲਗਾਤਾਰ ਚੌਥੇ ਮਹੀਨੇ ਵਾਧਾ ਦਰਜ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਇਹ ਅੰਕੜੇ ਸਾਹਮਣੇ ਆਏ ਹਨ। ਇਹ 3 ਮਹੀਨਿਆਂ ਦਾ ਸਮਾਂ ਉਸੇ ਦੌਰਾਨ ਆਇਆ ਹੈ ਜਦੋਂ ਈਰਾਨ ਯੁੱਧ ਨੇ ਗਲੋਬਲ ਸਪਲਾਈ ਚੇਨਾਂ ਨੂੰ ਪ੍ਰਭਾਵਿਤ ਕੀਤਾ, ਜਿਸ ਦਾ ਫਾਇਦਾ ਕੈਨੇਡਾ ਦੀ ਨਿਰਯਾਤ ਅਰਥਵਿਵਸਥਾ ਨੂੰ ਮਿਲਿਆ ਪ੍ਰਤੀਤ ਹੁੰਦਾ ਹੈ।
ਮਈ ਵਿੱਚ ਨਿਰਯਾਤ 0.9 ਫੀਸਦੀ ਵੱਧ ਕੇ 77.1 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਇਹ ਲਗਾਤਾਰ ਚੌਥੇ ਮਹੀਨੇ ਦਾ ਵਾਧਾ ਹੈ। ਨਿਰਯਾਤ ਮੁੱਲਾਂ ਵਿੱਚ ਇਸ ਵਾਧੇ ਦਾ ਇੱਕ ਹਿੱਸਾ ਈਰਾਨ ਯੁੱਧ ਦੌਰਾਨ ਤੇਲ ਵਰਗੇ ਸਰੋਤਾਂ ਦੀਆਂ ਉੱਚੀਆਂ ਕੀਮਤਾਂ ਨੂੰ ਮੰਨਿਆ ਜਾ ਰਿਹਾ ਹੈ। ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਅਰਥਸ਼ਾਸਤਰੀ ਜਸਲੀਨ ਤ੍ਰੇਹਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਪਾਰਕ ਅੰਕੜਿਆਂ ਦੇ ਨਾਲ ਕੈਨੇਡਾ ਦੀ ਨਿਰਯਾਤ ਸਥਿਤੀ ਵਧੇਰੇ ਸੰਤੁਲਿਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਅਗਲੀ ਚੁਣੌਤੀ ਇਹ ਯਕੀਨੀ ਬਣਾਉਣਾ ਹੈ ਕਿ ਇਹ ਰਫਤਾਰ ਮਜ਼ਬੂਤ ਨਿਰਯਾਤ ਵਾਲੀਅਮ ਦੁਆਰਾ ਸੰਚਾਲਿਤ ਹੋਵੇ ਨਾ ਕਿ ਸਿਰਫ ਉੱਚੀਆਂ ਕੀਮਤਾਂ ਦੁਆਰਾ। ਈਰਾਨ ਯੁੱਧ ਨੇ ਹੋਰਮੁਜ਼ ਜਲਡਮਰੂ ਖੇਤਰ ਦੇ ਨੇੜੇ ਕੰਟੇਨਰ ਜਹਾਜ਼ਾਂ ਦੀ ਆਵਾਜਾਈ ਨੂੰ ਲਗਭਗ ਰੋਕ ਦਿੱਤਾ ਸੀ ਕਿਉਂਕਿ ਈਰਾਨ ਨੇ ਬਿਨਾਂ ਇਜਾਜ਼ਤ ਲੰਘਣ ਵਾਲੇ ਕਿਸੇ ਵੀ ਜਹਾਜ਼ ਉੱਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਇਸ ਨਾਲ ਦੁਨੀਆ ਦੀ ਲਗਭਗ ਪੰਜਵੇਂ ਹਿੱਸੇ ਦੀ ਤੇਲ ਸਪਲਾਈ ਖਤਰੇ ਵਿੱਚ ਪੈ ਗਈ ਸੀ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਗੰਧਕ ਉਤਪਾਦਾਂ ਦੇ ਨਾਲ-ਨਾਲ ਹੀਰੇ ਅਤੇ ਹੋਰ ਗੈਰ-ਧਾਤੂ ਖਣਿਜਾਂ ਦੀ ਕੈਨੇਡਾ ਦੀ ਬਰਾਮਦ ਮਈ ਵਿੱਚ 37 ਫੀਸਦੀ ਵਧੀ ਹੈ। ਈਰਾਨ ਯੁੱਧ ਦੇ ਪਹਿਲੇ 3 ਮਹੀਨਿਆਂ ਦੌਰਾਨ ਅੰਤਰਰਾਸ਼ਟਰੀ ਬਾਜ਼ਾਰਾਂ ਤੋਂ ਕੈਨੇਡਾ ਦੇ ਕੱਚੇ ਤੇਲ ਦੀ ਮੰਗ ਵਿੱਚ ਕਾਫ਼ੀ ਵਾਧਾ ਹੋਇਆ ਸੀ। ਫਰਵਰੀ ਤੋਂ ਅਪ੍ਰੈਲ ਤੱਕ 43 ਫੀਸਦੀ ਦੇ ਵਾਧੇ ਤੋਂ ਬਾਅਦ ਮਈ ਵਿੱਚ ਕੱਚੇ ਤੇਲ ਦੀ ਬਰਾਮਦ 5.4 ਫੀਸਦੀ ਡਿੱਗ ਗਈ। This report was written by Divroop Kaur as part of the Local Journalism Initiative.

Popular