ਸਰੀ, (ਦਿਵਰੂਪ ਕੌਰ): ਚਿਰਾਗ ਵੀਰ ਸਿੰਘ ਸਰਾਓ ਨੇ ਅਮਰੀਕੀ ਹਥਿਆਰਬੰਦ ਬਲਾਂ ਵਿੱਚ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਦਾ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਉਹ ਯੂ.ਐਸ. ਏਅਰ ਫੋਰਸ ਅਕੈਡਮੀ (ਯੂ.ਐਸ.ਏ.ਐਫ.ਏ.) ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਕੇਸਧਾਰੀ ਅਮਰੀਕੀ ਸਿੱਖ ਬਣ ਗਏ ਹਨ। ਅਮੈਰੀਕਨ ਸਿੱਖ ਕੌਂਸਲ ਮੁਤਾਬਕ ਸਰਾਓ ਨੂੰ 4 ਅਪ੍ਰੈਲ ਨੂੰ ਕੋਲੋਰੈਡੋ ਸਪ੍ਰਿੰਗਜ਼ ਸਥਿਤ ਯੂ.ਐਸ. ਏਅਰ ਫੋਰਸ ਅਕੈਡਮੀ ਵਿੱਚ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ 20 ਜੂਨ ਨੂੰ ਅਧਿਕਾਰਤ ਤੌਰ ‘ਤੇ ਉਨ੍ਹਾਂ ਨੂੰ ਇੱਕ ਵਿਸ਼ੇਸ਼ ‘ਧਾਰਮਿਕ ਰਿਹਾਇਸ਼’ (ਧਾਰਮਿਕ ਛੋਟ) ਪ੍ਰਦਾਨ ਕੀਤੀ ਗਈ, ਜੋ ਉਨ੍ਹਾਂ ਨੂੰ ਆਪਣੀ ਸਿੱਖ ਪਛਾਣ ਅਤੇ ਧਾਰਮਿਕ ਚਿੰਨ੍ਹਾਂ ਜਿਵੇਂ ਅਣਕੱਟੇ ਕੇਸ ਅਤੇ ਦਾੜ੍ਹੀ ਦੇ ਨਾਲ ਸੇਵਾ ਨਿਭਾਉਣ ਦੀ ਇਜਾਜ਼ਤ ਦਿੰਦੀ ਹੈ।
ਉਹ 24 ਜੂਨ ਨੂੰ ਇਨ-ਪ੍ਰੋਸੈਸਿੰਗ ਡੇਅ ਦੌਰਾਨ ਅਕੈਡਮੀ ਵਿੱਚ ਸ਼ਾਮਲ ਹੋਏ ਸਨ ਅਤੇ ਮੌਜੂਦਾ ਸਮੇਂ ਉਹ ਅਕੈਡਮੀ ਦੇ 6 ਹਫ਼ਤਿਆਂ ਦੇ ਸਖ਼ਤ ਬੂਟ ਕੈਂਪ ਵਿੱਚੋਂ ਲੰਘ ਰਹੇ ਹਨ। ਅਕੈਡਮੀ ਵਿੱਚ ਦਾਖ਼ਲੇ ਤੋਂ ਪਹਿਲਾਂ ਚਿਰਾਗ ਵੀਰ ਸਿੰਘ ਨੇ ਏਅਰ ਫੋਰਸ ਆਰ.ਓ.ਟੀ.ਸੀ. ਅਤੇ ਨੇਵਲ ਆਰ.ਓ.ਟੀ.ਸੀ. ਦੋਵਾਂ ਤੋਂ ਪੂਰੀ ਸਕਾਲਰਸ਼ਿਪ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਯੂਨੀਵਰਸਿਟੀ ਆਫ ਸਾਊਥਰਨ ਕੈਲੀਫੋਰਨੀਆ ਅਤੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿੱਚ ਵੀ ਦਾਖ਼ਲਾ ਮਿਲਿਆ ਸੀ। ਉਹ ਇੱਕ ਈਗਲ ਸਕਾਊਟ ਹਨ, ਤਾਈਕਵਾਂਡੋ ਵਿੱਚ ਸੈਕਿੰਡ ਡਿਗਰੀ ਬਲੈਕ ਬੈਲਟ ਧਾਰਕ ਹਨ ਅਤੇ ਸਕੂਲ ਦੀ ਵਾਟਰ ਪੋਲੋ ਟੀਮ ਦੇ ਸਰਗਰਮ ਖਿਡਾਰੀ ਵੀ ਰਹੇ ਹਨ। ਕੋਲੋਰੈਡੋ ਸਪ੍ਰਿੰਗਜ਼ ਸਥਿਤ ਇਹ ਸੰਸਥਾ ਅਮਰੀਕਾ ਦੀਆਂ 5 ਸੰਘੀ ਸੇਵਾ ਅਕੈਡਮੀਆਂ ਵਿੱਚੋਂ ਇੱਕ ਹੈ, ਜਿੱਥੋਂ ਗ੍ਰੈਜੂਏਟ ਹੋਣ ਵਾਲੇ ਕੈਡਿਟਾਂ ਨੂੰ ਯੂ.ਐਸ. ਏਅਰ ਫੋਰਸ ਜਾਂ ਯੂ.ਐਸ. ਸਪੇਸ ਫੋਰਸ ਵਿੱਚ ਸੈਕਿੰਡ ਲੈਫਟੀਨੈਂਟ ਵਜੋਂ ਕਮਿਸ਼ਨ ਦਿੱਤਾ ਜਾਂਦਾ ਹੈ। This report was written by Divroop Kaur as part of the Local Journalism Initiative.

