Friday, October 9, 2026

ਬੀ.ਸੀ. ਦੇ 1,200 ਨਵੀਆਂ ਚਾਈਲਡ ਕੇਅਰ ਸੀਟਾਂ ਦੇ ਪ੍ਰਬੰਧ ਲਈ ਸਰਕਾਰ ਵੱਲੋਂ ਫੰਡ ਜਾਰੀ

ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਦੀ ਸੰਭਾਲ ਲਈ ਸਕੂਲਾਂ ਵਿੱਚ ਹੀ ਬਣਨਗੇ ਨਵੇਂ ਸੈਂਟਰ
ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ 22 ਸਕੂਲ ਜ਼ਿਲ੍ਹਿਆਂ ਵਿੱਚ ਕੰਮਕਾਜੀ ਮਾਪਿਆਂ ਦੀ ਸਹੂਲਤ ਲਈ ਸਕੂਲਾਂ ਦੀ ਮੌਜੂਦਾ ਖਾਲੀ ਥਾਂ ਦੀ ਵਰਤੋਂ ਕਰਕੇ ਲਗਭਗ 1,200 ਨਵੀਆਂ ਲਾਇਸੰਸਸ਼ੁਦਾ ‘ਬਿਫੋਰ ਐਂਡ ਆਫਟਰ ਸਕੂਲ’ ਚਾਈਲਡ ਕੇਅਰ ਸੀਟਾਂ ਤਿਆਰ ਕੀਤੀਆਂ ਜਾਣਗੀਆਂ। ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਲੀਜ਼ਾ ਬੇਅਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸਕੂਲ ਖੁੱਲ੍ਹਣ ਤੋਂ ਪਹਿਲਾਂ ਅਤੇ ਛੁੱਟੀ ਹੋਣ ਤੋਂ ਬਾਅਦ ਦਾ ਸਮਾਂ ਮਾਪਿਆਂ ਲਈ ਬੇਹੱਦ ਭੱਜ-ਦੌੜ ਵਾਲਾ ਹੁੰਦਾ ਹੈ, ਇਸ ਲਈ ਸਕੂਲ ਕੰਪਲੈਕਸਾਂ ਦੇ ਅੰਦਰ ਹੀ ਚਾਈਲਡ ਕੇਅਰ ਸਹੂਲਤਾਂ ਦੇਣਾ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ।
ਇਸ ਨਵੇਂ ਪ੍ਰੋਜੈਕਟ ਲਈ ਬੁਨਿਆਦੀ ਢਾਂਚਾ ਮੰਤਰਾਲੇ ਵੱਲੋਂ $5 ਮਿਲੀਅਨ ਦਾ ਪੂੰਜੀਗਤ ਫੰਡ ਜਾਰੀ ਕੀਤਾ ਗਿਆ ਹੈ, ਜਿਸ ਦੀ ਮਦਦ ਨਾਲ ਸਕੂਲ ਇਮਾਰਤਾਂ ਦੇ ਨਵੀਨੀਕਰਨ ਰਾਹੀਂ ਨਵੀਆਂ ਸੀਟਾਂ ਬਣਾਈਆਂ ਜਾਣਗੀਆਂ ਜੋ ਅਗਲੇ ਸਾਲ ਤੱਕ ਸ਼ੁਰੂ ਹੋ ਜਾਣਗੀਆਂ। ਇਸ ਤੋਂ ਇਲਾਵਾ ਪ੍ਰੋਗਰਾਮਾਂ ਦੇ ਸੁਚਾਰੂ ਸੰਚਾਲਨ ਲਈ ਸਿੱਖਿਆ ਮੰਤਰਾਲੇ ਵੱਲੋਂ ਅਗਲੇ ਤਿੰਨ ਸਾਲਾਂ ਦੌਰਾਨ $20 ਮਿਲੀਅਨ ਦੇ ਆਪਰੇਟਿੰਗ ਖ਼ਰਚੇ ਦਿੱਤੇ ਜਾਣਗੇ। ਨਾਲ ਹੀ ਨਵੇਂ ਸੈਂਟਰਾਂ ਵਿੱਚ ਖਿਡੌਣੇ, ਛੋਟੇ ਉਪਕਰਣ ਖਰੀਦਣ ਅਤੇ ਸਟਾਫ਼ ਦੀ ਸਿਖਲਾਈ ਲਈ $2 ਮਿਲੀਅਨ ਦੇ ਸ਼ੁਰੂਆਤੀ ਫੰਡ ਮੁਹੱਈਆ ਕਰਵਾਏ ਗਏ ਹਨ।
ਸਕੂਲ ਬੋਰਡਾਂ ਵੱਲੋਂ ਚਲਾਏ ਜਾਣ ਵਾਲੇ ਨਵੇਂ ਪ੍ਰੋਗਰਾਮਾਂ ਲਈ ਸੂਬਾ ਸਰਕਾਰ ਨੇ $2.9 ਮਿਲੀਅਨ ਦਾ ਇੱਕ ਹੋਰ ਨਿਵੇਸ਼ ਰੱਖਿਆ ਹੈ, ਜਿਸ ਲਈ ਅਰਜ਼ੀਆਂ ਇਸੇ ਪਤਝੜ ਵਿੱਚ ਖੁੱਲ੍ਹਣਗੀਆਂ। ਸਰਕਾਰ ਦੇ ‘ਚਾਈਲਡ ਕੇਅਰ ਫੀਸ ਰਿਡਕਸ਼ਨ ਇਨੀਸ਼ੀਏਟਿਵ’ ਤਹਿਤ ਇਨ੍ਹਾਂ ਸੈਂਟਰਾਂ ਵਿੱਚ ਦਾਖ਼ਲਾ ਲੈਣ ਵਾਲੇ ਪਰਿਵਾਰਾਂ ਨੂੰ ਪ੍ਰਤੀ ਬੱਚਾ ਪ੍ਰਤੀ ਮਹੀਨਾ $320 ਤੱਕ ਦੀ ਫੀਸ ਛੋਟ ਮਿਲੇਗੀ, ਜਦਕਿ ਘੱਟ ਆਮਦਨ ਵਾਲੇ ਪਰਿਵਾਰ ਹੋਰ ਵਿੱਤੀ ਸਹਾਇਤਾ ਵੀ ਲੈ ਸਕਦੇ ਹਨ। ਸਾਲ 2018 ਤੋਂ ਸ਼ੁਰੂ ਕੀਤੀ ਗਈ ਚਾਈਲਡ ਕੇਅਰ ਯੋਜਨਾ ਤਹਿਤ ਹੁਣ ਤੱਕ ਸਕੂਲ ਕੰਪਲੈਕਸਾਂ ਵਿੱਚ ਲਗਭਗ 52,000 ਚਾਈਲਡ ਕੇਅਰ ਸੀਟਾਂ ਉਪਲਬਧ ਹੋ ਚੁੱਕੀਆਂ ਹਨ। ਨਵੇਂ ਪ੍ਰੋਜੈਕਟ ਤਹਿਤ ਐਬਟਸਫੋਰਡ, ਬਰਨਬੀ, ਸਰੀ, ਵੈਨਕੂਵਰ, ਨਾਨਾਈਮੋ, ਕੋਕੁਇਟਲਮ ਅਤੇ ਰਿਚਮੰਡ ਸਮੇਤ ਕਈ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਨਵੀਆਂ ਸੀਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। This report was written by Divroop Kaur as part of the Local Journalism Initiative.

Popular