Friday, October 9, 2026

ਨੌਰਥ ਸ਼ੋਰ ਟ੍ਰੀਟਮੈਂਟ ਪਲਾਂਟ ਦੀ ਲਾਗਤ $3.86 ਤੋਂ $5.5 ਬਿਲੀਅਨ ਪੁੱਜੀ

ਮੇਅਰ ਬਰੈਂਡਾ ਲੌਕ ਵੱਲੋਂ ਬੋਰਡ ਮੈਂਬਰਾਂ ਦੇ ਭੱਤੇ ਬੰਦ ਕਰਨ ਅਤੇ ਮੈਂਬਰਾਂ ਦੀ ਗਿਣਤੀ 41 ਤੋਂ ਘਟਾ ਕੇ 16 ਕਰਨ ਦੀ ਮੰਗ
ਸਰੀ, (ਦਿਵਰੂਪ ਕੌਰ): ਸਰੀ ਦੀ ਮੇਅਰ ਬਰੈਂਡਾ ਲੌਕ ਨੇ ਮੈਟਰੋ ਵੈਨਕੂਵਰ ਦੇ ਪ੍ਰਬੰਧਕੀ ਢਾਂਚੇ ਅਤੇ ਲਗਾਤਾਰ ਵਧ ਰਹੇ ਵਿੱਤੀ ਖ਼ਰਚਿਆਂ ‘ਤੇ ਤਿੱਖਾ ਹਮਲਾ ਬੋਲਦਿਆਂ ‘ਫਰੇਮਵਰਕ ਫਾਰ ਰਿਅਲ ਰਿਫਾਰਮ’ ਨਾਮੀ ਸੁਧਾਰ ਯੋਜਨਾ ਪੇਸ਼ ਕੀਤੀ ਹੈ। ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੇਅਰ ਨੇ ਕਿਹਾ ਕਿ ਖੇਤਰ ਦੀ ਸਿਰਫ਼ 10 ਪ੍ਰਤੀਸ਼ਤ ਤੋਂ ਘੱਟ ਆਬਾਦੀ ਨੂੰ ਸੇਵਾਵਾਂ ਦੇਣ ਵਾਲੇ ਨੌਰਥ ਸ਼ੋਰ ਵੇਸਟਵਾਟਰ ਟ੍ਰੀਟਮੈਂਟ ਪਲਾਂਟ ਦੀ ਲਾਗਤ $5.5 ਬਿਲੀਅਨ ਤੱਕ ਪਹੁੰਚ ਚੁੱਕੀ ਹੈ, ਜੋ ਕਿ ਟੈਕਸਦਾਤਾਵਾਂ ਨਾਲ ਸਰਾਸਰ ਧੋਖਾ ਹੈ।
ਇਸ ਤੋਂ ਪਹਿਲਾਂ ਕੌਂਸਲਰ ਪਰਦੀਪ ਕੂਨਰ ਨੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ 2013 ਵਿੱਚ ਇਸ ਪ੍ਰੋਜੈਕਟ ਦੀ ਲਾਗਤ ਸਿਰਫ਼ $700 ਮਿਲੀਅਨ ਅਨੁਮਾਨੀ ਗਈ ਸੀ, ਜੋ 2024 ਵਿੱਚ ਵਧ ਕੇ $3.86 ਬਿਲੀਅਨ ਅਤੇ ਹੁਣ ਅਸਲ ਵਿੱਚ $5.5 ਬਿਲੀਅਨ ਬਣ ਚੁੱਕੀ ਹੈ। ਕੂਨਰ ਨੇ ਸਪੱਸ਼ਟ ਕੀਤਾ ਕਿ ਇਹ ਅੰਕੜਾ ਮੈਟਰੋ ਵੈਨਕੂਵਰ ਦੇ ਹਰੇਕ ਪਰਿਵਾਰ ਵੱਲੋਂ ਦਿੱਤੇ ਜਾ ਰਹੇ ਸਾਲਾਨਾ ਖ਼ਰਚਿਆਂ ਨੂੰ ਜੋੜ ਕੇ ਕੱਢਿਆ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਆਇਓਨਾ ਟ੍ਰੀਟਮੈਂਟ ਪਲਾਂਟ ਦੀ ਲਾਗਤ $15 ਤੋਂ $18 ਬਿਲੀਅਨ ਤੱਕ ਪਹੁੰਚ ਸਕਦੀ ਹੈ। ਮੇਅਰ ਲੌਕ ਵੱਲੋਂ ਪੇਸ਼ ਕੀਤੇ ਸੁਧਾਰ ਫਰੇਮਵਰਕ ਦੇ ਮੁੱਖ ਤੌਰ ‘ਤੇ ਤਿੰਨ ਹਿੱਸੇ ਹਨ। ਪਹਿਲਾ, ਮੈਟਰੋ ਵੈਨਕੂਵਰ ਨੂੰ ਸਿਰਫ਼ ਪਾਣੀ ਅਤੇ ਸੀਵਰੇਜ ਸੇਵਾਵਾਂ ਵਰਗੇ ਮੁੱਖ ਕੰਮਾਂ ਤੱਕ ਹੀ ਸੀਮਤ ਰੱਖਿਆ ਜਾਵੇ ਅਤੇ ਇਨਵੈਸਟ ਵੈਨਕੂਵਰ ਵਰਗੀਆਂ ਦੋਹਰੀਆਂ ਏਜੰਸੀਆਂ ਬੰਦ ਕੀਤੀਆਂ ਜਾਣ। ਇਸ ਤੋਂ ਇਲਾਵਾ ਸੋਸ਼ਲ ਹਾਊਸਿੰਗ ਨੂੰ ਬੀ.ਸੀ. ਹਾਊਸਿੰਗ ਅਤੇ ਪਾਰਕਾਂ ਨੂੰ ਸਬੰਧਤ ਸ਼ਹਿਰਾਂ ਦੇ ਹਵਾਲੇ ਕੀਤਾ ਜਾਵੇ।
ਦੂਜਾ ਸੁਧਾਰ ਬੋਰਡ ਦੇ ਪੁਨਰਗਠਨ ਨਾਲ ਸਬੰਧਤ ਹੈ। ਪ੍ਰਸਤਾਵ ਅਨੁਸਾਰ ਮੈਟਰੋ ਵੈਨਕੂਵਰ ਬੋਰਡ ਦੇ ਮੈਂਬਰਾਂ ਦੀ ਗਿਣਤੀ 41 ਤੋਂ ਘਟਾ ਕੇ 16 ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੋਰਡ ਡਾਇਰੈਕਟਰਾਂ ਨੂੰ ਮਿਲਣ ਵਾਲੇ ਮੋਟੇ ਭੱਤੇ ਬੰਦ ਕਰਨ ਅਤੇ ਸਰਕਾਰੀ ਖ਼ਰਚੇ ‘ਤੇ ਵਿਦੇਸ਼ੀ ਦੌਰਿਆਂ ‘ਤੇ ਮੁਕੰਮਲ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਮੇਅਰ ਨੇ ਕਿਹਾ ਕਿ ਸਾਬਕਾ ਮੇਅਰ ਵੱਲੋਂ ਮੈਟਰੋ ਵੈਨਕੂਵਰ ਛੱਡਣ ਦੀ ਗੱਲ ਕਹਿਣਾ ਗ਼ਲਤ ਹੈ, ਸਗੋਂ ਸਿਸਟਮ ਵਿੱਚ ਸੁਧਾਰ ਲਿਆਉਣਾ ਹੀ ਇੱਕੋ-ਇੱਕ ਹੱਲ ਹੈ। This report was written by Divroop Kaur as part of the Local Journalism Initiative.

Popular