Sunday, April 28, 2024

ਅਲਬਰਟਾ ਦੇ ਐਡਮੰਟਨ ਵਿਚ 30,000 ਤੋਂ ਵੱਧ ਨਵੇਂ ਪਰਵਾਸੀ ਆਉਣ ਦੀ ਸੰਭਾਵਨਾ

ਔਟਵਾ : ਕਾਨਫਰੰਸ ਬੋਰਡ ਆਫ਼ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਐਡਮੰਟਨ ਵਿਚ ਇਸ ਸਾਲ 30,000 ਤੋਂ ਵੱਧ ਨਵੇਂ ਪਰਵਾਸੀਆਂ ਦੇ ਸੈਟਲ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਪਿਛਲੇ ਸਾਲ ਐਡਮੰਟਨ ਵਿਚ ਨੈੱਟ ਅੰਤਰਰਾਸ਼ਟਰੀ ਪਰਵਾਸ ਦੌਰਾਨ 33,000 ਤੋਂ ਵੱਧ ਪਰਵਾਸੀ ਪਹੁੰਚੇ ਸਨ ਜੋਕਿ 20 ਸਾਲ ਦੀ ਔਸਤ ਨਾਲੋਂ ਤਕਰੀਬਨ ਤਿੰਨ ਗੁਣਾ ਗਿਣਤੀ ਹੈ।
ਕਾਨਫਰੰਸ ਬੋਰਡ ਵਿਚ ਆਰਥਿਕ ਅਨੁਮਾਨਾਂ ਦੇ ਨਿਰਦੇਸ਼ਕ, ਟੈਡ ਮੈਲਟ ਕਹਿੰਦੇ ਹਨ ਕਿ ਇਸ ਰੁਝਾਨ ਦੇ ਕਈ ਕਾਰਨ ਹਨ।
ਇੱਕ ਕਾਰਨ ਫ਼ੈਡਰਲ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੂੰ ਤੇਜ਼ ਕਰਨਾ ਹੈ।
ਟੈਡ ਅਨੁਸਾਰ ਕੈਲਗਰੀ ਅਤੇ ਐਡਮੰਟਨ ਵਿਚ ਟੋਰੌਂਟੋ ਅਤੇ ਵੈਨਕੂਵਰ ਦੇ ਮੁਕਾਬਲੇ ਵਧੇਰੇ ਵੇਜਾਂ ਤੇ ਹਾਊਸਿੰਗ ਦੀ ਮੁਕਾਬਲਾਤਨ ਘੱਟ ਲਾਗਤ ਦੋ ਹੋਰ ਅਹਿਮ ਕਾਰਨ ਹਨ।
ਉਨ੍ਹਾਂ ਕਿਹਾ ਕਿ ਐਡਮੰਟਨ ਵਿਚ ਘਰਾਂ ਦਾ ਨਿਰੰਤਰ ਨਿਰਮਾਣ ਹੋ ਰਿਹਾ ਹੈ ਅਤੇ ਤੇਲ ਤੇ ਗੈਸ ਸੈਕਟਰ, ਲੋਕਲ ਨਿਰਮਾਣ ਖੇਤਰ ਅਤੇ ਸਰਵਿਸ ਸੈਕਟਰ ਕਰਕੇ ਸੂਬੇ ਦੀ ਆਰਥਿਕਤਾ ਮਜ਼ਬੂਤ ਸਥਿਤੀ ਵਿਚ ਹੈ।
ਟੈਡ ਦਾ ਕਹਿਣਾ ਹੈ ਕਿ ਐਡਮੰਟਨ ਇੱਕ ਤਰ੍ਹਾਂ ਨਾਲ ਆਦਰਸ਼ ਸ਼ਹਿਰ ਹੈ; ਜਿੱਥੇ ਮਜ਼ਬੂਤ ਆਰਥਿਕਤਾ ਕਰਕੇ ਚੰਗੀਆਂ ਤਨਖ਼ਾਹਾਂ ਵੀ ਹਨ ਅਤੇ ਹਾਊਸਿੰਗ ਦੀ ਸਥਿਤੀ ਵੀ ਚੰਗੀ ਹੈ।
ਕਾਨਫਰੰਸ ਬੋਰਡ ਦਾ ਅਨੁਮਾਨ ਹੈ ਕਿ ਅਗਲੇ ਦੋ ਸਾਲਾਂ ਵਿੱਚ ਐਡਮੰਟਨ ਵਿੱਚ ਸ਼ੁੱਧ ਅੰਤਰਰਾਸ਼ਟਰੀ ਪਰਵਾਸ ਘਟੇਗਾ ਪਰ ਫਿਰ ਵੀ ਇਹ 20 ਸਾਲ ਦੀ ਔਸਤ ਤੋਂ ਉੱਪਰ ਰਹੇਗਾ। 2024 ਵਿੱਚ ਲਗਭਗ 21,800 ਲੋਕਾਂ ਅਤੇ 2025 ਵਿੱਚ 18,400 ਲੋਕਾਂ ਦੇ ਐਡਮੰਟਨ ਸੈਟਲ ਹੋਣ ਦਾ ਅਨੁਮਾਨ ਹੈ।
ਟੈਡ ਅਨੁਸਾਰ ਇਸ ਨਾਲ ਆਰਥਿਕਤਾ ਵਿੱਚ ਵਧੇਰੇ ਮੰਗ ਅਤੇ ਵਧੇਰੇ ਆਮਦਨ ਪੈਦਾ ਹੋਣ ਦੀ ਸੰਭਾਵਨਾ ਹੈ।
ਪਰ ਤੇਜ਼ੀ ਨਾਲ ਹੁੰਦੇ ਆਬਾਦੀ ਵਾਧੇ ਦੀਆਂ ਚੁਣੌਤੀਆਂ ਵੀ ਹਨ।
ਉਨ੍ਹਾਂ ਵਿੱਚੋਂ ਇੱਕ ਚੁਣੌਤੀ ਇਹ ਯਕੀਨੀ ਬਣਾਉਣਾ ਹੈ ਕਿ ਆਬਾਦੀ ਦੇ ਵਾਧੇ ਦੇ ਨਾਲ ਨਵੀਂ ਰੀਅਲ ਅਸਟੇਟ ਉਸਾਰੀ ਦੀ ਰਫਤਾਰ ਵੀ ਬਣੀ ਰਹੇ ਤਾਂ ਜੋ ਨਵੇਂ ਆਉਣ ਵਾਲਿਆਂ ਨੂੰ ਘਰਾਂ ਜਾਂ ਅਪਾਰਟਮੈਂਟਾਂ ਦੀ ਮਾਰੋ ਮਾਰ ਨਾ ਹੋਵੇ।
ਸ਼ਹਿਰ ਦੇ ਯੋਜਨਾਕਾਰਾਂ ਨੂੰ ਉਸ ਕਿਸਮ ਦੀ ਆਮਦ ਦਾ ਪ੍ਰਬੰਧਨ ਕਰਨ ਦੇ ਯੋਗ ਹੋਣ ਲਈ ਆਪਣੇ ਪੱਬਾਂ ਭਾਰ ਹੋਣਾ ਪਵੇਗਾ ਜਿਸਦੀ ਅਸੀਂ ਅਗਲੇ ਕੁਝ ਸਾਲਾਂ ਵਿੱਚ ਦੇਖਣ ਦੀ ਉਮੀਦ ਕਰ ਰਹੇ ਹਾਂ।
ਵਾਰਡ ਪਾਪਾਸਟੂ ਦੇ ਕੌਂਸਲਰ ਮਾਈਕਲ ਜੈਨਜ਼ ਨੇ ਕਿਹਾ, ਸਾਨੂੰ ਆਪਣੀ ਆਵਾਜਾਈ ਪ੍ਰਣਾਲੀ ਦੇ ਇਰਦ-ਗਿਰਦ ਸਾਡੀ ਪਲਾਨਿੰਗ ਨੂੰ ਤੇਜ਼ ਕਰਨ ਦੀ ਜ਼ਰੂਰਤ ਹੋਵੇਗੀ।
ਜੈਨਜ਼ ਨੇ ਕਿਹਾ ਕਿ ਸ਼ਹਿਰ ਦੀ ਆਬਾਦੀ ਦੇ 1.25 ਮਿਲੀਅਨ ਤੱਕ ਪਹੁੰਚਣ ਦੇ ਮੱਦੇਨਜ਼ਰ ਸਿਟੀ ਕੋਲ ਤੇਜ਼ ਬੱਸ ਆਵਾਜਾਈ ਅਤੇ ਹੋਰ ਜਨਤਕ ਆਵਾਜਾਈ ਦੇ ਵਿਕਲਪਾਂ ਦੀ ਯੋਜਨਾ ਹੈ।
ਪਰ ਉਨ੍ਹਾਂ ਕਿਹਾ ਕਿ ਅਜਿਹਾ ਉਮੀਦ ਨਾਲੋਂ ਪਹਿਲਾਂ ਹੋ ਸਕਦਾ ਹੈ। ਜੈਨਜ਼ ਅਨੁਸਾਰ ਸ਼ਹਿਰ ਦੀ ਆਬਾਦੀ ਪੰਜ ਤੋਂ ਛੇ ਸਾਲਾਂ ਵਿਚ ਸਵਾ ਮਿਲੀਅਨ ਤੱਕ ਪਹੁੰਚ ਸਕਦੀ ਹੈ।
ਜੈਨਜ਼ ਨੇ ਕਿਹਾ ਕਿ ਐਡਮੰਟਨ ਨੂੰ ਇੱਕ ਅਜਿਹਾ ਸ਼ਹਿਰ ਬਣਨ ਲਈ ਕੰਮ ਕਰਨਾ ਚਾਹੀਦਾ ਹੈ ਜਿੱਥੇ ਆਵਾਜਾਈ ਲਈ ਨਿੱਜੀ ਵਾਹਨ ਜ਼ਰੂਰੀ ਨਾ ਹੋਵੇ।
ਅਸੀਂ ਲੋਕਾਂ ਨੂੰ ਕੰਮ ਦੇ ਸਥਾਨਾਂ ਨਾਲ ਜੋੜਨ ਦੇ ਯੋਗ ਹੋਣਾ ਚਾਹੁੰਦੇ ਹਾਂ, ਅਤੇ ਅਸੀਂ ਉਹਨਾਂ ਖੇਤਰਾਂ ਦੀ ਉਸਾਰੀ ਅਤੇ ਬਿਹਤਰੀ ਜਾਰੀ ਰੱਖਣਾ ਚਾਹੁੰਦੇ ਹਾਂ ਜਿੱਥੇ ਸਾਡੇ ਕੋਲ ਪਹਿਲਾਂ ਹੀ ਬੁਨਿਆਦੀ ਢਾਂਚਾ ਮੌਜੂਦ ਹੈ।
ਜੈਨਜ਼ ਇਹ ਵੀ ਚਾਹੁੰਦੇ ਹਨ ਕਿ ਸੂਬਾ ਅਜਿਹੀਆਂ ਸਹੂਲਤਾਂ ਦੇ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਵੇ ਜੋ ਸ਼ਹਿਰਾਂ ਨੂੰ ਵੱਡੀ ਗਿਣਤੀ ਵਿੱਚ ਨਵੇਂ ਪਰਵਾਸੀਆਂ ਨੂੰ ਜਜ਼ਬ ਕਰਨ ਵਿੱਚ ਮਦਦ ਕਰਨ।
ਐਡਮੰਟਨ ਵਿੱਚ ਅੰਤਰਰਾਸ਼ਟਰੀ ਪਰਵਾਸ ਤੋਂ ਇਲਾਵਾ, ਕਾਨਫ਼੍ਰੰਸ ਬੋਰਡ ਨੇ ਸ਼ਹਿਰ ਵਿੱਚ ਅੰਤਰ-ਸੂਬਾਈ ਪਰਵਾਸ ਦੇ ਵਾਧੇ ਨੂੰ ਵੀ ਨੋਟ ਕੀਤਾ ਹੈ।
2022 ਵਿੱਚ, ਐਡਮੰਟਨ ਛੱਡ ਕੇ ਦੂਜੇ ਸੂਬਿਆਂ ਵਿਚ ਜਾਣ ਵਾਲੇ ਲੋਕਾਂ ਦਾ ਸਿਲਸਿਲਾ ਖ਼ਤਮ ਹੋਇਆ ਅਤੇ ਸ਼ਹਿਰ ਤੋਂ ਜਾਣ ਅਤੇ ਸ਼ਹਿਰ ਵਿਚ ਆਉਣ ਵਾਲੇ ਲੋਕਾਂ ਦੇ ਅਨੁਪਾਤ ਵਿਚ 8,900 ਲੋਕ ਐਡਮੰਟਨ ਪਹੁੰਚੇ ਦਰਜ ਹੋਏ।