Sunday, April 28, 2024

ਓਨਟਾਰੀਓ-ਨਿਊਯਾਰਕ ਨੂੰ ਜੋੜਨ ਵਾਲੇ ਰੇਨਬੋਅ ਪੁਲ ‘ਤੇ ਹੋਇਆ ਧਮਾਕਾ

ਧਮਾਕੇ ਤੋਂ ਬਾਅਦ ਨਿਆਗਰਾ ਸਰਹੱਦ ਕੀਤੀ ਗਈ ਬੰਦ

ਸਰੀ : ਰੇਨਬੋਅ ਬ੍ਰਿਜ ਦੇ ਅਮਰੀਕਾ ਵਾਲੇ ਪਾਸੇ ਇੱਕ ਗੱਡੀ ਵਿਚ ਧਮਾਕਾ ਹੋਣ ਤੋਂ ਬਾਅਦ ਕੈਨੇਡਾ- ਅਮਰੀਕਾ ਨੂੰ ਜੋੜਨ ਵਾਲੇ ਪੀਸ, ਰੇਨਬੋਅ ਅਤੇ ਕੁਈਨਸਟਨ/ਲੁਈਸਟਨ ਪੁੱਲ ਬੰਦ ਕਰ ਦਿੱਤੇ ਗਏ ਹਨ ।
ਜਾਣਕਾਰੀ ਅਨੁਸਾਰ ਪੀਸ ਬ੍ਰਿਜ ਦੇ ਜਨਰਲ ਮੈਨੇਜਰ, ਰੌਨ ਰੀਨਸ ਨੇ ਦੱਸਿਆ ਕਿ ਪੁਲ ਬੁੱਧਵਾਰ ਨੂੰ ਬੰਦ ਕਰ ਦਿੱਤੇ ਗਏ।
ਐਫ਼ਬੀਆਈ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ‘ਤੇ ਇੱਕ ਪੋਸਟ ਵਿਚ ਲਿਖਿਆ ਕਿ ਕੈਨੇਡਾ ਅਤੇ ਅਮਰੀਕਾ ਦਰਮਿਆਨ ਨਿਆਗਰਾ ਫ਼ੌਲਜ਼ ਵਿੱਖੇ ਸਥਿਤ ਬਾਰਡਰ ਕ੍ਰਾਸਿੰਗ ਦੇ ਰੇਨਬੋਅ ਬ੍ਰਿਜ ‘ਤੇ ਇੱਕ ਵਾਹਨ ਵਿਚ ਹੋਏ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਐਫ਼ਬੀਆਈ ਸਥਾਨਕ ਪੁਲਿਸ ਏਜੰਸੀਆਂ ਨਾਲ ਵੀ ਤਾਲਮੇਲ ਕਰ ਰਹੀ ਹੈ।
ਐਫ਼ਬੀਆਈ ਨੇ ਲਿਖਿਆ ਕਿ ਸਥਿਤੀ ਇਸ ਸਮੇਂ ਪਰਿਵਰਤਨਸ਼ੀਲ ਹੈ ਅਤੇ ਉਹ ਇਸ ਸਮੇਂ ਇਸ ਬਾਰੇ ਹੋਰ ਕੁਝ ਨਹੀਂ ਕਹਿ ਸਕਦੇ।
ਨਿਊਯਾਰਕ ਦੀ ਗਵਰਨਰ ਕੈਥੀ ਹੋਸ਼ਲ ਨੇ ਐਕਸ ‘ਤੇ ਲਿਖਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਓਪੀਪੀ ਦੇ ਸਾਰਜੈਂਟ ਕੈਰੀ ਸ਼ਮਿਡ ਨੇ ਕਿਹਾ, ਇਸ ਸਮੇਂ ਨਾਇਗਰਾ ਖੇਤਰ ਵਿੱਚ ਅਮਰੀਕੀ ਸਰਹੱਦਾਂ ‘ਤੇ ਵੱਡੀ ਘਟਨਾ ਵਾਪਰੀ ਹੈ। ਇਸ ਸਮੇਂ ਸਾਡੇ ਕੋਲ ਨਾਇਗਰਾ ਫੌਲਜ਼ ਵਿੱਚ ਦੋਨਾਂ ਦਿਸ਼ਾਵਾਂ ਵਿੱਚ ਰੇਨਬੋਅ ਬ੍ਰਿਜ ਬੰਦ ਹੈ। ਨਾਇਗਰਾ ਰੀਜਨਲ ਪੁਲਿਸ ਅਤੇ ਨਾਇਗਰਾ ਪਾਰਕਸ ਪੁਲਿਸ ਦੇ ਨਾਲ-ਨਾਲ ਕੈਨੇਡਾ ਬਾਰਡਰ ਸਰਵਿਸੇਜ਼ ਵੀ ਇਸ ਖੇਤਰ ਵਿੱਚ ਵਾਪਰੀ ਘਟਨਾ ‘ਤੇ ਕੰਮ ਕਰ ਰਹੀਆਂ ਹਨ।
ਜਸਟਿਨ ਟਰੂਡੋ ਦੀ ਪ੍ਰੈਸ ਸਕੱਤਰ, ਜੇਨਾ ਗਸਾਬੇਹ ਨੇ ਇੱਕ ਈਮੇਲ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ ਦੁਆਰਾ ਨਾਇਗਰਾ ਫੌਲਜ਼ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਈਮੇਲ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਜਨਤਕ ਸੁਰੱਖਿਆ ਮੰਤਰੀ, ਆਰਸੀਐਮਪੀ ਅਤੇ ਸੀਬੀਐਸਏ ਪੂਰੀ ਤਰ੍ਹਾਂ ਨਾਲ ਸੰਪਰਕ ਵਿਚ ਹਨ ਅਤੇ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਹਨ।
ਬੁੱਧਵਾਰ ਦੁਪਹਿਰ ਨੂੰ ਹਾਊਸ ਔਫ਼ ਕੌਮਨਜ਼ ਵਿੱਚ ਬੋਲਦਿਆਂ ਟ੍ਰੂਡੋ ਨੇ ਕਿਹਾ, ਇਹ ਬਹੁਤ ਗੰਭੀਰ ਸਥਿਤੀ ਹੈ ਅਤੇ ਉਨ੍ਹਾਂ ਦਾ ਦਫ਼ਤਰ ਇਸ ਘਟਨਾ ਬਾਬਤ ਤਾਲਮੇਲ ਵਿਚ ਰਹੇਗਾ।