Saturday, April 27, 2024

ਇਜ਼ਰਾਈਲ-ਹਮਾਸ ਵਿਚਾਲੇ ਹੋਏ ਬੰਧਕ ਸਮਝੌਤੇ ਨਾਲ ਸ਼ਾਂਤੀ ਕਾਇਮ ਹੋਵੇਗੀ : ਜਸਟਿਨ ਟਰੂਡੋ

ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਯੁੱਧ ਵਿਰਾਮ ਅਤੇ ਬੰਧਕ ਸਮਝੌਤਾ ਸਥਾਈ ਸ਼ਾਂਤੀ ਲਈ ਇੱਕ ਮਹੱਤਵਪੂਰਨ ਪਹਿਲਾ ਕਦਮ ਹੈ।
ਟਰੂਡੋ ਨੇ ਜੰਗਬੰਦੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੂੰ ਉਮੀਦ ਹੈ ਕਿ ਚਾਰ ਦਿਨਾਂ ਦੇ ਵਿਰਾਮ ਲਈ ਸਮਝੌਤਾ ਆਖ਼ਰਕਾਰ ਲੜਾਈ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਮਦਦ ਕਰੇਗਾ।
ਉਹਨਾਂ ਨੇ ਇਹ ਉਮੀਦ ਵੀ ਜਤਾਈ ਕਿ ਇਹ ਸਮਝੌਤਾ ਹੋਰ ਕੈਨੇਡੀਅਨਜ਼ ਲਈ ਗਾਜ਼ਾ ਪੱਟੀ ਛੱਡਣ ਦਾ ਰਾਹ ਸੌਖਾ ਕਰੇਗਾ। ਛੇ ਹਫ਼ਤਿਆਂ ਦੇ ਇਜ਼ਰਾਈਲੀ ਹਵਾਈ ਹਮਲਿਆਂ ਨੇ ਫ਼ਲਸਤੀਨੀ ਖੇਤਰ ਗਾਜ਼ਾ ਦੇ ਵੱਡੇ ਹਿੱਸੇ ਨੂੰ ਤਬਾਹ ਕਰ ਦਿੱਤਾ ਹੈ।
ਇਹ ਪਹਿਲਾ ਵਿਰਾਮ ਕਤਰ, ਮਿਸਰ ਅਤੇ ਅਮਰੀਕਾ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸੰਭਵ ਹੋਇਆ ਹੈ। ਸਮਝੌਤੇ ਤਹਿਤ ਹਮਾਸ 50 ਬੰਧਕਾਂ ਨੂੰ ਰਿਹਾਅ ਕਰੇਗਾ ਅਤੇ ਬਦਲੇ ਵਿਚ ਇਜ਼ਰਾਈਲ ਵੱਲੋਂ ਕੈਦ ਕੀਤੇ 150 ਫ਼ਲਸਤੀਨੀ ਕੈਦੀ ਰਿਹਾਅ ਕੀਤੇ ਜਾਣਗੇ।
ਇਜ਼ਰਾਈਲੀ ਸਰਕਾਰ ਨੇ ਕਿਹਾ ਕਿ ਉਹ ਹਰ 10 ਬੰਧਕਾਂ ਨੂੰ ਰਿਹਾਅ ਕਰਨ ‘ਤੇ ਯੁੱਧ ਵਿਰਾਮ ਵਿਚ ਇੱਕ ਵਾਧੂ ਦਿਨ ਵਧਾਏਗੀ, ਜਦ ਕਿ ਹਮਾਸ ਵਾਅਦਾ ਕਰ ਰਿਹਾ ਹੈ ਕਿ ਫ਼ਿਊਲ ਸਮੇਤ ਮਾਨਵਤਾਵਾਦੀ ਸਹਾਇਤਾ ਵਾਲੇ ਸੈਂਕੜੇ ਟਰੱਕਾਂ ਨੂੰ ਗਾਜ਼ਾ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ।
ਗਲੋਬਲ ਅਫੇਅਰਜ਼ ਕੈਨੇਡਾ ਨੇ ਕਿਹਾ ਹੈ ਕਿ ਇੱਕ ਕੈਨੇਡੀਅਨ ਲਾਪਤਾ ਹੈ ਪਰ ਇਹ ਪੁਸ਼ਟੀ ਨਹੀਂ ਕੀਤੀ ਕਿ ਕੀ ਉਸ ਵਿਅਕਤੀ ਨੂੰ ਬੰਧਕ ਬਣਾਇਆ ਗਿਆ ਹੈ। ਅਮਰੀਕਾ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਲਗਭਗ 240 ਬੰਧਕਾਂ ਦੇ ਇੱਕ ਸਮੂਹ ਦਾ ਹਵਾਲਾ ਦਿੱਤਾ ਸੀ ਜਿਸ ਵਿੱਚ ਅਮਰੀਕੀ ਅਤੇ ਕੈਨੇਡੀਅਨ ਦੋਵੇਂ ਨਾਗਰਿਕ ਸ਼ਾਮਲ ਹਨ।
ਟਰੂਡੋ ਨੇ ਬੁੱਧਵਾਰ ਸਵੇਰੇ ਪਾਰਲੀਮੈਂਟ ਹਿੱਲ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਇਹ ਇੱਕ ਮਹੱਤਵਪੂਰਨ ਪ੍ਰਗਤੀ ਹੈ, ਪਰ ਸਾਨੂੰ ਸਥਾਈ ਸ਼ਾਂਤੀ ਵੱਲ ਜਾਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਹੁਣ ਦੁੱਗਣਾ ਕਰਨਾ ਪਵੇਗਾ।
ਇਹ ਮਾਨਵਤਾਵਾਦੀ ਵਿਰਾਮ ਉਹ ਹੈ ਜਿਸ ਲਈ ਕੈਨੇਡਾ ਅਤੇ ਹੋਰ ਦੇਸ਼ ਕਈ ਹਫ਼ਤਿਆਂ ਤੋਂ ਮੰਗ ਕਰ ਰਹੇ ਸਨ। ਇਹ ਅਖ਼ੀਰ ਬੰਧਕਾਂ ਨੂੰ ਰਿਹਾਅ ਕਰਨ ਦੀ ਇਜਾਜ਼ਤ ਦਵੇਗਾ। ਇਹ ਨਾਗਰਿਕਾਂ ਅਤੇ ਗਾਜ਼ਾ ਵਿੱਚ ਨਿਰਦੋਸ਼ ਲੋਕਾਂ ਤੱਕ ਮਹੱਤਵਪੂਰਨ ਮਾਤਰਾ ਵਿੱਚ ਮਨੁੱਖੀ ਸਹਾਇਤਾ ਪਹੁੰਚਦੀ ਕਰਨ ਦੀ ਇਜਾਜ਼ਤ ਦਵੇਗਾ ਜਿਨ੍ਹਾਂ ਨੂੰ ਇਸਦੀ ਸਖ਼ਤ ਲੋੜ ਹੈ।
ਇਹ ਨਾਗਰਿਕਾਂ ਦੀ ਜਾਨ ਦੀ ਰੱਖਿਆ ਕਰਨ ਦੀ ਇਜਾਜ਼ਤ ਦੇਵੇਗਾ, ਜਿਸ ਵਿੱਚ, ਉਮੀਦ ਹੈ ਕਿ, ਹੋਰ ਵੀ ਕੈਨੇਡੀਅਨਜ਼ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਿਆ ਜਾਵੇਗਾ।