Sunday, May 19, 2024

ਪੇਕੇ ਮਾਂਵਾਂ ਨਾਲ ਮਾਣ ਭਰਾਵਾਂ ਨਾਲ

 

ਲੇਖਕ : ਪ੍ਰਵੀਨ ਅਬਰੋਲ
ਮੋਬਾਈਲ : 98782-49944.
ਇਕੋ ਮਾਂ ਦੇ ਪੇਟ ਵਿਚੋਂ ਜਨਮ ਲੈਣ ਵਾਲੇ ਭੈਣ-ਭਰਾਵਾਂ ਦਾ ਰਿਸ਼ਤਾ ਵੀ ਬਹੁਤ ਪਵਿੱਤਰ ਹੁੰਦਾ ਹੈ। ਅੱਜ ਵੀ ਜਦੋਂ ਵਿਆਹ-ਸ਼ਾਦੀ ਦੇ ਸਮੇਂ ‘ਤੇ ਭਰਾ ਭੈਣ ਦੇ ਘਰ ਖੁਸ਼ੀ ਨਾਲ ਪਹੁੰਚਦਾ ਹੈ ਤਾਂ ਗੀਤ ਗਾਏ ਜਾਂਦੇ ਹਨ, ‘ਵੇਲੇ ਦੇ ਵੇਲੇ ਹਾਜ਼ਰ ਹੋਏ ਨੀ ਮੇਰੀ ਅੰਮਾ ਦੇ ਜਾਏ।’
ਕੁਝ ਸਮਾਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹੀ ਮਾਵਾਂ-ਧੀਆਂ ਨੂੰ ਉਡੀਕਣਾਂ ਸ਼ੁਰੂ ਕਰ ਦਿੰਦੀਆਂ ਸਨ ਕਿ ਕਦੋਂ ਬੱਚਿਆਂ ਨੂੰ ਲੈ ਕੇ ਨਾਨਕੇ ਆਉਣਗੀਆਂ। ਦੂਜੇ ਪਾਸੇ ਬੱਚੇ ਵੀ ਦਿਨ ਗਿਣਦੇ ਸਨ ਕਿ ਕਦੋਂ ਨਾਨਕੇ ਜਾਵਾਂਗੇ। ਉਹ ਤਾਂ ਉਨ੍ਹਾਂ ਲਈ ਗਰਮੀਆਂ ਦਾ ਸਭ ਤੋਂ ਵੱਡਾ ਪਹਾੜੀ ਸਥਾਨ ਸੀ, ਜਿਥੇ ਹਰ ਤਰ੍ਹਾਂ ਦਾ ਮਨਪਸੰਦ ਖਾਣਾ-ਪੀਣਾ, ਮੌਜ-ਮਸਤੀ, ਘੁੰਮਣ-ਫਿਰਨ ਦੇ ਨਾਲ ਨਾਨੀ ਵਲੋਂ ਸਾਲ ਭਰ ਦੇ ਸਾਰੇ ਵਾਅਦੇ ਪੂਰੇ ਕੀਤੇ ਜਾਂਦੇ ਸਨ। ਧੀਆਂ ਵੀ ਪੇਕੇ ਜਾ ਕੇ ਆਪਣੇ ਬਚਪਨ ਦੀਆਂ ਯਾਦਾਂ ਵਿਚ ਖੋ ਜਾਂਦੀਆਂ ਸਨ ਅਤੇ ਬੱਚਿਆਂ ਨਾਲ ਸਾਂਝੀਆਂ ਕਰਦੀਆਂ ਸਨ। ਭਾਵੇਂ ਧੀ ਦੇ ਵਿਆਹ ਤੋਂ ਬਾਅਦ ਮਾਂ ਦੇ ਘਰ ਵਿਚ ਬਹੁਤ ਕੁਝ ਬਦਲ ਚੁੱਕਾ ਹੁੰਦਾ ਹੈ ਪਰ ਫਿਰ ਵੀ ਉਸ ਨੂੰ ਆਪਣਾ ਬਚਪਨ ਇਥੇ ਹੀ ਨਜ਼ਰ ਆਉਂਦਾ ਹੈ, ਜਿਥੇ ਉਹ ਗੁੱਡੀਆਂ-ਪਟੋਲਿਆਂ ਨਾਲ ਖੇਡਦੀ ਸੀ। ਮਾਂ ਦੇ ਘਰ ਆ ਕੇ ਉਸ ਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ। ਇਸ ਕਰਕੇ ਤਾਂ ਕਹਿੰਦੇ ਨੇ ਸਹੁਰੇ ਘਰ ਹੁੰਦਿਆਂ ਵੀ ਧੀਆਂ ਦਾ ਦਿਲ ਮਾਂ ਕੋਲ ਹੁੰਦਾ ਹੈ। ਮੀਲਾਂ ਪਰੇ ਬੈਠੀ ਵੀ ਮਾਂ ਧੀ ਦੇ ਦੁੱਖ-ਸੁੱਖ ਨੂੰ ਸਮਝ ਸਕਦੀ ਹੈ।
ਹਮੇਸ਼ਾ ਸਮਾਂ ਇਕੋ ਜਿਹਾ ਤਾਂ ਨਹੀਂ ਰਹਿੰਦਾ, ਸਭ ਨੂੰ ਪਤਾ ਹੈ ਕਿ ਮਾਪੇ ਹਮੇਸ਼ਾ ਨਾਲ ਨਹੀਂ ਨਿਭਦੇ। ਸਮਾਜ ਵਿਚ ਵੀ ਕੁਝ ਇਸ ਤਰ੍ਹਾਂ ਦੇ ਰਿਵਾਜ ਬਣਾਏ ਗਏ ਹਨ ਜਿਵੇਂ ਰੱਖੜੀ ਦਾ ਤਿਉਹਾਰ, ਨਾਨਕੀ ਛੱਕ ਆਦਿ ਤਾਂ ਕਿ ਭੈਣ-ਭਰਾਵਾਂ ਦਾ ਮੇਲ-ਮਿਲਾਪ ਹਮੇਸ਼ਾ-ਹਮੇਸ਼ਾ ਬਣਿਆ ਰਹੇ। ਹਰ ਧੀ ਨੂੰ ਆਪਣੇ ਭਰਾ ਵਿਚ ਬਾਪ ਅਤੇ ਭਰਜਾਈ ਵਿਚ ਮਾਂ ਦੀ ਝਲਕ ਵੇਖਣੀ ਚਾਹੀਦੀ ਹੈ। ਮਾਂ-ਬਾਪ ਚਲੇ ਜਾਣ ਤੋਂ ਬਾਅਦ ਭਰਾ-ਭਰਜਾਈ ਨੂੰ ਵੀ ਭੈਣਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਕਦੇ ਮਹਿਸੂਸ ਨਹੀਂ ਹੋਣ ਦੇਣਾ ਚਾਹੀਦਾ ਕਿ ਪੇਕਾ ਘਰ ਬੇਗਾਨਾ ਹੋ ਗਿਆ। ਸਮੇਂ-ਸਮੇਂ ‘ਤੇ ਭੈਣਾਂ ਦੀ ਸੁੱਖ-ਸਾਂਦ ਪੁੱਛਦਿਆਂ ਰਹਿਣਾ ਚਾਹੀਦਾ ਹੈ। ਇਕੋ ਮਾਂ ਦੇ ਪੇਟ ਵਿਚੋਂ ਜਨਮ ਲੈਣ ਵਾਲੇ ਭੈਣ-ਭਰਾਵਾਂ ਦਾ ਰਿਸ਼ਤਾ ਵੀ ਬਹੁਤ ਪਵਿੱਤਰ ਹੁੰਦਾ ਹੈ। ਅੱਜ ਵੀ ਜਦੋਂ ਵਿਆਹ-ਸ਼ਾਦੀ ਦੇ ਸਮੇਂ ‘ਤੇ ਭਰਾ ਭੈਣ ਦੇ ਘਰ ਖੁਸ਼ੀ ਨਾਲ ਪਹੁੰਚਦਾ ਹੈ ਤਾਂ ਗੀਤ ਗਾਏ ਜਾਂਦੇ ਹਨ, ‘ਵੇਲੇ ਦੇ ਵੇਲੇ ਹਾਜ਼ਰ ਹੋਏ ਨੀ ਮੇਰੀ ਅੰਮਾ ਦੇ ਜਾਏ।’ ਧੀ ਵੀ ਬੜਾ ਮਾਣ ਮਹਿਸੂਸ ਕਰਦੀ ਹੈ ਕਿ ਮਾਂ ਦੀ ਗ਼ੈਰ-ਹਾਜ਼ਰੀ ਵਿਚ ਵੀ ਉਸ ਦੇ ਭਰਾ-ਭਰਜਾਈ ਉਸ ਦੇ ਸਾਰੇ ਚਾਅ-ਮਲ੍ਹਾਰ ਪੂਰੇ ਕਰਦੇ ਹਨ। ਭੈਣਾਂ ਸਿਰਫ਼ ਇਹ ਹੀ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਪੇਕੇ ਹਮੇਸ਼ਾ ਬਣੇ ਰਹਿਣ ਤੇ ਭੈਣ-ਭਰਾ ਹਮੇਸ਼ਾ ਇਕ ਦੂਸਰੇ ਦੇ ਦੁੱਖ-ਸੁੱਖ ਵਿਚ ਸਾਥ ਨਿਭਾਉਂਦੇ ਰਹਿਣ।
ਇਹ ਜ਼ਰੂਰੀ ਨਹੀਂ ਕਿ ਸਾਰੇ ਫ਼ਰਜ਼ ਭਰਾਵਾਂ ਦੇ ਹੀ ਹੁੰਦੇ ਹਨ, ਲੋੜ ਪੈਣ ‘ਤੇ ਭੈਣ ਵੀ ਭਰਾ ਵਾਸਤੇ ਕੁਰਬਾਨ ਹੋ ਸਕਦੀ ਹੈ। ਭਾਵ ਉਹ ਵੀ ਉਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੋ ਸਕਦੀ ਹੈ। ਇਕ-ਦੂਜੇ ਦੇ ਕੰਮ ਆਉਣ ਦਾ ਮਤਲਬ ਮਾਂ ਦੀ ਆਤਮਾ ਨੂੰ ਸ਼ਾਂਤ ਕਰਨਾ ਹੈ। ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਇਕ ਦੂਜੇ ਵਿਚ ਕਮੀਆਂ ਕੱਢਣ ਦੀ ਬਜਾਏ, ਰਲ ਮਿਲ ਕੇ ਖੁਸ਼ੀਆਂ ਵੰਡਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਤਾਂ ਕਿ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਅਹਿਮੀਅਤ ਹਮੇਸ਼ਾ ਬਣੀ ਰਹੇ। ਧੀਆਂ ਨੂੰ ਭਰਾ-ਭਰਜਾਈ ਦੇ ਹੁੰਦਿਆਂ ਮਾਂ ਦੀ ਕਮੀ ਨਾ ਮਹਿਸੂਸ ਹੋਵੇ ਅਤੇ ਉਸ ਦਾ ਪੇਕਾ ਘਰ ਹਮੇਸ਼ਾ ਆਬਾਦ ਰਹੇ।