Monday, May 13, 2024

ਚੰਗੇ ਮਾੜੇ ਮੇਰੇ ਜੋ ਨੇ

 

ਚੰਗੇ ਮਾੜੇ ਮੇਰੇ ਜੋ ਨੇ
ਤੇਰੇ ਮੂੰਹ ਤੇ ਤੇਰੇ ਜੋ ਨੇ ।
ਸੱਟ ਵੱਜੀ ਤੇ ਫਿਸ ਜਾਂਦੈ
ਸੀਨੇ ਜਖ਼ਮ ਉਕੇਰੇ ਜੋ ਨੇ,

ਫੁੱਲ ਖੁਸ਼ਬੂਦਾਰ ਨਹੀਂ ਓਦਾਂ
ਕੰਢਿਆਂ ਉੱਤੇ ਡੇਰੇ ਜੋ ਨੇ,
ਰੋਂਦਾ ਰੋਂਦਾ ਵੇਚ ਆਇਆ
ਸੂਰਜ, ਚੰਨ, ਸਵੇਰੇ ਜੋ ਨੇ,

ਆਦਤ ਹੱਥੋਂ ਮਜ਼ਬੂਰ ਹੁੰਦੈ
ਕੁੱਤਾ, ਸੱਪ, ਲੁਟੇਰੇ ਜੋ ਨੇ,
ਆਖਣ ਸੂਰਜ ਦੱਬ ਲਿਆ
ਫੁੱਲੇ ਫਿਰਨ ਹਨ੍ਹੇਰੇ ਜੋ ਨੇ,

ਵੇਚ ਵੱਟ ਕੇ ਖਾ ਗਏ ਸਭ
ਮੰਦਰ, ਮਸਜਿਦ, ਡੇਰੇ ਜੋ ਨੇ,
ਲੱਗਦਾ ਕੋਈ ਆਉਣ ਵਾਲਾ
ਕਾਵਾਂ ਮੱਲ਼ੇ ਬਨੇਰੇ ਜੋ ਨੇ,
ਪੱਥਰਾਂ ਥਾਣੀ ਉੱਗ ਆਵਾਂਗੇ
ਸ਼ੇਰਾਂ ਵਰਗੇ ਜੇਰੇ ਜੋ ਨੇ ॥
ਲੇਖਕ : ਸੁਖਬੀਰ ਮੁਹੱਬਤ