Sunday, May 19, 2024

ਸਰਕਸ ਦੀਆਂ ਟਿੱਕਟਾਂ

 

ਲੇਖਕ : ਬਰਾੜ-ਭਗਤਾ ਭਾਈ ਕਾ
ਸੰਪਰਕ : 1-604-751-1113
ਪੱਗ ਦੇ ਉੱਪਰ ਦੀ ਡੱਬੀਦਾਰ ਸਾਫੇ ਨਾਲ ਮੰਡਾਸਾ ਮਾਰੀ ਮੂੰਹ ਵਲ੍ਹੇਟੀ ਬਾਬਾ ਘੀਚਰ ਸਿਉਂ ਜਿਉਂ ਹੀ ਸੱਥ ਵਾਲੇ ਥੜ੍ਹੇ ‘ਤੇ ਆ ਕੇ ਬੈਠਾ ਤਾਂ ਨਾਥੇ ਅਮਲੀ ਨੇ ਬਾਬੇ ਨੂੰ ਹੈਰਾਨੀ ਨਾਲ ਪੁੱਛਿਆ, ”ਅੱਜ ਕਿਮੇਂ ਬਾਬਾ ਇਉਂ ਮੂੰਹ ਸਿਰ ਜਾ ਲਵੇਟ੍ਹੀ ਫਿਰਦੈਂ ਜਿਮੇਂ ਤੂੜੀ ਲਤੜਦਾ ਆਇਆ ਹੁੰਨੈ ਕੁ ਮਖਿਆਲ ਦੀਆਂ ਮੱਖੀਆਂ ਮੁੱਖੀਆਂ ਲੜਗੀਆਂ। ਤੂੰ ਤਾਂ ਪਤੰਦਰਾਂ ਸਾਰਾ ਈ ਮੂੰਹ ਸਿਰ ਜਾ ਢਕੀ ਫਿਰਦੈਂ ਜਿਮੇਂ ਪਾਣੀ ਆਲੇ ਨਲਕੇ ‘ਚੋਂ ਮਸ਼ੀਨ ਕੱਢ ਕੇ ਨਾਲੀ ‘ਤੇ ਖਲ਼ ਆਲੀ ਖਾਲੀ ਬੋਰੀ ਬੰਨ੍ਹੀ ਹੁੰਦੀ ਐ।” ਤਾਸ਼ ਖੇਡੀ ਜਾਂਦਾ ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਡੂੰਮਣਾ ਲੜ ਗਿਆ ਲੱਗਦਾ ਜਿਹੜਾ ਇਉਂ ਮੂੰਹ ਨਰੜੀ ਫਿਰਦਾ ਜਿਮੇਂ ਮੀਂਹ ‘ਚ ਭਿੱਜਣ ਤੋਂ ਤੰਦੂਰ ਖਾਖੀ ਬੋਰੀਆਂ ਦੇ ਪੱਲੜ ਨਾਲ ਢਕਿਆ ਹੁੰਦੈ। ਬਾਕੀ ਫਿਰ ਹੁਣ ਸੱਥ ‘ਚ ਤਾਂ ਮੂੰਹ ਨੰਗਾ ਕਰਕੇ ਵਖਾਉਣਾ ਈਂ ਪਊ। ਨਾਲੇ ਜੇ ਕਿਸੇ ਨੂੰ ਦੁੱਖ ਦੱਸਾਂਗੇ ਤਾਂ ‘ਲਾਜ ਵੀ ਹੋ ਜੂ। ਨਹੀਂ ਤਾਂ ਫਿਰ ਸਭ ਨੂੰ ਪਤਾ ਈ ਐ ਬਈ ਪੂਛ ਨੂੰ ਪੀਪਾ ਬੰਨ੍ਹ ਕੇ ਗਪਾਲ ਮੋਚਨੇ ਦੇ ਮੇਲੇ ‘ਚ ਛੱਡੇ ਗਧੇ ਨਾਲ ਕਿਮੇਂ ਹੋਈ ਸੀ, ਓਮੇਂ ਹੋਊ ਫਿਰ।”
ਗਧੇ ਵਾਲੀ ਗੱਲ ਸੁਣ ਕੇ ਮਾਹਲੇ ਨੰਬਰਦਾਰ ਨੇ ਸੀਤੇ ਮਰਾਸੀ ਨੂੰ ਪੁੱਛਿਆ, ”ਇਹ ਕਿਮੇਂ ਐਂ ਸੀਤਾ ਸਿਆਂ ਮੇਲੇ ‘ਚ ਗਧੇ ਦੀ ਪੂਛ ਨੂੰ ਬੰਨ੍ਹੇ ਪੀਪੇ ਆਲੀ ਗੱਲ। ਪਤੰਦਰੋ ਨਿੱਤ ਈ ਕੋਈ ਨਾ ਕੋਈ ਨਮੀਂ ਗੱਲ ਕੱਢ ਕੇ ਲਿਆਉਣੇ ਐ। ਨਾਲੇ ਗਪਾਲ ਮੋਚਨੇ ਦੇ ਮੇਲੇ ‘ਚ ਗਧੇ ਦਾ ਕੀ ਕੰਮ ਬਈ?”
ਨਾਥਾ ਅਮਲੀ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਗਪਾਲ ਮੋਚਨੇ ਦੇ ਮੇਲੇ ‘ਚ ਤਾਂ ਗਧਿਆਂ ਦਾ ਈ ਸਾਰਾ ਕੰਮ ਹੁੰਦੈ ਨੰਬਰਦਾਰਾ। ਮੋਟਰ ਗੱਡੀਆਂ ਤਾਂ ਪੁਲਸ ਆਲੇ ਮੇਲੇ ‘ਚ ਵੜਣ ਨ੍ਹੀ ਦਿੰਦੇ। ਪੰਜ ਦਿਨ ਭਰਦਾ ਹੁੰਦਾ ਮੇਲਾ। ਮੋਟਰ ਗੱਡੀਆਂ ਤਾਂ ਪੰਜ ਛੀ ਮੀਲ ਮੇਲੇ ਵਾਲੀ ਥਾਂ ਤੋਂ ਪਿੱਛੇ ਈ ਰੋਕ ਦਿੰਦੇ ਐ ਪੁਲਸ ਆਲੇ। ਉੱਥੋਂ ਫੇਰ ਗਧੇ ਈ ਲਜਾਂਦੇ ਐ ਸਾਰਾ ਸਮਾਨ ਮੇਲੇ ‘ਚ।” ਅਮਲੀ ਦੀ ਗੱਲ ਸੁਣ ਕੇ ਬੁੱਘਰ ਦਖਾਣ ਕਹਿੰਦਾ, ”ਮੈਂ ਤਾਂ ਕਿਹਾ ਕਿਤੇ ਅਮਲੀ ਨੇ ਖਾਧੀ ਪੀਤੀ ‘ਚ ਬੰਦਿਆਂ ਨੂੰ ਗਧੇ ਕਹਿ ‘ਤਾ। ਅੱਛਿਆ! ਇਹ ਗੱਲ ਐ।” ਏਨੇ ਚਿਰ ਨੂੰ ਸੂਬੇਦਾਰ ਰਤਨ ਸਿਉਂ ਵੀ ਸੱਥ ‘ਚ ਆ ਦੜਕਿਆ। ਬਾਬੇ ਘੀਚਰ ਸਿਉਂ ਨੂੰ ਮੂੰਹ ਸਿਰ ਲਵੇਟ੍ਹੀ ਬੈਠੇ ਨੂੰ ਵੇਖ ਕੇ ਸੂਬੇਦਾਰ ਨੇ ਤਾਸ਼ ਖੇਡੀ ਜਾਂਦੇ ਰੇਸ਼ਮ ਕੇ ਗੀਸੇ ਨੂੰ ਘੁੱਟਵੀਂ ਆਵਾਜ਼ ‘ਚ ਪੁੱਛਿਆ, ”ਆਹ ਮੂੰਹ ਸਿਰ ਲਵ੍ਹੇਟੀ ਬੈਠਾ ਕਿਹੜਾ ਬੰਦੈ ਬਈ?”
ਸੂਬੇਦਾਰ ਦਾ ਸਵਾਲ ਸੁਣ ਕੇ ਗੀਸਾ ਉੱਚੀ ਆਵਾਜ਼ ਮਾਰ ਕੇ ਨਾਥੇ ਅਮਲੀ ਨੂੰ ਕਹਿੰਦਾ, ”ਓ ਤਾਇਆ ਨਾਥਾ ਸਿਆਂ! ਆਹ ਫੌਜੀ ਸਾਹਬ ਨੂੰ ਦੱਸੀਂ ਬਈ ਸੋਡੇ ਕੋਲੇ ਮੂੰਹ ਸਿਰ ਲਵ੍ਹੇਟੀ ਆਲਾ ਕਿਹੜਾ ਬੰਦਾ ਬੈਠੈ?”
ਸੀਤਾ ਮਰਾਸੀ ਕਹਿੰਦਾ, ”ਮਸਾ ਟਾਲ਼ੀ ਸੀ ਇਹੇ ਗੱਲ। ਆਹ ਫੌਜੀ ਨੇ ਫੇਰ ਛੇੜ ‘ਤੀ ਸਿੰਗੜੀ। ਲੈ ਦੱਸੋ ਹੁਣ ਕੌਣ ਐਂ ਮੂੰਹ ਸਿਰ ਲਵ੍ਹਟੀ ਬੈਠਾ।”
ਨਾਥਾ ਅਮਲੀ ਸੂਬੇਦਾਰ ਰਤਨ ਸਿਉਂ ਨੂੰ ਕਹਿੰਦਾ, ”ਬਾਬਾ ਘੀਚਰ ਸਿਉਂ ਐਂ ਫੌਜੀਆ। ਮਖਿਆਲ ਦੀਆਂ ਮੱਖੀਆਂ ਲੜੀਆਂ ਵੀਐਂ ਇਹਦੇ।”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਇਹ ਹੁਣੇ ਤਾਂ ਸਰਕਸ ਆਲੇ ਸਕੀਮੀਆਂ ਦੇ ਘਰੇ ਬੈਠਾ ਸੀ। ਐਡੀ ਛੇਤੀ ਕਿਮੇਂ ਆ ਗਿਆ ਸੱਥ ‘ਚ?”
ਜੰਗਾ ਰਾਹੀ ਸੂਬੇਦਾਰ ਨੂੰ ਕਹਿੰਦਾ, ”ਸਾਨੂੰ ਤਾਸ਼ ਖੇਡ ਲੈਣ ਦੇ ਫੌਜੀਆ। ਇਹ ਗੱਲ ਤੂੰ ਨੇੜੇ ਹੋ ਕੇ ਬਾਬੇ ਘੀਚਰ ਸਿਉਂ ਨੂੰ ਈਂ ਪੁੱਛ ਲਾ।”
ਸੂਬੇਦਾਰ ਰਤਨ ਸਿਉਂ ਬਾਬੇ ਦੇ ਨੇੜੇ ਹੋ ਕੇ ਬਾਬੇ ਨੂੰ ਕਹਿੰਦਾ, ”ਆਹ ਕੀ ਕਰੀ ਬੈਠੈਂ ਘੀਚਰ ਸਿਆਂ। ਬਲ਼ਾ ਬਾਹਲ਼ਾ ਮੂੰਹ ਸਿਰ ਬੰਨ੍ਹੀ ਬੈਠੈਂ ਜਿਮੇਂ ਦੁੱਧ ਰਿੜਕ ਕੇ ਮਧਾਣੀ ਦੇ ਫੁੱਲ ਖੱਦਰ ਦੇ ਪੋਣੇ ਨਾਲ ਲਵ੍ਹੇਟੇ ਵੇ ਹੁੰਦੇ ਐ।” ਸੂਬੇਦਾਰ ਤੋਂ ਟਿੱਚਰ ਸੁਣ ਕੇ ਨਾਥਾ ਅਮਲੀ ਹੱਸ ਕੇ ਕਹਿੰਦਾ, ”ਚੱਲ ਗੀ ਬਈ ਫੌਜੀ ਦੀ ਵੀ ਅੱਜ। ਅੱਜ ਤਾਂ ਪੂਰੇ ਪੈਂਤੜੇ ‘ਤੇ ਹੋ ਕੇ ਆਇਆ ਸੱਥ ‘ਚ। ਹੋਰ ਸਣਾ ਫਿਰ ਫੌਜੀਆ।”
ਟਿੱਚਰ ਸੁਣ ਕੇ ਸੀਤਾ ਮਰਾਸੀ ਬਾਬੇ ਘੀਚਰ ਸਿਉਂ ਨੂੰ ਕਹਿੰਦਾ, ”ਤੂੰ ਵੀ ਬਾਬਾ ਕੁਸ ਬੋਲ ਪਾ ਹੁਣ। ਅੱਜ ਤਾਂ ਮਿੱਟੀ ਦਾ ਮਾਧੋ ਬਣਿਆਂ ਬੈਠੈਂ। ਇਹ ਤਾਂ ਸਾਰੇ ਤੈਨੂੰ ਭਾਬੀ ਬਣਾਈ ਬੈਠੇ ਐ, ਤੂੰ ਕੂੰਹਦਾ ਈ ਨ੍ਹੀ। ਤੂੰ ਵੀ ਛੱਡਦੇ ਭੱਥੇ ‘ਚੋਂ ਇੱਕ ਅੱਧਾ ਤੀਰ। ਫੌਜੀ ਤਾਂ ਕਹਿੰਦਾ ਤੂੰ ਸਰਕਸ ਆਲੇ ਸਕੀਮੀਆਂ ਦੇ ਘਰੇ ਬੈਠਾ ਸੀ। ਨਮੇਂ ਘਰ ਬਣਦੇ ਦੀ ਵਧਾਈ ਦੇਣ ਗਿਆ ਸੀ ਕੁ ਕੋਈ ਹੋਰ ਕੰਮ ਧੰਦਾ ਸੀ?”
ਮਦਨ ਪੰਡਤ ਸਕੀਮੀਆਂ ਦੇ ਘਰ ਦੀ ਗੱਲ ਸੁਣ ਕੇ ਕਹਿੰਦਾ, ”ਘਰ ਆਲੀ ਤਾਂ ਬਈ ਸਰਕਸ ਆਲੇ ਸਕੀਮੀਆਂ ਨੇ ਡੈਹਸ਼ ਕੱਢ ‘ਤੀ। ਇਹੇ ਜਾ ਘਰ ਆਪਣੇ ਤਾਂ ਨੇੜੇ ਤੇੜੇ ਹੋਣਾ ਨ੍ਹੀ ਕਿਸੇ ਦਾ। ਪੈਂਸਾ ਵੀ ਅੱਘਰੀ ਦਾ ਲੱਗ ਗਿਆ ਹੋਣੈ।”
ਮੱਖਣ ਮਾਸਟਰ ਨੇ ਹੈਰਾਨੀ ਨਾਲ ਪੁੱਛਿਆ, ”ਐਨਾ ਪੈਸਾ ਆਇਆ ਕਿੱਥੋਂ। ਫੀਮ ਫੂਮ ਦੀ ਬਲੈਕ ਬਲੂਕ ਕਰਦੇ ਹੋਣਗੇ। ਨਾ ਹੀ ਇਹੀ ਕਦੇ ਕੋਈ ਗੱਲ ਸੁਣੀ ਐ। ਬਾਕੀ ਫੇਰ ਭਾਈ ਰੱਬ ਈ ਜਾਣਦਾ।”
ਨਾਥੇ ਅਮਲੀ ਨੇ ਬਾਬੇ ਨੂੰ ਪੁੱਛਿਆ, ”ਇਨ੍ਹਾਂ ਨੂੰ ਸਰਕਸ ਆਲੇ ਸਕੀਮੀ ਕਿਉਂ ਕਹਿੰਦੇ ਐ ਬਾਬਾ। ਕੁ ਇਹੇ ਸਰਕਸ ਸੁਰਕਸ ‘ਚ ਕੰਮ ਕਰਦੇ ਰਹੇ ਐ?”
ਸੁਖਣਾ ਪੱਤੀ ਆਲੇ ਬਚਿੱਤਰ ਸਿਉਂ ਕੇ ਪਿੰਡ ‘ਚ ਸਰਕਸ ਵਾਲੇ ਸਕੀਮੀਆਂ ਦੇ ਲਾਣੇ ਵਾਲੇ ਵੱਜਦੇ ਸੀ। ਬਚਿੱਤਰ ਸਿਉਂ ਕਿਆਂ ਦੀ ਗੱਲ ਸੁਣ ਕੇ ਬਾਬੇ ਘੀਚਰ ਸਿਉਂ ਨੇ ਗੱਲ ਦੱਸਣ ਦੇ ਮਾਰੇ ਨੇ ਮੂੰਹ ਖੋਲ੍ਹਿਆ ਫਿਰ। ਜਿਉਂ ਹੀ ਬਾਬੇ ਘੀਚਰ ਨੇ ਮੂੰਹ ਖੋਲ੍ਹਿਆ ਤਾਂ ਸਾਰੀ ਸੱਥ ਨੇ ਖੁਸ਼ੀ ‘ਚ ਰੌਲਾ ਅਸਮਾਨ ਨੂੰ ਚੁੱਕ ਦਿੱਤਾ ਜਿਮੇਂ ਕੋਈ ਵੱਡੀ ਸ਼ਰਤ ਲੱਗੀ ‘ਚ ਸ਼ਰਤ ਜਿੱਤਣ ਵਾਲੇ ਤਾਸ਼ ਖੇਡਦੇ ਰੌਲਾ ਚੁੱਕ ਦਿੰਦੇ ਹੋਣ।
ਨਾਥਾ ਅਮਲੀ ਸਾਰਿਆਂ ਨੂੰ ਚੱਪ ਕਰਾਉਂਦਾ ਬਾਬੇ ਦੇ ਮੂੰਹ ਵੱਲ ਵੇਖ ਕੇ ਬਾਬੇ ਨੂੰ ਕਹਿੰਦਾ, ”ਮੂੰਹ ‘ਤੇ ਤਾਂ ਤੇਰੇ ਬਾਬਾ ਕੁਸ ਮਨ੍ਹੀ ਹੋਇਆ। ਤੂੰ ਐਮੇਂ ਈ ਸੱਤ ਮੀਟਰ ਦੀ ਟਸਰੀ ਲਵ੍ਹੇਟੀ ਫਿਰਦੈਂ ਮੂੰਹ ‘ਤੇ। ਚੱਲ ਦੱਸ ਹੁਣ ਸਰਕਸ ਆਲੇ ਸਕੀਮੀਆਂ ਕੋਲੇ ਐਡਾ ਵੱਡਾ ਘਰ ਪਾਉਣ ਨੂੰ ਪੈਂਸਾ ਕਿੱਥੋਂ ਆਇਆ?”
ਬਾਬਾ ਘੀਚਰ ਸਿਉਂ ਕਹਿੰਦਾ, ”ਨਾ ਤਾਂ ਸਾਰੀ ਉਮਰ ਬਚਿੱਤਰ ਸਿਉਂ ਨੇ ਕੰਮ ਕੀਤਾ। ਨਾ ਬਚਿੱਤਰ ਦੇ ਮੁੰਡੇ ਨੇ। ਨਾ ਈ ਨਜਾਇਜ ਪੈਂਸਾ ਖਰਚਿਆ ਕਦੇ। ਦੋ ਕੁ ਝੁੱਗੇ ਸੁੱਥੂਆਂ ਨਾਲ ਈ ਸਾਲ ਭਰ ਨੰਘਾਅ ਲੈਂਦੇ ਸੀ। ਹੁਣ ਗਾਹਾਂ ਬਚਿੱਤਰ ਸਿਉਂ ਦੇ ਦੋਵੇਂ ਪੋਤੇ ਵੇਖ ਲਾ ਪੜ੍ਹ ਲਿਖ ਗੇ। ਪੋਤਿਆਂ ਨੂੰ ਘਰੇ ਪੈਂਸਿਆਂ ਦਾ ਵੀ ਪਤਾ ਲੱਗ ਗਿਆ ਬਈ ਸਾਡੇ ਬੁੜ੍ਹਿਆਂ ਕੋਲੇ ਐਨਾ ਪੈਂਸਾ। ਉਨ੍ਹਾਂ ਨੇ ਪਿਉ ਦਾਦੇ ਤੋਂ ਪੈਂਸੇ ਕਢਵਾ ਕੇ ਘਰ ਬਣਾਉਣਾ ਸ਼ੁਰੂ ਕਰ ‘ਤਾ। ਲੋਕਾਂ ਨੂੰ ਇਹਦੇ ‘ਚ ਅਚੰਭਾ ਲੱਗ ਗਿਆ ਬਈ ਇੱਕ ਦਮ ਐਨਾ ਪੈਂਸਾ ਕਿੱਥੋਂ ਆਇਆ। ਜਮੀਂਨ ਵੀ ਕੋਲੇ ਪੰਜ ਸੱਤ ਕਿੱਲੇ ਈ ਐ। ਪੰਜਾਂ ਸੱਤਾਂ ਕਿੱਲਿਆਂ ‘ਚੋਂ ਤਾਂ ਡੰਗ ਟਪਾਉਣ ਜੋਗੀਉ ਈ ਫਸਲ ਮਸਾਂ ਹੁੰਦੀ ਐ।”
ਨਾਥਾ ਅਮਲੀ ਕਹਿੰਦਾ, ”ਗੱਲ ਤਾਂ ਓਹੀ ਪੁੱਛਦੇ ਆਂ ਬਈ ਐਹੋ ਜੀ ਕਿਹੋ ਜੀ ਮੁਰਗੀ ਐ ਇਨ੍ਹਾਂ ਦੇ ਘਰੇ ਜਿਹੜੀ ਆਂਡਿਆਂ ਦੀ ਥਾਂ ਰਪੀਏ ਦਿੰਦੀ ਐ?”
ਬਾਬਾ ਘੀਚਰ ਸਿਉਂ ਕਹਿੰਦਾ, ”ਦੱਸਦਾਂ ਮੈਂ। ਇਨ੍ਹਾਂ ਨੂੰ ਬਚਿੱਤਰ ਦੇ ਦਾਦੇ ਪੜਦਾਦਿਆਂ ਤੋਂ ਈਂ ਸਰਕਸ ਆਲੇ ਸਕੀਮੀ ਕਹਿੰਦੇ ਐ। ਇਹਦੇ ਬਚਿੱਤਰ ਦੇ ਪਿਉ ਦਾਦੇ ਨੇ ਕਹਿੰਦੇ ਕੇਰਾਂ ਸਰਕਸ ਵਖਾਉਣ ਦਾ ਠੇਕਾ ਲੈ ਲਿਆ। ਉਨ੍ਹਾਂ ਵੇਲਿਆਂ ‘ਚ ਸਰਕਸ ਆਲਿਆਂ ਨੂੰ ਕਹਿੰਦੇ, ‘ਤੁਸੀਂ ਸਾਥੋਂ ਹਜਾਰ ਰਪੀਆ ਲੈ ਲੋ, ਸਰਕਸ ਵਖਾਉਣ ਦਾ ਠੇਕਾ ਸਾਨੂੰ ਦੇ ਦਿਉ। ਲੋਕਾਂ ਨੂੰ ਸਰਕਸ ਵਖਾਉਣ ਦੇ ਪੈਸੇ ਅਸੀਂ ਲਮਾਂਗੇ। ਉਨ੍ਹਾਂ ਨੇ ਦੋ ਹਜਾਰ ਰਪੀਆ ਮੰਗ ਲਿਆ। ਚੱਲੋ ਜੀ ਸਾਢੇ ਪੰਦਰਾਂ ਸੌ ‘ਚ ਗੱਲ ਟੁੱਕੀ ਗਈ। ਬੁੜ੍ਹਿਆਂ ਨੇ ਸਰਕਸ ਆਲੇ ਤੰਬੂ ਆਪਣੇ ਪਿੰਡ ਗਾਹੂ ਕੇ ਗੁਆੜ ਆਲੀ ਸ਼ਾਮਲਾਟ ‘ਚ ਆ ਗੱਡੇ। ਨੇੜੇ ਦੇ ਸਾਰੇ ਪਿੰਡਾਂ ‘ਚ ਹੋਕਾ ਦੁਆ ‘ਤਾ ਬਈ ਫਲਾਨੇ ਪਿੰਡ ਸਰਕਸ ਆ ਗੀ। ਲੋਕਾਂ ਨੇ ਆਪਣੇ ਪਿੰਡ ਵੱਲ ਨੂੰ ਵਹੀਰਾਂ ਘੱਤ ਲੀਆਂ ਬਈ ਸਰਕਸ ‘ਚ ਸ਼ੇਰ ਚੀਤੇ ਤੇ ਹੋਰ ਨਮੀਆਂ-ਨਮੀਆਂ ਖੇਡਾਂ ਵੇਖਾਂਗੇ। ਜਦੋਂ ਲੋਕ ਸਰਕਸ ਵੇਖਣ ਆਏ ਤਾਂ ਦਸ ਰਪੀਆਂ ਦੀ ਟਿਕਟ ਸੁਣ ਕੇ ਕਿਸੇ ਨੇ ਟਿਕਟ ਈ ਨਾ ਖਰੀਦੀ। ਉਨ੍ਹਾਂ ਨੇ ਦੋ ਕੁ ਦਿਨਾਂ ਪਿੱਛੋਂ ਟਿਕਟ ਅੱਠਾਂ ਰਪੀਆਂ ਦੀ ਕਰ ‘ਤੀ। ਲੋਕਾਂ ਨੇ ਫਿਰ ਵੀ ਨਾ ਖਰੀਦੀ। ਫੇਰ ਹੋਰ ਦੋ ਕੁ ਦਿਨਾਂ ਪਿੱਛੋਂ ਪੰਜਾਂ ਰਪੀਆਂ ਦੀ ਕਰ ‘ਤੀ। ਟਿਕਟ ਫਿਰ ਵੀ ਨਾ ਕਿਸੇ ਨੇ ਖਰੀਦੀ। ਉਨ੍ਹਾਂ ਨੇ ਇਉਂ ਕਰਦੇ ਕਰਦਿਆਂ ਨੇ ਦੋ ਰਪੀਆਂ ਦੀ ਫੇਰ ਇੱਕ ਰਪੀਏ ਦੀ ਕਰ ‘ਤੀ। ਜਦੋਂ ਰਪੀਏ ਨੂੰ ਵੀ ਨਾ ਕਿਸੇ ਨੇ ਖਰੀਦੀ ਤਾਂ ਆਖਰ ਨੂੰ ਪਿੰਡਾਂ ‘ਚ ਹੋਕਾ ਦੁਆ ‘ਤਾ ਬਈ ਕੱਲ੍ਹ ਨੂੰ ਸਰਕਸ ਮੁਖਤ ਵਖਾਈ ਜਾਊਗੀ। ਮੁਖਤ ਦਾ ਨਾਂ ਸੁਣਕੇ ਨਾਥਾ ਸਿਆਂ ਲੋਕ ਆਪਣੇ ਪਿੰਡ ‘ਚ ਫਿਰ ਇਉਂ ਆ ਢੇਰੀ ਹੋਏ ਜਿਮੇਂ ਪੰਜ ਛੀ ਸਾਲ ਪਹਿਲਾਂ ਆਪਣੇ ਖੇਤਾਂ ‘ਚ ਮੱਕੀਆਂ ‘ਤੇ ਆਹਣ ਦੇ ਟਿੱਡੇ ਆ ਢੇਰੀ ਹੋਏ ਸੀ।” ਨਾਥੇ ਅਮਲੀ ਨੇ ਗੱਲ ਟੋਕ ਕੇ ਬਾਬੇ ਘੀਚਰ ਸਿਉਂ ਨੂੰ ਪੁੱਛਿਆ, ”ਫੇਰ ਮੁਖਤ ਵਖਾਈ ਬਾਬਾ ਸਰਕਸ ਕੁ ਅੰਦਰ ਵਾੜ ਕੇ ਲੋਕਾਂ ਦੀ ਮਰੰਮਤ ਕੀਤੀ?”
ਬਾਬਾ ਕਹਿੰਦਾ, ”ਗੱਲ ਤਾਂ ਅਮਲੀਆ ਤੂੰ ਸੁਣ। ਜਦੋਂ ਸਾਰੇ ਲੋਕ ਮੁਖਤ ਦੀ ਸਰਕਸ ਵੇਖਣ ਅੰਦਰ ਵੜ ਗੇ, ਉਨ੍ਹਾਂ ਨੇ ਚਾਰ ਚਫੇਰਿਉਂ ਸਰਕਸ ਦੇ ਸਾਰੇ ਦਰਵਾਜੇ ਬੰਦ ਕਰ ਕੇ ਜਿੰਦੇ ਲਾ ‘ਤੇ ਬਈ ਕੋਈ ਬਾਹਰ ਨਾ ਨਿੱਕਲ ਸਕੇ। ਲੋਕ ਰੌਲਾ ਪਾਉਣ ਬਈ ਛੇਤੀ ਵਖਾਉ ਸਰਕਸ। ਜਦੋਂ ਸਾਰੇ ਜਣੇ ਚੁੱਪ ਕਰ ਗੇ ਤਾਂ ਉਨ੍ਹਾਂ ਨੇ ਇੱਕ ਸ਼ੇਰ ਖੋਹਲ ‘ਤਾ। ਸ਼ੇਰ ਖੁੱਲ੍ਹ ਗਿਆ ਵੇਖ ਕੇ ਲੋਕਾਂ ‘ਚ ਹਫੜਾ ਦਫੜੀ ਮੱਚ ਗੀ। ਸਰਕਸ ਦੇ ਦਰਵਾਜੇ ਸਾਰੇ ਬੰਦ ਸੀ। ਲੋਕਾਂ ਨੂੰ ਬਾਹਰ ਨਿਕਲਣ ਨੂੰ ਥਾਂ ਨਾ ਮਿਲੇ। ਅਖੀਰ ਸਕੀਮੀਆਂ ਦੇ ਬੁੜ੍ਹਿਆਂ ਨੇ ਬਾਹਰ ਨਿਕਲਣ ਦੀ ਸੌ ਰਪੀਆ ਟਿਕਟ ਰੱਖ ‘ਤੀ। ਵੱਸ ਫੇਰ ਨਾਥਾ ਸਿਆਂ ਕੀ ਪੁੱਛਦੈਂ। ਸਕੀਮੀਆਂ ਦੇ ਬੁੜ੍ਹਿਆਂ ਨੇ ਰਪੀਆਂ ਦਾ ਗੱਡਾ ਭਰ ਲਿਆ। ਸੁਰਜਨ ਬਿੰਬਰ ਦਾ ਦਾਦਾ ਦੱਸਦਾ ਸੀ, ਅਕੇ ਸਕੀਮੀਆਂ ਦੇ ਟੱਬਰ ਨੇ ਤਿੰਨ ਚਾਰ ਦਿਨ ਲਾ ‘ਤੇ ਰਪੀਏ ਗਿਣਨ ਨੂੰ, ਐਨੇ ਰਪੀਏ ‘ਕੱਠੇ ਹੋ ਗੇ ਸੀ। ਲੋਕਾਂ ਨੇ ਸ਼ੇਰ ਤੋਂ ਡਰਦਿਆਂ ਨੇ ਬਾਹਰ ਨਿਕਲਣ ਦੀ ਸੌ-ਸੌ ਰਪੀਏ ਦੀ ਟਿਕਟ ਕਟਾ ਕੇ ਬਾਹਰ ਨਿਕਲ ਕੇ ਜਾਣ ਬਚਾਈ। ਕਈ ਹਰਫਲੇ ਵੇ ਤਾਂ ਕਾਹਲੀ ‘ਚ ਬਟੂਏ ਈ ਫੜਾ ਗੇ। ਉਨ੍ਹਾਂ ਨੂੰ ਤਾਂ ਹੋ ਸਕਦਾ ਟਿਕਟ ਸੌ ਰਪੀਏ ਤੋਂ ਵੀ ਮਹਿੰਗੀ ਪਈ ਹੋਵੇ। ਜਿਹੜੇ ਬਟੂਏ ‘ਚ ਚਾਰ ਛਿੱਲੜ ਹੋਣੇ ਐਂ, ਸਭ ਸ਼ੇਰ ਦੀ ਭੇਂਟ ਚੜ੍ਹਾ ‘ਤੇ ਹੋਣਗੇ। ਉਦੋਂ ਦੇ ਰਪੀਏ ‘ਕੱਠੇ ਹੋਏ ਵੇ ਐ। ਹੁਣ ਆ ਕੇ ਬੋਲੇ ਐ ਸਰਕਸ ਆਲੇ ਰਪੀਏ। ਉਹ ਵੀ ਬਚਿੱਤਰ ਸਿਉਂ ਦੇ ਪੋਤਿਆਂ ਨੇ ਰੌਲਾ ਰੂਲਾ ਪਾ ਕੇ ਰਪੀਏ ਕਢਾ ਲੇ, ਇਹ ਬੁੜ੍ਹੇ ਕਿੱਥੋਂ ਕੱਢਦੇ ਸੀ। ਏਸੇ ਗੱਲ ਕਰਕੇ ਲੋਕ ਇਨ੍ਹਾਂ ਨੂੰ ਸਰਕਸ ਆਲੇ ਸਕੀਮੀਆਂ ਦਾ ਲਾਣਾ ਕਹਿੰਦੇ ਐ। ਸਕੀਮ ਲਾ ਕੇ ਪੈਂਸੇ ਬਣਾ ਗੇ।”
ਪ੍ਰਤਾਪਾ ਭਾਊ ਕਹਿੰਦਾ, ”ਅੱਜ ਪਈ ਜਾਂਦਾ ਸਕੀਮੀਆਂ ਦੇ ਘਰ ਦਾ ਲੈਂਟਰ। ਕਹਿੰਦੇ ਦੋ ਢਾਈ ਸੌ ਬੰਦਾ ਲੱਗਿਆ ਵਿਆ ਲੈਂਟਰ ਪਾਉਣ। ਘਰ-ਘਰ ਦਾ ਬੰਦਾ ਗਿਆ ਵਿਆ ਪਿੰਡ ‘ਚੋਂ।” ਏਨੇ ਚਿਰ ਨੂੰ ਗੱਲਾਂ ਕਰਦਿਆਂ ਕਰਦਿਆਂ ਤੋਂ ਗੁਰਦੁਆਰੇ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ‘ਸਰਕਸ ਵਾਲੇ ਬਚਿੱਤਰ ਸਿਉਂ ਸਕੀਮੀਆਂ ਦੇ ਲਾਣੇ ਕੇ ਘਰ ਦਾ ਜਿਹੜਾ ਲੈਂਟਰ ਪੈਂਦਾ ਸੀ ਉਹਦਾ ਕਾਲਬ ਡਿੱਗ ਪਿਆ ਤੇ ਬਹੁਤ ਸਾਰੇ ਬੰਦੇ ਕਾਲਬ ਦੇ ਹੇਠਾਂ ਆ ਗਏ। ਛੇਤੀ ਤੋਂ ਛੇਤੀ ਉਨ੍ਹਾਂ ਦੇ ਨਮੇਂ ਬਣਦੇ ਘਰੇ ਪਹੁੰਚੋ’।
ਸਪੀਕਰ ‘ਚੋਂ ਹੋਕਾ ਸੁਣਦੇ ਸਾਰ ਸੱਥ ਵਾਲੇ ਸਾਰੇ ਜਣੇ ਹੇਰਾ ਫੇਰੀ ਨਾਲ ‘ਕੱਠੇ ਕੀਤੇ ਪੈਸਿਆਂ ਦੀਆਂ ਗੱਲਾਂ ਕਰਦੇ ਸਰਕਸ ਵਾਲੇ ਸਕੀਮੀਆਂ ਦੇ ਘਰ ਨੂੰ ਭੱਜ ਨਿਕਲੇ ਤੇ ਵੇਂਹਦਿਆਂ ਵੇਂਹਦਿਆਂ ਸੱਥ ਖਾਲੀ ਹੋ ਗਈ।