ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ, 26000 ਲੋਕ ਹੋਏ ਬੇਘਰ

ਕੈਲੀਫੋਰਨੀਆ : ਉੱਤਰੀ ਕੈਲੀਫੋਰਨੀਆ ਵਿੱਚ ਬੀਤੇ ਦਿਨ ਭਿਆਨਕ ਗਰਮੀ ਦੇ ਵਿਚਕਾਰ ਜੰਗਲ ਵਿੱਚ ਲੱਗੀ ਅੱਗ ਨੇ ਆਸਪਾਸ ਦੇ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਘੱਟੋ-ਘੱਟ 26,000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਫਾਇਰਫਾਈਟਰਜ਼ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅੱਗ ਬੁਝਾਉਣ ਲਈ ਹੈਲੀਕਾਪਟਰਾਂ ਤੋਂ ਪਾਣੀ ਵੀ ਪਾਇਆ ਜਾ ਰਿਹਾ ਹੈ।
ਬੱਟ ਕਾਉਂਟੀ ਦੇ ਔਰੋਵਿਲ ਕਸਬੇ ਦੇ ਨੇੜੇ ਇੱਕ ਜੰਗਲੀ ਖੇਤਰ ਵਿੱਚ ਮੰਗਲਵਾਰ ਨੂੰ ਸਭ ਤੋਂ ਪਹਿਲਾਂ ਅੱਗ ਲੱਗੀ, ਜਿਸ ਨਾਲ ਧੂੰਏਂ ਦੇ ਵੱਡੇ-ਵੱਡੇ ਬਦਲ ਬਣ ਗਏ। ਔਰੋਵਿਲ ਦੇ ਮੇਅਰ ਡੇਵਿਡ ਪਿਟਮੈਨ ਨੇ ਕਿਹਾ ਕਿ ਬੀਤੇ ਦਿਨ ਤੱਕ ਇਸ ਪ੍ਰਕੋਪ ਨੂੰ ਕੁਝ ਹੱਦ ਤੱਕ ਕਾਬੂ ਵਿੱਚ ਕਰ ਲਿਆ ਗਿਆ ਸੀ ਅਤੇ ਉਮੀਦ ਹੈ ਕਿ ਕੁਝ ਲੋਕਾਂ ਨੂੰ ਜਲਦੀ ਹੀ ਘਰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਇਸ ਦੌਰਾਨ ਬੀਤੇ ਦਿਨ ਔਰੋਵਿਲ ਤੋਂ ਕਰੀਬ ਅੱਠ ਕਿਲੋਮੀਟਰ ਦੱਖਣ ਵੱਲ ਗਰਬਸ ਨਾਮਕ ਸਥਾਨ ‘ਤੇ ਅੱਗ ਲੱਗ ਗਈ, ਜਿਸ ਕਾਰਨ ਪਲੇਰਮੋ ਸ਼ਹਿਰ ਦੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ। ਉਥੇ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਬੀਤੇ ਦਿਨੀਂ ਔਰੋਵਿਲ ਵਿੱਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ ਅਤੇ ਲੋਕਾਂ ਦੇ ਰਹਿਣ ਲਈ ਆਸਰਾ ਕੈਂਪ ਲਗਾਏ ਗਏ ਸਨ।

Exit mobile version