ਧਰਮ ਨਿਰਪੱਖਤਾ ਕਾਨੂੰਨ ਸਬੰਧੀ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈਣ ਤੋਂ ਪਿੱਛੇ ਹਟੇ ਜਸਟਿਸ ਮਹਿਮੂਦ ਜਮਾਲ

ਔਟਵਾ : ਕੈਨੇਡਾ ਦੀ ਸੁਪਰੀਮ ਕੋਰਟ ਦੇ ਇੱਕ ਜੱਜ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਨਹੀਂ ਲੈਣਗੇ ਕਿ ਕੋਰਟ ਕਿਊਬੈਕ ਦੇ ਧਰਮ ਨਿਰਪੱਖਤਾ ਕਾਨੂੰਨ, ਜਿਸਨੂੰ ਬਿੱਲ 21 ਵਜੋਂ ਜਾਣਿਆ ਜਾਂਦਾ ਹੈ, ਦੀ ਅਪੀਲ ਸੁਣੇਗੀ ਜਾਂ ਨਹੀਂ।

ਜਸਟਿਸ ਮਹਿਮੂਦ ਜਮਾਲ ਨੇ ਅਦਾਲਤ ਦੇ ਰਜਿਸਟਰਾਰ ਦੁਆਰਾ ਮੰਗਲਵਾਰ ਨੂੰ ਜਾਰੀ ਇੱਕ ਪੱਤਰ ਵਿੱਚ ਕਿਹਾ ਹੈ ਕਿ ਹਾਲਾਂਕਿ ਉਨ੍ਹਾਂ ਦੇ ਆਪਣੇ ਆਪ ਨੂੰ ਪਾਸੇ ਕਰਨ ਦਾ ਕੋਈ ਕਾਨੂੰਨੀ ਅਧਾਰ ਨਹੀਂ ਹੈ, ਪਰ ਉਹਨਾਂ ਨੇ ਮਾਮਲੇ ਦੇ ਭਟਕਣ ਤੋਂ ਬਚਣ ਲਈ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ।

ਪਿਛਲੇ ਹਫ਼ਤੇ, ਕਿਊਬੈਕ ਦੇ ਅਟਾਰਨੀ ਜਨਰਲ ਅਤੇ ਹੋਰ ਸਮੂਹਾਂ ਨੇ ਜਸਟਿਸ ਜਮਾਲ ਨੂੰ ਕੇਸ ਤੋਂ ਹਟਣ ਦੀ ਮੰਗ ਕੀਤੀ ਸੀ ਕਿਉਂਕਿ ਜਿਸ ਸਮੇਂ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਨੇ 2019 ਵਿੱਚ ਸੁਪੀਰੀਅਰ ਕੋਰਟ ਵਿੱਚ ਬਿੱਲ 21 ਨੂੰ ਚੁਣੌਤੀ ਦਿੱਤੀ ਸੀ, ਉਦੋਂ ਜਸਟਿਸ ਜਮਾਲ ਇਸ ਸੰਸਥਾ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਸਨ।

25 ਜੂਨ ਨੂੰ ਜਦੋਂ ਇਹ ਮੁੱਦਾ ਪਹਿਲੀ ਵਾਰ ਉਠਾਇਆ ਗਿਆ ਸੀ ਤਾਂ ਜਮਾਲ ਨੇ ਉਸ ਸਮੇਂ ਵਿਚ ਕਿਹਾ ਸੀ ਕਿ ਉਹਨਾਂ ਦਾ ਇਸ ਕੇਸ ਤੋਂ ਆਪਣੇ ਆਪ ਨੂੰ ਪਾਸੇ ਕਰਨ ਦਾ ਕੋਈ ਇਰਾਦਾ ਨਹੀਂ। ਫਰਵਰੀ ਵਿੱਚ, ਕਿਊਬੈਕ ਦੀ ਅਪੀਲ ਕੋਰਟ ਨੇ ਸੂਬੇ ਦੇ ਧਰਮ ਨਿਰਪੱਖਤਾ ਕਾਨੂੰਨ ਨੂੰ ਬਰਕਰਾਰ ਰੱਖਿਆ ਸੀ। ਇਹ ਕਾਨੂੰਨ ਕੁਝ ਪਬਲਿਕ ਸੈਕਟਰ ਦੇ ਵਰਕਰਾਂ ਨੂੰ ਕੰਮਕਾਜ ਦੀ ਥਾਂ ‘ਤੇ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਦਾ ਹੈ।

ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਅਤੇ ਹੋਰ ਸਮੂਹਾਂ ਵੱਲੋਂ ਉਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਲਈ ਪਟੀਸ਼ਨ ਪਾਈ ਜਾ ਚੁੱਕੀ ਹੈ, ਪਰ ਕੋਰਟ ਨੇ ਅਜੇ ਇਹ ਨਹੀਂ ਕਿਹਾ ਹੈ ਕਿ ਕੀ ਉਹ ਕੇਸ ਦੀ ਸੁਣਵਾਈ ਕਰੇਗੀ ਜਾਂ ਨਹੀਂ।

Exit mobile version