ਹਵਾ ਪ੍ਰਦੂਸ਼ਣ ਕਾਰਣ ਕੈਨੇਡਾ ‘ਚ ਹਰ ਸਾਲ ਹੋ ਰਹੀ ਹੈ 1100 ਦੇ ਕਰੀਬ ਲੋਕਾਂ ਦੀ ਮੌਤ

ਸਰੀ, (ਸਿਮਰਨਜੀਤ ਸਿੰਘ):  ਮਾਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਹੈ ਕਿ ਕੈਨੇਡਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਪ੍ਰਤੀ ਸਾਲ ਅੰਦਾਜ਼ਨ 1,100 ਲੋਕਾਂ ਦੀ ਮੌਤ ਵਾਹਨਾਂ ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਧੂੰਏ ਤੋਂ ਫੈਲ ਰਹੇ ਪ੍ਰਦੂਸ਼ਣ ਕਾਰਨ ਹੋ ਰਹੀ ਹੈ।

ਅਮੈਰੀਕਨ ਜਰਨਲ ਆਫ ਰੈਸਪੀਰੇਟਰੀ ਐਂਡ ਕ੍ਰਿਟੀਕਲ ਕੇਅਰ ਮੈਡੀਸਨ ਵਿੱਚ ਪ੍ਰਕਾਸ਼ਿਤ ਉਹਨਾਂ ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਅਲਟਰਾਫਾਈਨ ਕਣ ਵਜੋਂ ਜਾਣੇ ਜਾਂਦੇ ਇਹ ਕਣ ਜਦੋਂ ਵਿਅਕਤੀਆਂ ਦੇ ਸੰਪਰਕ ਵਿੱਚ ਲੰਬਾ ਸਮਾਂ ਰਹਿਣ ਲੱਗਦੇ ਹਨ ਤਾਂ ਇਹ ਖਾਸ ਤੌਰ ‘ਤੇ ਸਾਹ ਅਤੇ ਕੋਰੋਨਰੀ ਆਰਟਰੀ ਵਰਗੀਆਂ ਬਿਮਾਰੀਆਂ ਦੇ ਨਾਲ ਨਾਲ ਮੌਤ ਦੇ ਜੋਖਮ ਨੂੰ ਵਧਾਉਂਦੇ ਹਨ।

ਖੋਜਕਰਤਾਵਾਂ ਨੇ ਟੋਰਾਂਟੋ ਅਤੇ ਮਾਂਟਰੀਅਲ ਦੇ ਆਂਢ-ਗੁਆਂਢ ਵਿੱਚ 2001 ਅਤੇ 2016 ਦੇ ਵਿਚਕਾਰ ਹਵਾ ਪ੍ਰਦੂਸ਼ਣ ਦੇ ਪੱਧਰਾਂ ਦਾ ਪਤਾ ਲਗਾਇਆ ਜਿਥੇ ਕਿ ਕੁੱਲ 1.5 ਮਿਲੀਅਨ ਲੋਕਾਂ ਦੇ ਘਰ ਹਨ ਅਤੇ ਅਲਟਰਾਫਾਈਨ ਕਣ ਦੇ ਸੰਪਰਕ ਅਤੇ ਮੌਤ ਦੇ ਜੋਖਮ ਦੇ ਵਿਚਕਾਰ ਸਬੰਧ ਦੀ ਗਣਨਾ ਕਰਨ ਲਈ ਅੰਕੜੇ ਇਕੱਠੇ ਕੀਤੇ। ਲੀਡ ਇਨਵੈਸਟੀਗੇਟਰ ਸਕੌਟ ਵੇਈਚੈਂਥਲ ਨੇ ਮੈਕਗਿਲ ਦੀ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਹੈ ਕਿ ਕਣਾਂ ਦੇ ਛੋਟੇ ਆਕਾਰ ਉਹਨਾਂ ਨੂੰ ਮਨੁੱਖੀ ਸਰੀਰ ਵਿੱਚ ਡੂੰਘੇ ਪ੍ਰਵੇਸ਼ ਕਰਕੇ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੋ ਜਾਂਦੇ ਹਨ ਜਿਸ ਕਾਰਨ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦੇ ਨਾਲ-ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ।  ਅਧਿਐਨ ਕਰਨ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਅਲਟਰਾਫਾਈਨ ਕਣ ਦੀ ਰੋਕਥਾਮ ਲਈ ਸੀਮਾਵਾਂ ਨਿਰਧਾਰਤ ਕਰਨ ਦੀ ਲੋੜ ਹੈ ਅਤੇ ਜ਼ਹਿਰੀਲਾ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਵੱਡੇ ਜੁਰਮਾਨਾ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ ਜਾਣਾ ਚਾਹੀਦਾ ਹੈ।

Related Articles

Latest Articles

Exit mobile version