ਬਾਗੀ ਤੇ ਦਾਗੀ ਅਕਾਲੀ ਆਗੂ ਅਨੰਦਪੁਰ ਸਾਹਿਬ ਦੇ ਮਤੇ ਤੋਂ ਭਗੌੜੇ ਕਿਉਂ ਹਨ?

ਕੀ ਅਕਾਲ ਤਖਤ ਤੋਂ ਅਕਾਲੀ ਲੀਡਰਾਂ ਦੀ ਜੁਆਬਦੇਹੀ ਹੋਵੇਗੀ?
ਕੋਈ ਵੀ ਅਕਾਲੀ ਆਗੂ ਚਾਹੇ ਬਾਗੀ ਹਨ ਚਾਹੇ ਦਾਗੀ ਹਨ ,ਸਭ ਨੇ ਅਨੰਦਪੁਰ ਮਤੇ ਨੂੰ ਬੇਦਾਵਾ ਦਿਤਾ ਹੋਇਆ ਹੈ।ਅਧੀ ਕੌਮ ਮੋਰਚਿਆਂ ਵਿਚ ਤਬਾਹ ਕਰਕੇ ਲਹੂ ਲੂਹਾਨ ਕਰਕੇ ਸਿਖ ਪੰਥ ਨੂੰ ਨਿਤਾਣਾ ਕਰਨ ਤੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਅਸੀਂ ਕਹਿੰਦੇ ਹਾਂ ਸਾਡੀ ਖੇਡ ਖੇਡੀ ਜਾਵੋ। ਮਤਲਬ ਕਿ ਅਸੀਂ ਬਾਕੀ ਪਾਰਟੀਆਂ ਵਰਗੇ ਹੀ ਹਾਂ।ਸੱਤਾ ਦੀ ਭੁਖ ,ਅਨੰਦਪੁਰ ਮਤੇ ਦਾ ਤਿਆਗ ਅਕਾਲੀ ਲੀਡਰਸ਼ਿਪ ਦੇ ਧੋਖਿਆਂ ਦੀ ਕਹਾਣੀ ਹੈ।ਇਸੇ ਕਰਕੇ ਅਨੰਦਪੁਰ ਮਤੇ ਨੂੰ ਵਿਸਾਰਨ ਵਾਲੇ ਸੰਤ ਹਰਚੰਦ ਸਿੰਘ ਲੌਗੋਵਾਲ ਇਨ੍ਹਾਂ ਸਤਾ ਲਾਲਸਾ ਰਖਣ ਵਾਲਿਆਂ ਦੇ ਮਹਾਗੁਰੂ ਸਨ ਤੇ ਇਸੇ ਕਰਕੇ ਅਕਾਲੀ ਲੀਡਰਸ਼ਿਪ ਲੌਂਗੋਵਾਲ ਦੀਆਂ ਬਰਸੀਆਂ ਮਨਾਉਂਦੇ ਹਨ ਜਿਸ ਨੇ ਸਿਖ ਪੰਥ ਤੇ ਪੰਜਾਬ ਦੇ ਹੱਕਾਂ ਨਾਲ ਧੋਖਾ ਕੀਤਾ।
ਕੀ ਸੀ ਅਨੰਦਪੁਰ ਦਾ ਮਤਾ
ਭਾਰਤ ਵਿੱਚ ਜੇ ਕਿਸੇ ਖੇਤਰੀ ਏਜੰਡੇ ਨੇ ਕਦੇ ਕੌਮੀ ਸਿਆਸਤ ਦਾ ਰੁਖ਼ ਤੈਅ ਕੀਤਾ ਹੈ, ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ‘ਅਨੰਦਪੁਰ ਸਾਹਿਬ ਦਾ ਮਤਾ’ ਹੈ।
ਮਤੇ ਵਿੱਚ ਲਿਖਿਆ ਗਿਆ ਹੈ, “ਸ਼੍ਰੋਮਣੀ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ, ਨਿਸ਼ਚਿਤ ਤੌਰ ‘ਤੇ ਸਾਹਿਬ ਦਸਮ ਪਾਤਸ਼ਾਹ ਦੇ ਆਦੇਸ਼ਾਂ, ਸਿੱਖ ਇਤਿਹਾਸ ਦੇ ਪੰਨਿਆਂ ਅਤੇ ਖ਼ਾਲਸਾ ਪੰਥ ਦੇ ‘ਮਨ-ਮੰਦਰ’ ਵਿੱਚ ਉਕਰਿਆ ਚੱਲਿਆ ਆ ਰਿਹਾ ਹੈ, ਜਿਸ ਦਾ ਮਨੋਰਥ ‘ਖਾਲਸਾ ਜੀ ਦੇ ਬੋਲ-ਬਾਲੇ’ ਹੈ।”
ਇਸ ਮਤੇ ਵਿਚ ਅੱਗੇ ਲਿਖਿਆ ਗਿਆ ਹੈ, “ਖਾਲਸਾ ਜੀ ਦੇ ਇਸ ਜਨਮ ਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੋੜੀਂਦੇ ਦੇਸ-ਕਾਲ ਅਤੇ ਰਾਜਸੀ ਵਿਧਾਨ ਦੀ ਸਿਰਜਨਾ-ਪ੍ਰਾਪਤੀ, ਸ਼ੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ।”
ਇਹੀ ਰਾਜਸੀ ਨਿਸ਼ਾਨਾ ਯਾਨੀ ਸਿਆਸੀ ਉਦੇਸ਼ ਫੈਡਰਲਿਜ਼ਮ ਸੀ।
ਇਹ ਮਤਾ ਅਖੀਰ ਰਾਜੀਵ-ਲੌਂਗੋਵਾਲ ਸਮਝੌਤੇ ਅਧੀਨ ਸਰਕਾਰੀਆ ਕਮਿਸ਼ਨ ਕੋਲ ਭੇਜ ਦਿੱਤਾ ਗਿਆ ਅਤੇ ਫਿਰ ਸੂਬੇ ਵਿੱਚ ਅਕਾਲੀ ਸਿਆਸਤ ਤੋਂ ਦੂਰ ਹੋ ਗਿਆ।ਆਨੰਦਪੁਰ ਮਤੇ ਦਾ ਤਿਆਗ ਅਕਾਲੀ ਆਗੂਆਂ ਦੀ ਸਿਆਸੀ ਮੌਤ ਸੀ।
ਇਸ ਮਤੇ ਦਾ ਨਿਸ਼ਾਨਾ ਸੀ ਕੰਗਾਲੀ ਭੁੱਖ ਨੰਗ ਤੇ ਥੁੜ੍ਹ ਨੂੰ ਦੂਰ ਕਰਨਾ, ਨਿਆਂਕਾਰ ਤੇ ਚੰਗੇ ਨਿਜ਼ਾਮ ਨੂੰ ਕਾਇਮ ਕਰਨ ਲਈ ਦੌਲਤ ਤੇ ਉਪਜ ਨੂੰ ਵਧਾਉਣਾ ਤੇ ਮੌਜੂਦਾ ਕਾਣੀ ਵੰਡ ਤੇ ਲੁੱਟ-ਖਸੁੱਟ ਨੂੰ ਦੂਰ ਕਰਨਾ । ਗੁਰਮਤਿ ਆਸ਼ੇ ਅਨੁਸਾਰ ਅਨਪੜ੍ਹਤਾ, ਛੂਤ-ਛਾਤ ਤੇ ਜ਼ਾਤ-ਪਾਤ ਦੇ ਵਿਤਕਰੇ ਨੂੰ ਹਟਾਉਣਾ ।
ਮੰਦੀ ਸਿਹਤ ਤੇ ਬੀਮਾਰੀ ਨੂੰ ਦੂਰ ਕਰਨ ਦੇ ਉਪਾਓ, ਨਸ਼ਿਆਂ ਦੀ ਨਿਖੇਧੀ ਅਤੇ ਬੰਦਸ਼ ਤੇ ਸਰੀਰਕ ਅਰੋਗਤਾ ਦਾ ਵਾਧਾ, ਜਿਸ ਨਾਲ ਕੌਮ ਵਿੱਚ ਉਤਸ਼ਾਹ ਜਾਗੇ ਤੇ ਉਹ ਕੌਮੀ ਬਚਾਉ ਲਈ ਤਿਆਰ ਹੋ ਸੱਕੇ ।
ਇਹ ਮਨੋਰਥ ਸਪਸ਼ਟ ਕਰਦਾ ਹੈ ਕਿ ਅਨੰਦਪੁਰ ਸਾਹਿਬ ਦੇ ਮਤੇ ਦਾ ਰਾਜਨੀਤਕ ਮੰਤਵ ਖ਼ਾਲਸੇ ਦੇ ਬੋਲ ਬਾਲੇ, ਲੋੜੀਂਦਾ ਦੇਸ ਕਾਲ ਅਤੇ ਰਾਜਸੀ ਵਿਧਾਨ ਦੀ ਸਿਰਜਣਾ ਸੀ ।
ਸੁਆਲ ਇਹ ਹੈ ਕਿਉਂ ਭਗੌੜੀ ਹੈ ਅਕਾਲੀ ਲੀਡਰਸ਼ਿਪ ਪੰਥਕ ਨਿਸ਼ਾਨੇ ਤੋਂ ।ਸਿਧਾ ਤੇ ਸਾਦਾ ਜੁਆਬ ਹੈ ਕਿ ਇਨ੍ਹਾਂ ਦਾ ਨਿਸ਼ਾਨਾ ਸਤਾ ਹਾਸਿਲ ਕਰਨਾ ਹੈ।ਇਹ ਅਜੋਕੇ ਧਨਾਢ ਜਾਗੀਰਦਾਰ ਸਤਾ ਦੀ ਲਾਲਸਾ ਰਖਣ ਵਾਲੇ ਅਕਾਲੀ ਆਗੂਆਂ ਨੂੰ ਅਨੰਦਪੁਰ ਦਾ ਮਤਾ ਤੇ ਪੰਜਾਬ ਕਾਜ ਦੇ ਲਈ ਸੰਘਰਸ਼ ਪਸੰਦ ਨਹੀਂ ਹੈ।ਉਹ ਇਹ ਆਖਦੇ ਹਨ ਇਹ ਪੁਰਾਣੀਆਂ ਗਲਾਂ ਹਨ।ਇਹ ਅਕਾਲੀ ਆਗੂ ਆਖਦੇ ਹਨ 1920 ਵਾਲੀ ਅਕਾਲੀ ਵਿਰਾਸਤ ਨਹੀਂ ਚਲਣੀ,ਕਿਉਂ ਕਿ ਉਸ ਸਮੇਂ ਦਾ ਸਿਖ ਕਿਰਦਾਰ ਹੁਣ ਨਹੀਂ ਹੈ।
ਕੀ ਪੰਥ ਦੇ ਨਿਸ਼ਾਨੇ ਤੋਂ ਭਗੌੜੇ ਹੋਣ ਵਾਲੇ ਅਕਾਲੀ ਆਗੂਆਂ ਨੂੰ ਸਿਖ ਪੰਥ ਮਨਜੂਰ ਕਰੇਗਾ।ਕੀ ਜਥੇਦਾਰ ਅਕਾਲ ਤਖਤ ਪੰਥਕ ਵਿਰਾਸਤ ਦੀ ਰਖਿਆ ਲਈ ਤੇ ਪੰਥਕ ਨਿਸ਼ਾਨਾ ਬਚਾਉਣ ਲਈ ਉਪਰਾਲਾ ਕਰਨਗੇ।ਦੋਸ਼ੀ ਲੀਡਰਸ਼ਿਪ ਨੂੰ ਕਟਿਹਰੇ ਵਿਚ ਖੜਾ ਕਰਨਗੇ।

Related Articles

Latest Articles

Exit mobile version