ਧਰਤੀ ਸਾਡੀ ਰਹਿਣ ਬਸੇਰਾ,
ਪਰ ਪਾਣੀ ਬਿਨ ਘੋਰ ਹਨੇਰਾ।
ਗੰਦਾ ਕਰੀ ਜਾਂਦਾ ਤੂੰ ਬੰਦਿਆ,
ਕਰਕੇ ਆਪਣਾ ਵੱਡਾ ਜੇਰਾ।
ਅਕਲ ਤੇਰੀ ਪਰ ਲਾ ਕੇ ਉੱਡ ਗਈ,
ਪਾਣੀ ਬਿਨ ਨੀ ਸਰਨਾ ਤੇਰਾ।
ਨਵੀਂ ਨਸਲ ਦਾ ਘਾਣ ਕਰੇਂਦਾ,
ਲਾਹਣਤਾਂ ਤੈਨੂੰ ਪਾਉਣਾ ਘੇਰਾ।
ਸਾਇੰਸ ਤਰੱਕੀ ਕੀਤੀ ਵਾਧੂ,
ਪਰ ਪਾਣੀ ਨਾ ਬਣਿਆ ਤੇਰਾ।
ਹੈ ਜੀਵਨ ਦੀ ਜਾਨ ਇਹ ਪਾਣੀ,
ਫਿਰ ਸਿਰ ਹੈ ਕਿਉਂ ਫਿਰਿਆ ਤੇਰਾ?
ਧਰਤੀ ਸਾਰੀ ਬੰਜਰ ਹੋ ਜੂ,
ਜਿਸ ਦਿਨ ਰਿਹਾ ਨਾ ਪਾਣੀ ਤੇਰਾ।
ਇਹ ਅਣਮੁੱਲ ਸੌਗਾਤ ਕੁਦਰਤੀ,
ਰੋੜੀ ਜਾਵੇਂ ਖਾਲ ਬਥੇਰਾ।
ਘੂਰ ਰਿਹਾ ਹੈ ਕਾਲ ਅਸਾਡਾ,
ਮੌਤ ਨੇ ਆ ਕੇ ਪਾਉਣਾ ਘੇਰਾ।
ਅੱਜ ਬੋਤਲ ਹੈ ਲਗਦੀ ਸਸਤੀ,
ਮੁੱਕੂ ‘ਸੁੱਖਿਆ’ ਰੋਊਂ ਬਥੇਰਾ।
ਲੇਖਕ : ਸੁਖਦੇਵ ਸਿੰਘ