ਸਰੀ ਵਿੱਚ ਛੁਰੇਬਾਜ਼ੀ ਕਰਨ ਵਾਲੀਆਂ ਤਿੰਨ ਔਰਤਾਂ ਦੀ ਭਾਲ, ਪੁਲਿਸ ਵਲੋਂ ਵੀਡੀਓ ਜਾਰੀ

 

ਸਰੀ : ਬੀ.ਸੀ. ਵਿੱਚ ਪੁਲਿਸ ਤਿੰਨ ਔਰਤਾਂ ਦੀ ਭਾਲ ਕਰ ਰਹੀ ਜੋ ਮਾਮੂਲੀ ਝਗੜੇ ‘ਚ ਸ਼ਾਮਲ ਹੋ ਕੇ ਛੁਰੇਬਾਜ਼ੀ ਦੀ ਘਟਨਾ ਲਈ ਜਿੰਮੇਵਾਰ ਮੰਨੀਆਂ ਜਾ ਰਹੀਆਂ ਹਨ। ਇਹ ਘਟਨਾ ਵੇਲੀ ਖੇਤਰ ਵਿੱਚ ਹੋਈ। ਸਰੀ ਆਰ.ਸੀ.ਐਮ.ਪੀ. ਨੂੰ ਬੀਤੇ ਦਿਨੀਂ ਯੂਨੀਵਰਸਿਟੀ ਡਰਾਈਵ ਨੇੜੇ 102 ਐੇਵੇਨਿਊ ‘ਤੇ ਇੱਕ ਔਰਤ ‘ਤੇ ਹਮਲੇ ਦੀ ਸੂਚਨਾ ਮਿਲੀ।
ਪੁਲਿਸ ਦੇ ਮੌਕੇ ‘ਤੇ ਪਹੁੰਚਣ ‘ਤੇ ਪਤਾ ਲੱਗਾ ਕਿ ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਛੁਰੇਬਾਜ਼ੀ ‘ਚ ਗੰਭੀਰ ਜ਼ਖ਼ਮੀ ਔਰਤ ਨੂੰ ਹਸਪਤਾਲ ਪਹੁੰਚਾ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਹਮਲਾ ਘਰ ਸਾਹਮਣੇ ਵਾਲੇ ਫੁਟਪਾਥ ‘ਤੇ ਹੋਇਆ ਸੀ।
ਸਰੀ ਆਰ.ਸੀ.ਐਮ.ਪੀ. ਮੁਤਾਬਕ, ਇਹ ਹਮਲਾ ਕਰਨ ਵਾਲੀਆਂ ਤਿੰਨ ਜਵਾਨ ਔਰਤਾਂ ਨੂੰ ਪੀੜਤ ਦੇ ਨਾਲ ਕੋਈ ਜਾਣ-ਪਹਿਚਾਣ ਨਹੀਂ ਸੀ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਤਿੰਨੋਂ ਦੀ ਉਮਰ ਲਗਭਗ 15 ਤੋਂ 20 ਸਾਲ ਦੇ ਵਿਚਕਾਰ ਹੈ।
ਪਹਿਲੀ ਸ਼ੱਕੀ ਔਰਤ ਦੀ ਸ਼ਕਲ-ਸੂਰਤ, ਵਾਲ ਘੁੰਗਰਾਲੂ ਅਤੇ ਪੋਨੀਟੇਲ ਵਿੱਚ ਬੰਨ੍ਹੇ ਹੋਏ ਸਨ। ਉਸਦੇ ਵਾਲਾਂ ਦਾ ਉੱਪਰਲਾ ਹਿੱਸਾ ਕਾਲਾ ਅਤੇ ਹੇਠਾਂ ਦਾ ਹਿੱਸਾ ਸੁਨਿਹਰੀ ਰੰਗ ਦਾ ਸੀ। ਉਸ ਨੇ ਸਲੇਟੀ ਰੰਗ ਦੀ ਸਵੈਟਪੈਂਟਸ, ਸਲੇਟੀ ਹੂਡੀ ਅਤੇ ਚਿੱਟੇ ਬੂਟ ਪਹਿਨੇ ਹੋਏ ਸਨ। ਉਸ ਕੋਲ ਇੱਕ ਕਾਲਾ ਬੈਗ ਅਤੇ ਸਾਈਡ ਬੈਗ ਵੀ ਸੀ।
ਦੂਜੀ ਸ਼ੱਕੀ ਔਰਤ ਪਤਲੀ ਸੀ, ਜਿਸ ਨੇ ਕਾਲੀ ਯੋਗਾ ਪੈਂਟ, ਕਾਲੀ ਹੂਡੀ ਜਿਸ ਉੱਤੇ ਲਾਲ ਤੇ ਸੰਤਰੀ ਲੋਗੋ ਸੀ ਅਤੇ ਕਨਵਰਸ-ਸਟਾਈਲ ਦੇ ਜੁੱਤੇ ਪਹਿਨੇ ਸਨ। ਉਸ ਦੇ ਲੰਮੇ ਵਾਲ ਲਾਲ ਤੇ ਸੰਤਰੀ ਰੰਗ ਦੇ ਸਨ ।
ਤੀਜੀ ਸ਼ੱਕੀ ਔਰਤ ਕਾਲੀ ਪੈਂਟ, ਕੈਮੋਫਲਾਜ਼ ਪੈਟਰਨ ਵਾਲੀ ਲਾਲ ਤੇ ਸੰਤਰੀ ਜ਼ਿਪ-ਅੱਪ ਹੂਡੀ ਅਤੇ ਚਿੱਟੇ ਜੁੱਤੇ ਪਹਿਨੇ ਹੋਏ ਸਨ। ਉਸ ਦੇ ਨੀਲੇ ਵਾਲ ਸਨ।
ਪੁਲਿਸ ਵਲੋਂ ਕਿਹਾ ਗਿਆ ਹੈ ਕਿ ਇਹਨਾਂ ਔਰਤਾਂ ਬਾਰੇ ਕੋਈ ਜਾਣਕਾਰੀ ਮਿਲੇ ਜਾਂ ਘਟਨਾ ਬਾਰੇ ਕੁਝ ਪਤਾ ਹੋਵੇ, ਤਾਂ ਉਸ ਨੂੰ ਤੁਰੰਤ ਸਰੀ ਆਰ.ਸੀ.ਐਮ.ਪੀ. ਨਾਲ 604-599-0502 ‘ਤੇ ਸੰਪਰਕ ਕਰ ਸਕਦਾ ਹੈ।

Exit mobile version