ਸਹੁੰ ਚੁੱਕ ਸਮਾਗਮ ਦੌਰਾਨ ਸਾਬਕਾ ਪ੍ਰੀਮੀਅਰ ਜੌਨ ਹੌਰਗਨ ਨੂੰ ਭੇਂਟ ਕੀਤੀ ਗਈ ਸ਼ਰਧਾਂਜ਼ਲੀ
ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈਬੀ ਅਤੇ ਉਨ੍ਹਾਂ ਦੇ 46 ਨਵੇਂ ਡੈਮੋਕਰੈਟਿਕ ਵਿਧਾਇਕ ਨੇ ਵਿਕਟੋਰੀਆ ਵਿੱਚ ਬੀ.ਸੀ. ਦੀ ਵਿਧਾਨ ਸਭਾ ਵਿਚ ਸਹੁੰ ਸਮਾਰੋਹ ਦੌਰਾਨ ਆਪਣੇ ਅਗਲੇ ਕਾਰਜਕਾਲ ਲਈ ਸਹੁੰ ਚੁੱਕੀ । ਇਹ ਸਮਾਰੋਹ ਸਾਬਕਾ ਮੁੱਖ ਮੰਤਰੀ ਜੌਨ ਹੋਰਗਨ ਦੀ ਮੌਤ ਦੇ ਸਿਰਫ ਇੱਕ ਦਿਨ ਬਾਅਦ ਕਰਵਾਇਆ ਗਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਵੀ ਯਾਦ ਕਰਦੇ ਹੋਏ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਮੁੱਖ ਮੰਤਰੀ ਈਬੀ ਨੇ ਸਮਾਰੋਹ ਵਿੱਚ ਸਾਬਕਾ ਮੁੱਖ ਮੰਤਰੀ ਹੋਰਗਨ ਦੀ ਉਪਸਥਿਤੀ ਮਹਿਸੂਸ ਕਰਨ ਅਤੇ ਉਨ੍ਹਾਂ ਦੇ ਸੰਦੇਸ਼ ਨੂੰ ਗ੍ਰਹਿਣ ਕਰਨ ਦੀ ਗੱਲ ਕਹੀ। ਉਹਨਾਂ ਕਿਹਾ, ”ਜੌਨ ਦੇ ਸ਼ਬਦ ਮੇਰੇ ਲਈ ਅੱਜ ਵੀ ਮਹੱਤਵਪੂਰਨ ਹਨ ਅਤੇ ਉਹ ਅਜੇ ਵੀ ਪਹਿਲਾ ਵਰਗੇ ਹਨ। ਸਾਡੇ ਵਲੋਂ ਬ੍ਰਿਟਿਸ਼ ਕੋਲੰਬੀਆ ਦੇ ਹਰ ਹਿੱਸੇ ਦੇ ਲੋਕਾਂ ਦੀ ਹਮਾਇਤ ਕੀਤੀ ਜਾਵੇਗੀ ਅਤੇ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੀਆਂ ਤਰਜੀਹਾਂ ਨੂੰ ਵੀ ਇਥੇ ਵਿਧਾਨ ਸਭਾ ਵਿੱਚ ਉਹੀ ਅਹਿਮੀਅਤ ਅਤੇ ਪ੍ਰਭਾਵ ਦੇਣਾ ਚਾਹੀਦਾ ਹੈ, ਜਿਸਦਾ ਉਹ ਹੱਕਦਾਰ ਹਨ।”
ਮੁੱਖ ਮੰਤਰੀ ਈਬੀ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਦਿੱਤੇ ਏਜੰਡੇ ਨੂੰ ਅੱਗੇ ਵਧਾਉਣ ਦੀ ਆਪਣੀ ਉਤਸੁਕਤਾ ਵੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਅਤੇ ਮੰਤਰੀ ਮੰਡਲ ਕਿਫਾਇਤੀ ਮਕਾਨ, ਮਜ਼ਬੂਤ ਅਤੇ ਸੁਰੱਖਿਅਤ ਭਾਈਚਾਰਕ ਰਚਨਾ, ਅਤੇ ਸਿਹਤ ਸੇਵਾਵਾਂ ‘ਤੇ ਕੇਂਦਰਿਤ ਰਹਿਣਗੇ।
ਮੁੱਖ ਮੰਤਰੀ ਨੇ ਸਾਫ਼ ਕਿਹਾ ਕਿ ਉਹ ਸਾਰੇ ਉਹਨਾਂ ਵਿਧਾਇਕਾਂ ਨਾਲ ਕੰਮ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਦੇ ਉਦੇਸ਼ਾਂ ਨਾਲ ਸਾਂਝੇ ਵਿਚਾਰ ਰੱਖਦੇ ਹਨ। ਉਹਨਾਂ ਕਿਹਾ, ”ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰਨਾ ਚਾਹੁੰਦੇ ਹਾਂ ਕਿ ਇਹ ਵਿਧਾਨ ਸਭਾ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਕੰਮ ਕਰੇ। ਬ੍ਰਿਟਿਸ਼ ਕੋਲੰਬੀਆ ਉਦੋਂ ਹੀ ਮਜ਼ਬੂਤ ਹੁੰਦੀ ਹੈ, ਜਦੋਂ ਅਸੀਂ ਸਾਰੇ ਇਕੱਠੇ ਕੰਮ ਕਰਦੇ ਹਾਂ, ਨਫ਼ਰਤ, ਨਸਲਵਾਦ ਅਤੇ ਭੇਦਭਾਵ ਦੇ ਖਿਲਾਫ ਲੜਦੇ ਹਾਂ ਅਤੇ ਉਹਨਾਂ ਤਰਜੀਹਾਂ ‘ਤੇ ਟਿਕੇ ਰਹਿੰਦੇ ਹਾਂ ਜਿਨ੍ਹਾਂ ਲਈ ਲੋਕਾਂ ਨੇ ਸਾਨੂੰ ਚੁਣਿਆ ਹੈ।”
ਨਵੇਂ ਡੈਮੋਕਰੈਟਿਕ ਵਿਧਾਇਕਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਸਾਬਕਾ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਜੌਨ ਹੋਰਗਨ ਦੀ ਯਾਦ ਕਰਦੇ ਹੋਏ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਉਹਨਾਂ ਦੀ ਮੌਤ, ਮੰਗਲਵਾਰ ਨੂੰ 65 ਸਾਲ ਦੀ ਉਮਰ ਵਿੱਚ ਤੀਸਰੀ ਵਾਰ ਕੈਂਸਰ ਨਾਲ ਜੂਝਦੇ ਹੋਏ ਹੋਈ। ਸਮਾਰੋਹ ਤੋਂ ਪਹਿਲਾਂ, ਸੌਂਗੀਸ ਨੇਸ਼ਨ ਦੇ ਬਜ਼ੁਰਗ ਬੁੱਚ ਡਿਕ ਨੇ ਹੋਰਗਨ ਦੇ ਪਰਿਵਾਰ ਲਈ ਸੰਵੇਦਨਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਹੋਰਗਨ ”ਲੋਕਾਂ ਦੇ ਦੋਸਤ” ਸਨ। ਵਿਧਾਨ ਸਭਾ ਦੀ ਕਲਰਕ ਕੇਟ ਰਾਇਨ-ਲਾਇਡ ਨੇ ਵੀ ਹੋਰਗਨ ਦੀ ਸੇਵਾ ਅਤੇ ਉਹਨਾਂ ਦੇ ਸਮਰਪਣ ਲਈ ਸ਼ਰਧਾਂਜਲੀ ਦਿੱਤੀ। ਡੇਵਿਡ ਈਬੀ ਨੇ ਆਪਣੀ ਨਵੀਂ ਸਰਕਾਰ ਲਈ ਮੁੱਖ ਤੌਰ ‘ਤੇ “ਰੋਜ਼ਾਨਾ ਦੀ ਜ਼ਿੰਦਗੀ” ਦੇ ਮੁੱਦਿਆਂ ‘ਤੇ ਧਿਆਨ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਉਹ ਘਰੇਲੂ ਆਰਥਿਕਤਾ, ਸਿਹਤ ਸੇਵਾਵਾਂ, ਅਤੇ ਜਨਤਕ ਸੁਰੱਖਿਆ ਵਰਗੇ ਮੁੱਦਿਆਂ ਨੂੰ ਤਰਜੀਹ ਦੇਣਗੇ, ਹਾਲਾਂਕਿ ਹੋਰ ਨੀਤੀਖੇਤਰਾਂ ਵਿੱਚ ਅਹਿਮ ਫੈਸਲੇ ਕੀਤੇ ਜਾਣਗੇ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ”ਸਾਡੀ ਸਰਕਾਰ ਦਾ ਧਿਆਨ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੁਆਰਾ ਦਿੱਤੇ ਗਏ ਸੰਦੇਸ਼ ਦੇ ਅਨੁਸਾਰ ਹੀ ਰਹੇਗਾ। ਉਹ ਚਾਹੁੰਦੇ ਹਨ ਕਿ ਅਸੀਂ ਮੁੱਢਲੀ ਜ਼ਰੂਰਤਾਂ ‘ਤੇ ਕੇਂਦਰਿਤ ਰਹੀਏ। ਇਸ ਵਾਰ ਇੱਕ ਅਜਿਹੀ ਕੈਬਨਿਟ ਦਿਖਾਈ ਦੇਵੇਗੀ ਜੋ ਇਨ੍ਹਾਂ ਮੁੱਦਿਆਂ ਅਤੇ ਪ੍ਰਥਮਿਕਤਾਵਾਂ ‘ਤੇ ਕੰਮ ਕਰੇਗੀ।”