ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੁਖ ਮੰਤਰੀ ਜੌਨ ਹੋਰਗਨ ਦਾ ਬੀਾੇ ਦਿਨੀਂ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 65 ਸਾਲ ਦੇ ਸਨ ਅਤੇ ਪਿਛਲੇ ਪੰਜ ਮਹੀਨਿਆਂ ਤੋਂ ਬਿਮਾਰੀ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਜੂਨ ਵਿੱਚ ਉਨ੍ਹਾਂ ਨੂੰ ਗਲੇ ਦਾ ਕੈਂਸਰ ਹੋਣ ਦੀ ਪੁਸ਼ਟੀ ਹੋਈ ਸੀ। ਜ਼ਿਕਰਯੋਗ ਹੈ ਕਿ ਜੌਨ ਹੋਰਗਨ ਜਰਮਨੀ ਵਿੱਚ ਕੈਨੇਡਾ ਦੇ ਰਾਜਦੂਤ ਵਜੋਂ ਤੈਨਾਤ ਵੀ ਰਹੇ, ਜਿਥੇ ਉਹ ਆਪਣੀ ਪਤਨੀ ਐਲੀ ਨਾਲ ਬਰਲਿਨ ਵਿੱਚ ਰਹਿੰਦੇ ਸਨ। ਆਪਣੇ ਅਖੀਰੀ ਦਿਨਾਂ ‘ਚ ਇਲਾਜ ਲਈ ਉਹ ਬੀ.ਸੀ. ਦੇ ਰਾਇਲ ਜੁਬਲੀ ਹਸਪਤਾਲ ਦਾਖਲ ਸਨ।
ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਪਿਛਲੇ ਹਫਤੇ ਉਨ੍ਹਾਂ ਦਾ ਕੈਂਸਰ ਸਰੀਰ ਦੇ ਹਰ ਹਿੱਸੇ ਵਿੱਚ ਫੈਲ ਚੁੱਕਾ ਸੀ । ਮੰਗਲਵਾਰ ਨੂੰ ਉਹਨਾਂ ਨੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਆਪਣੇ ਆਖਰੀ ਸਾਹਲ ਲਏ। ਉਨ੍ਹਾਂ ਦੇ ਪਰਿਵਾਰ ਨੇ ਇਕ ਬਿਆਨ ਵਿੱਚ ਕਿਹਾ, “ਉਹ ਬ੍ਰਿਟਿਸ਼ ਕੋਲੰਬੀਆ ਅਤੇ ਇੱਥੋਂ ਦੇ ਲੋਕਾਂ ਦੀ ਭਲਾਈ ਲਈ ਹਰ ਪਲ ਸਮਰਪਿਤ ਰਹੇ।”
ਹੋਰਗਨ ਦੇ ਰਾਜਨੀਤਿਕ ਸਫ਼ਰ ਦੀ ਗੱਲ ਕਰੀਏ ਤਾਂ 2017 ਦੇ ਚੋਣ ਨਤੀਜਿਆਂ ਤੋਂ ਬਾਅਦ ਉਹ ਲੋਕਾਂ ਦੇ ਚਹੇਤੇ ਬਣ ਗਏ ਸਨ, ਜਦੋਂ ਐੱਨ.ਡੀ.ਪੀ. ਨੇ 87 ਵਿੱਚੋਂ 41 ਸੀਟਾਂ ਜਿੱਤੀਆਂ। ਬੀ.ਸੀ. ਗ੍ਰੀਨ ਪਾਰਟੀ ਤਿੰਨ ਸੀਟਾਂ ਜਿੱਤਣ ਤੋਂ ਬਾਅਦ, ਹੋਰਗਨ ਨੇ ਉਨ੍ਹਾਂ ਨਾਲ ਗਠਜੋੜ ਕਰਕੇ ਸਰਕਾਰ ਬਣਾਈ ਅਤੇ ਬੀ.ਸੀ. ਲਿਬਰਲ ਨੇਤਾ ਕ੍ਰਿਸਟੀ ਕਲਾਰਕ ਨੂੰ ਵੋਟ ਆਫ ਕਾਨਫਿਡੈਂਸ ਵਿੱਚ ਹਰਾ ਦਿੱਤਾ ਸੀ। ਉਹ ਜੁਲਾਈ 2017 ਤੋਂ 21 ਅਕਤੂਬਰ 2022 ਤੱਕ ਬੀ.ਸੀ. ਦੇ ਮੁਖ ਮੰਤਰੀ ਰਹੇ। ਪਹਿਲੇ ਕਾਰਜਕਾਲ ਵਿੱਚ, ਉਨ੍ਹਾਂ ਨੇ ਮਹੱਤਵਪੂਰਨ ਕਦਮ ਚੁੱਕੇ ਜਿਵੇਂ ਕਿ ਮੈਡੀਕਲ ਸਰਵਿਸ ਪ੍ਰੀਮੀਅਮ ਪਲਾਨ ਫੀਸਾਂ ਨੂੰ ਹਟਾਉਣਾ, ਮੈਟਰੋ ਵੈਨਕੂਵਰ ਦੇ ਦੋ ਪੁਲਾਂ ਦੇ ਟੋਲ ਹਟਾਏ ਅਤੇ ਸਮਾਜਿਕ ਸਹਾਇਤਾ ਵਿੱਚ ਵਾਧਾ ਕੀਤਾ।
ਹੋਰਗਨ ਨੇ ਬਹੁਤ ਸੋਚ-ਵਿਚਾਰ ਤੋਂ ਬਾਅਦ ਸਾਈਟ-ਸੀ ਡੈਮ ਪ੍ਰੋਜੈਕਟ ਨੂੰ ਅੱਗੇ ਵਧਾਇਆ। ਉਹ ਟਰਾਂਸ ਮਾਊਂਟਨ ਪਾਈਪਲਾਈਨ ਵਿਸਥਾਰ ਦੇ ਵਿਰੋਧੀ ਸਨ ਪਰ ਫੈਡਰਲ ਸਰਕਾਰ ਦੁਆਰਾ ਪਾਈਪਲਾਈਨ ਦੀ ਖਰੀਦਦਾਰੀ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਹਟਣਾ ਪਿਆ।
ਕੋਵਿਡ-19 ਮਹਾਂਮਾਰੀ ਦੇ ਦੌਰਾਨ ਵੀ ਉਨ੍ਹਾਂ ਨੇ ਬੀ.ਸੀ. ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਕੋਈ ਘਾਟ ਨਹੀਂ ਛੱਡੀ ਸੀ। 2020 ਦੀਆਂ ਮੁੜ ਚੋਣਾਂ ਵਿੱਚ, ਐੱਨ.ਡੀ.ਪੀ. ਨੇ ਫਿਰ 57 ਸੀਟਾਂ ਜਿੱਤੀਆਂ, ਜੋ ਪਾਰਟੀ ਲਈ ਇੱਕ ਨਵਾਂ ਰਿਕਾਰਡ ਸੀ। 2021 ਵਿੱਚ, ਹੋਰਗਨ ਨੂੰ ਗਲੇ ਦਾ ਕੈਂਸਰ ਹੋ ਗਿਆ ਸੀ। ਉਨ੍ਹਾਂ ਨੇ 35 ਰੇਡੀਏਸ਼ਨ ਸੈਸ਼ਨਾਂ ਕਰਵਾਏ ਅਤੇ ਬਾਅਦ ਵਿੱਚ, ਸਿਹਤ ਸੰਬੰਧੀ ਮੁਸ਼ਕਲਾਂ ਦੇ ਕਾਰਨ 2022 ਵਿੱਚ ਮੁਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੇ ਦੋ ਪੁੱਤਰ, ਨੇਟ ਅਤੇ ਐਵਨ ਹਨ।