ਬੀ.ਸੀ. ਸੂਬੇ ਦਾ ਕਰਜ਼ਾ ਵਿੱਤੀ ਸਾਲ ਦੇ ਅੰਤ ਤੱਕ 130 ਬਿਲੀਅਨ ਡਾਲਰ ਹੋਣ ਦੀ ਸੰਭਾਵਨਾ

ਬ੍ਰਿਟਿਸ਼ ਕੋਲੰਬੀਆ ਦਾ ਵਿੱਤੀ ਖ਼ਰਚਾ 9.4 ਬਿਲੀਅਨ ਡਾਲਰ ਤੱਕ ਵਧਿਆ

ਵੈਨਕੂਵਰ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਵਿੱਤੀ ਮੰਤਰੀ ਬ੍ਰੈਂਡਾ ਬੇਲੀ ਦਾ ਕਹਿਣਾ ਹੈ ਕਿ ਸੂਬੇ ਦੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਇਸ ਸਾਲ ਦਾ ਰਿਕਾਰਡ ਖ਼ਰਚਾ ਵਧਿਆ ਹੈ, ਜਿਸਦਾ ਅੰਦਾਜ਼ਾ 9.4 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 2024-2025 ਦੇ ਲਈ ਸਰਕਾਰ ਵਲੋਂ ਦਿੱਤੇ ਪਿਛਲੇ ਵੇਰਵਿਆਂ ਅਨੁਸਾਰ 8.9 ਬਿਲੀਅਨ ਡਾਲਰ ਦੇ ਅੰਦਾਜੇ ਤੋਂ 429 ਮਿਲੀਅਨ ਡਾਲਰ ਵਧ ਗਿਆ ਹੈ, ਜੋ ਮੁੱਖ ਤੌਰ ‘ਤੇ ਘੱਟ ਆਮਦਨੀ ਕਾਰਨ ਹੈ। ਬੇਲੀ ਨੇ ਮੰਗਲਵਾਰ ਨੂੰ ਕਿਹਾ ਕਿ ਖ਼ਰਚਾ ਵਧਣ ਦੇ ਬਾਵਜੂਦ ਸੂਬੇ ਦੀ ਸਰਕਾਰ ਦੀ ਯੋਜਨਾ ਵਿੱਚ ਕੋਈ ਤਬਦੀਲੀ ਨਹੀਂ ਆਏਗੀ ਅਤੇ ਉਹ “ਸਮਾਰਟ ਅਤੇ ਟਾਰਗਟਡ ਨਿਵੇਸ਼” ਕਰਕੇ ਆਰਥਿਕਤਾ ਨੂੰ ਵਧਾਉਣ ਦੀ ਕੋਸ਼ਿਸ਼ ਜਾਰੀ ਰੱਖੇਗੀ, ਨਾ ਕਿ ਸੇਵਾਵਾਂ ਵਿੱਚ ਕਟੌਤੀ ਕਰਨ ਸਬੰਧੀ ਕੋਈ ਵਿਉਂਤਬੰਦੀ ਕਰਨਗੇ। ਉਨ੍ਹਾਂ ਕਿਹਾ, “ਮੇਰੀ ਸੋਚ ਹੈ ਕਿ ਤੁਸੀਂ ਖਾਲੀ ਪਿਆਲੇ ਤੋਂ ਪੀ ਸਕਦੇ ਹੋ, ਪਰ ਉਹ ਪਿਆਲਾ ਭਰਨਾ ਜ਼ਰੂਰੀ ਹੈ ਤਾਂ ਜੋ ਅਸੀਂ ਆਰਥਿਕਤਾ ਨੂੰ ਵਧਾ ਸਕੀਏ,” ਉਨ੍ਹਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਮੌਜੂਦ ਆਰਥਿਕ ਸੰਭਾਵਨਾਵਾਂ ਨੂੰ ਖੋਲ੍ਹਣ ਦਾ ਕੰਮ ਸਾਡੇ ਅੱਗੇ ਹੈ ਅਤੇ ਉਹ ਇਸ ਨੂੰ ਕਰਨ ਦੇ ਲਈ ਉਤਸ਼ਾਹਿਤ ਹਨ।
ਪਿਛਲੇ ਵਿੱਤੀ ਮੰਤਰੀ ਕੈਟਰੀਨ ਕਨਰੋਈ ਨੇ ਸਤੰਬਰ ਵਿੱਚ ਬੀ.ਸੀ. ਦੀ ਆਖਰੀ ਵਿੱਤੀ ਅਪਡੇਟ ਪੇਸ਼ ਕੀਤੀ ਸੀ ਜਿਸ ਵਿੱਚ ਉਸ ਵਕਤ ਦੇ ਰਿਕਾਰਡ 8.9 ਬਿਲੀਅਨ ਡਾਲਰ ਦੇ ਖ਼ਰਚਾ ਦਾਅਵੇ ਨੂੰ ਦਰਸਾਇਆ ਗਿਆ ਸੀ। ਉਸ ਵਕਤ ਕਨਰੋਈ ਨੇ ਕਿਹਾ ਸੀ ਕਿ ਖ਼ਰਚਾ ਵਧਣ ਦਾ ਕਾਰਨ ਮੁੱਖ ਤੌਰ ‘ਤੇ ਘੱਟ ਕਾਰਪੋਰੇਟ ਆਮਦਨੀ ਟੈਕਸ ਅਤੇ ਕੁਦਰਤੀ ਸੰਸਾਧਨ ਆਮਦਨੀ ਵਿੱਚ ਗਿਰਾਵਟ ਸੀ, ਇਸਦੇ ਨਾਲ ਨਾਲ ਜੰਗਲਾਂ ਦੀਆਂ ਅੱਗਾਂ ਨਾਲ ਜੁੜੇ ਖ਼ਰਚੇ ਵੀ ਸੀ। ਬੇਲੀ ਨੇ ਕਿਹਾ ਕਿ ਉਹਨਾਂ ਸਥਿਤੀਆਂ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਈ ਹੈ।
ਬੀ.ਸੀ. ਦੇ ਕਨਜ਼ਰਵੇਟਿਵ ਵਿੱਤੀ ਆਲੋਚਕ ਪੀਟਰ ਮਿਲੋਬਾਰ ਨੇ ਇਸ ਵਿੱਤੀ ਅਪਡੇਟ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਇਹ ਰਿਪੋਰਟ ਦਰਸਾਉਂਦੀ ਹੈ ਕਿ ਸੂਬਾ ਕਰਜ਼ੇ ਵਿੱਚ ਡੁੱਬ ਰਿਹਾ ਹੈ ਅਤੇ ਮੁੱਖ ਪ੍ਰੋਜੈਕਟਾਂ ਵਿੱਚ ਖ਼ਰਚੇ ਪਿਛਲੇ ਅੰਦਾਜਿਆਂ ਤੋਂ ਵੱਧ ਰਹੇ ਹਨ। ਉਨ੍ਹਾਂ ਕਿਹਾ, “ਜੇ ਵੋਟਰਾਂ ਨੂੰ ਇਹ ਅਪਡੇਟ ਚੌਣਾਂ ਤੋਂ ਪਹਿਲਾਂ ਮਿਲਦੀ ਤਾਂ ਮੈਨੂੰ ਯਕੀਨ ਹੈ ਕਿ ਡੇਵਿਡ ਈਬੀ ਅੱਜ ਪ੍ਰੀਮੀਅਰ ਨਹੀਂ ਹੁੰਦੇ।”
ਵਿੱਤੀ ਅਪਡੇਟ ਵਿੱਚ ਕੁਝ ਇੰਫਰਾਸਟ੍ਰੱਕਚਰ ਪ੍ਰੋਜੈਕਟਾਂ ਦੀਆਂ ਵਧੀਆਂ ਲਾਗਤਾਂ ਦਾ ਵੀ ਵਰਣਨ ਕੀਤਾ ਗਿਆ ਹੈ, ਜਿਵੇਂ ਕਿ ਵੈਨਕੂਵਰ ਵਿੱਚ ਬ੍ਰਾਡਵੇ ਸਾਈਟ੍ਰੇਨ ਐਕਸਟੈਂਸ਼ਨ ਦੀ ਲਾਗਤ 2.83 ਬਿਲੀਅਨ ਡਾਲਰ ਤੋਂ ਵਧ ਕੇ 2.95 ਬਿਲੀਅਨ ਡਾਲਰ ਹੋ ਗਈ ਹੈ ਅਤੇ ਪੈਟੂਲੋ ਬ੍ਰਿਜ ਦੀ ਮੁਰੰਮਤ 1.38 ਬਿਲੀਅਨ ਡਾਲਰ ਤੋਂ ਵਧ ਕੇ 1.64 ਬਿਲੀਅਨ ਡਾਲਰ ਹੋ ਗਈ ਹੈ।
ਮਿਲੋਬਾਰ ਨੇ ਆਪਣੇ ਬਿਆਨ ਵਿੱਚ ਕਿਹਾ, “ਸਾਡੀ ਆਰਥਿਕਤਾ ਹੌਲੀ ਹੋ ਰਹੀ ਹੈ, ਸਾਡਾ ਬਜਟ ਖ਼ਰਚਾ ਵਧ ਰਿਹਾ ਹੈ ਅਤੇ ਸਾਧਨ ਅਤੇ ਵਪਾਰ ਟੈਕਸ ਆਮਦਨੀ ਘਟ ਰਹੀ ਹੈ।”
ਅਪਡੇਟ ਵਿੱਚ ਇਹ ਵੀ ਦਰਸਾਇਆ ਗਿਆ ਕਿ ਬੀ.ਸੀ. ਦਾ ਕਰਜ਼ਾ ਪੂਰੇ ਵਿੱਤੀ ਸਾਲ ਦੇ ਅੰਤ ਤੱਕ 130 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ, ਜੋ ਸਤੰਬਰ ਦੇ ਅੰਦਾਜ਼ੇ ਤੋਂ 1.4 ਬਿਲੀਅਨ ਡਾਲਰ ਜ਼ਿਆਦਾ ਹੈ।
ਬੇਲੀ ਨੇ ਕਿਹਾ ਕਿ ਸੂਬੇ ਦੇ ਆਰਥਿਕ ਮੂਲਧਨ ਮਜ਼ਬੂਤ ਹਨ ਅਤੇ ਇਸਦੇ ਕੋਲ “ਕੈਨੇਡਾ ਵਿੱਚੋਂ ਸਭ ਤੋਂ ਵਧੀਆ ਕਰਜ਼ਾ-ਜੀ.ਡੀ.ਪੀ. ਅਨੁਪਾਤ” 22.3 ਫੀਸਦੀ ਹੈ ਅਤੇ ਤਕਰੀਬਨ 4 ਬਿਲੀਅਨ ਡਾਲਰ ਦਾ ਸੰਕਟ ਫੰਡ ਵੀ ਮੌਜੂਦ ਹੈ।
ਬੇਲੀ ਨੇ ਚਿਤਾਵਨੀ ਦਿੱਤੀ ਕਿ ਭਵਿੱਖ ਵਿੱਚ ਚੁਣੌਤੀਆਂ ਸੂਬੇ ਦੀ ਹਾਲਤ ਨੂੰ ਹੋਰ ਵਿਗਾੜ ਸਕਦੀਆਂ ਕਿਉਂਕਿ ਅਮਰੀਕੀ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਨੇ ਕੈਨੇਡਾ ‘ਤੇ 25 ਫੀਸਦੀ ਟੈਕਸ ਲਗਾਉਣ ਦੇ ਸੰਕੇਤ ਦਿੱਤੇ ਹਨ ਜੇਕਰ ਅਜਿਹਾ ਹੁੰਦਾ ਹੈ ਤਾਂ ਬੀ.ਸੀ. ਦੇ ਹਾਲਾਤ ਸੰਭਾਲਣੇ ਐਨ.ਡੀ.ਪੀ. ਲਈ ਬੇਹੱਦ ਮੁਸ਼ਕਲ ਹੋਣਗੇ।

Exit mobile version