ਸਰੀ, (ਸਿਮਰਨਜੀਤ ਸਿੰਘ): ਸਰੀ ਸਿਟੀ ਕੌਂਸਲ ਨਵੇਂ ਸਾਲ ਵਿੱਚ ਆਪਣੀਆਂ ਤਨਖ਼ਾਹ ‘ਚ 8 ਫੀਸਦੀ ਵਾਧੇ ਲਈ ਵੋਟਿੰਗ ਕਰਵਾਈ ਜਾਵੇਗੀ ਪਰ ਇਸ ਦੇ ਵਿਰੋਧ ਵਿੱਚ ਸਿਰਫ਼ ਦੋ ਹੀ ਕੌਂਸਲਰਾਂ ਨੇ ਅਵਾਜ਼ ਉਠਾਈ ਹੈ। ਸਰੀ ਸਿਟੀ ਕੌਂਸਲ ਦੇ ਦੋ ਮੈਂਬਰਾਂ ਨੇ ਕਿਹਾ ਹੈ ਕਿ ਉਹ ਆਪਣੇ ਲਈ ਨਵੇਂ ਸਾਲ ਵਿੱਚ ਅੱਠ ਫੀਸਦੀ ਤਨਖਾਹ ਵਾਧੇ ਦੇ ਖਿਲਾਫ ਵੋਟ ਕਰਨਗੇ। ਇਹ ਵਾਧਾ, ਜੇ ਮਨਜ਼ੂਰ ਹੋ ਜਾਂਦਾ ਹੈ, ਤਾਂ ਕੌਂਸਲ ਦੇ ਮੈਂਬਰਾਂ ਦੀ ਤਨਖਾਹ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।
ਸਰੀ ਸਿਟੀ ਦੀ ਇੱਕ ਰਿਪੋਰਟ ਮੁਤਾਬਕ, ਇਹ ਤਨਖਾਹ ਵਾਧਾ ਸਿਰਫ਼ ਸਰੀ ਹੀ ਨਹੀਂ, ਸਗੋਂ ਕੈਨੇਡਾ ਦੇ ਹੋਰ 12 ਹੋਰ ਮਿਲਦੇ-ਜੁਲਦੇ ਆਕਾਰ ਦੇ ਸ਼ਹਿਰਾਂ ਵਿਚ ਸਿਟੀ ਕੌਂਸਲ ਵਲੋਂ ਵੀ ਕੀਤਾ ਜਾ ਰਿਹਾ ਹੈ।
ਜੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲਦੀ ਹੈ, ਤਾਂ ਮੇਅਰ ਬ੍ਰੈਂਡਾ ਲੌਕ ਦੀ ਵਰਤਮਾਨ ਤਨਖਾਹ ਵਿੱਚ $13,000 ਤੋਂ ਵੱਧ ਦਾ ਵਾਧਾ ਹੋਵੇਗਾ, ਜਿਸ ਨਾਲ ਉਹਦੀ ਸਾਲਾਨਾ ਆਮਦਨੀ $185,000 ਦੇ ਨੇੜੇ ਪਹੁੰਚ ਜਾਵੇਗੀ। ਕੌਂਸਲਰਾਂ ਨੂੰ ਵੀ $7,000 ਦਾ ਵਾਧਾ ਮਿਲੇਗਾ, ਜਿਸ ਨਾਲ ਉਹਦੀ ਤਨਖਾਹ ਵਧ ਕੇ $94,000 ਤੋਂ ਥੋੜ੍ਹੀ ਜ਼ਿਆਦਾ ਹੋ ਜਾਵੇਗੀ, ਇਸ ਤੋਂ ਇਲਾਵਾ ਵਾਧੂ ਖਰਚਿਆਂ ਲਈ ਭੱਤੇ ਅਲੱਗ ਤੋਂ ਦਿੱਤੇ ਜਾਣਗੇ।
ਸਰੀ ਸਿਟੀ ਕੌਂਸਲਰ ਲਿੰਡਾ ਐਨਿਸ ਨੇ ਇਸ ਮਤੇ ਦੇ ਖਿਲਾਫ ਆਪਣਾ ਸਪੱਸ਼ਟ ਮਤ ਪ੍ਰਗਟ ਕੀਤਾ। ਉਨ੍ਹਾਂ ਕਿਹਾ ”ਸਾਨੂੰ ਟੈਕਸ ਭਰਨ ਵਾਲੇ ਲੋਕਾਂ ਦੇ ਪੈਸਿਆਂ ਨਾਲ ਜ਼ਿੰਮੇਵਾਰੀ ਵਾਲਾ ਵਤੀਰਾ ਰੱਖਣਾ ਚਾਹੀਦਾ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਪੈਸਾ ਕਮਿਊਨਟੀ ਦੇ ਕੰਮਾਂ ਲਈ ਵਾਪਸ ਜਾਵੇ। ਅਸੀਂ ਜਦੋਂ ਚੁਣੇ ਗਏ ਸਾਂ, ਤਾਂ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਮੇਅਰ ਜਾਂ ਕੌਂਸਲਰ ਦੇ ਤੌਰ ‘ਤੇ ਸਾਨੂੰ ਕਿੰਨੀ ਤਨਖਾਹ ਮਿਲੇਗੀ। ਅਸੀਂ ਖੁੱਲ੍ਹੀ ਅੱਖਾਂ ਨਾਲ ਇਹ ਜ਼ਿੰਮੇਵਾਰੀ ਸੰਭਾਲੀ ਸੀ, ਅਤੇ ਸਾਨੂੰ ਉਸੇ ਤਨਖ਼ਾਹ ਨਾਲ ਟਿਕੇ ਰਹਿਣਾ ਚਾਹੀਦਾ ਹੈ।”
ਇਹ ਮਤਾ ਪਿਛਲੇ ਸੋਮਵਾਰ ਨੂੰ ਕੌਂਸਲ ਦੇ ਏਜੰਡੇ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਮੇਅਰ ਬ੍ਰੈਂਡਾ ਲੌਕ ਦੀ ਗੈਰਹਾਜ਼ਰੀ ਕਾਰਨ, ਇਸ ‘ਤੇ ਵੋਟਿੰਗ ਨੂੰ 13 ਜਨਵਰੀ, 2025 ਤੱਕ ਮੁਲਤਵੀ ਕਰ ਦਿੱਤੀ ਗਈ।
ਜਿਨ੍ਹਾਂ ਨੇ ਤਨਖ਼ਾਹ ਵਾਧੇ ਨੂੰ ਸਮਰਥਨ ਦਿੱਤਾ ਹੈ, ਉਨ੍ਹਾਂ ਦੇ ਅਨੁਸਾਰ, ਇਹ ਵਾਧਾ ਸਰੀ ਦੇ ਕੌਂਸਲ ਦੇ ਮੈਂਬਰਾਂ ਨੂੰ ਹੋਰ ਸ਼ਹਿਰਾਂ ਦੇ ਕੌਂਸਲਰਾਂ ਦੇ ਸਮਾਨ ਸਾਲਾਨਾ ਭੁਗਤਾਨ ਦਾ ਮੌਕਾ ਦਿੰਦਾ ਹੈ। ਉਹ ਮੰਨਦੇ ਹਨ ਕਿ ਵਧੀ ਤਨਖਾਹ ਨਾਲ, ਮੇਅਰ ਅਤੇ ਕੌਂਸਲਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਸਮਰਪਿਤ ਤਰੀਕੇ ਨਾਲ ਨਿਭਾ ਸਕਣਗੇ।