ਹੁਣ ਦਿੱਤਾ ਜਾਵੇਗਾ ਸਿੰਗਲ ਐਂਟਰੀ ਵੀਜ਼ਾ, ਸਿਰਫ਼ ਚੋਣਵੇਂ ਲੋਕਾਂ ਨੂੰ ਮਿਲੇਗਾ ਮਲਟੀਪਲ ਐਂਟਰੀ ਵੀਜ਼ਾ
ਸਰੀ, (ਸਿਮਰਨਜੀਤ ਸਿੰਘ): ਕੈਨੇਡਾ ਸਰਕਾਰ ਨੇ ਵਿਜ਼ਟਰ ਵੀਜ਼ਾ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕਰਦਿਆਂ ਮਲਟੀਪਲ ਐਂਟਰੀ ਦੀ ਬਜਾਏ ਸਿੰਗਲ ਐਂਟਰੀ ਵਾਲੇ ਵੀਜ਼ੇ ਦੇਣ ਦਾ ਫੈਸਲਾ ਲਿਆ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਅਪਡੇਟ ਮੁਤਾਬਕ ਹੁਣ 10 ਸਾਲ ਦੀ ਮਿਆਦ ਵਾਲੇ ਮਲਟੀਪਲ ਐਂਟਰੀ ਵੀਜ਼ੇ ਸਿਰਫ ਚੋਣਵੇਂ ਲੋਕਾਂ ਨੂੰ ਹੀ ਜਾਰੀ ਕੀਤੇ ਜਾਣਗੇ। ਇਹ ਫੈਸਲਾ ਕਰਨ ਦਾ ਪੂਰਾ ਅਧਿਕਾਰ ਵੀਜ਼ਾ ਅਫਸਰ ਨੂੰ ਹੋਵੇਗਾ ਜੋ ਕਿ ਅਰਜ਼ੀ ਦੀ ਸਮੀਖਿਆ ਕਰੇਗਾ।
ਸਰਕਾਰ ਦੇ ਇਸ ਫੈਸਲੇ ਦਾ ਉਦੇਸ਼ ਸੀਮਤ ਸਮੇਂ ਲਈ ਦੇਸ਼ ਵਿੱਚ ਪ੍ਰਵੇਸ਼ ਕਰਨ ਵਾਲੇ ਵਿਜ਼ਟਰਾਂ ਦੀ ਗਿਣਤੀ ਨੂੰ ਕਾਬੂ ਵਿੱਚ ਰੱਖਣਾ ਹੈ। ਸਿੰਗਲ ਐਂਟਰੀ ਵੀਜ਼ੇ ਸਿਰਫ਼ ਛੇ ਮਹੀਨੇ ਤੋਂ ਇੱਕ ਸਾਲ ਤੱਕ ਦੀ ਮਿਆਦ ਲਈ ਹੀ ਜਾਰੀ ਕੀਤੇ ਜਾਣਗੇ। ਇਸ ਦੇ ਨਤੀਜੇ ਵਜੋਂ, ਕੈਨੇਡਾ ਆਉਣ ਵਾਲੇ ਲੋਕਾਂ ਦੀ ਆਵਾਜਾਈ ਤੇ ਵਧੇਰੇ ਨਜਰ ਰੱਖਣ ਦੀ ਯੋਜਨਾ ਬਣਾਈ ਗਈ ਹੈ।
ਇੰਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਵਿਜ਼ਟਰ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਦਾ ਮਕਸਦ ਪਹਿਲਾਂ ਦੇਖਿਆ ਜਾਵੇਗਾ। ਜੇਕਰ ਵਿਜ਼ਟ ਦਾ ਕਾਰਨ ਵਿਆਹ ਸਮਾਗਮ, ਕਾਨਫਰੰਸ, ਜਾਂ ਟ੍ਰੇਨਿੰਗ ਵਰਗੇ ਸਮਾਜਿਕ ਕਾਰਜ ਹਨ, ਤਾਂ ਉਨ੍ਹਾਂ ਨੂੰ ਸਿਰਫ਼ ਸਿੰਗਲ ਐਂਟਰੀ ਵੀਜ਼ਾ ਹੀ ਜਾਰੀ ਕੀਤਾ ਜਾਵੇਗਾ। ਵੀਜ਼ਾ ਦੇਣ ਤੋਂ ਪਹਿਲਾਂ ਬਿਨੈਕਾਰ ਦੀ ਆਰਥਿਕ ਹਾਲਤ ਅਤੇ ਉਸ ਦੇ ਮੇਜ਼ਬਾਨ ਦੀ ਵਿੱਤੀ ਸਥਿਤੀ ਦੀ ਜਾਂਚ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਉਹਨਾਂ ਦੀ ਸਿਹਤ ਨੂੰ ਵੀ ਸੁਰੱਖਿਅਤ ਮਾਪਦੰਡਾਂ ਤਹਿਤ ਪਰਖਿਆ ਜਾਵੇਗਾ।
ਇੰਮੀਗ੍ਰੇਸ਼ਨ ਮਾਹਰਾਂ ਅਨੁਸਾਰ, ਇਹ ਨਵੀਆਂ ਨੀਤੀਆਂ ਇਸ ਗੱਲ ਦਾ ਸਪਸ਼ਟ ਇਸ਼ਾਰਾ ਹਨ ਕਿ ਕੈਨੇਡਾ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦਾ ਯਤਨ ਕਰ ਰਿਹਾ ਹੈ। ਇਸ ਸਮੇਂ 30 ਲੱਖ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਹਨ। ਸਰਕਾਰ ਦੀ ਯੋਜਨਾ ਹੈ ਕਿ 2025 ਦੇ ਅੰਤ ਤੱਕ ਇਸ ਗਿਣਤੀ ਨੂੰ 9 ਲੱਖ ਤੱਕ ਲਿਆਇਆ ਜਾਵੇ। ਵਰਕ ਪਰਮਿਟਾਂ ਦੇ ਨਿਯਮ ਵੀ ਹਾਲ ਹੀ ਵਿੱਚ ਸਖ਼ਤ ਕਰ ਦਿੱਤੇ ਗਏ ਹਨ, ਜਿਸ ਨਾਲ 2 ਲੱਖ ਤੋਂ ਵੱਧ ਵਰਕ ਪਰਮਿਟਾਂ ਦੀ ਮਿਆਦ ਖਤਮ ਹੋਣ ਦੀ ਸੰਭਾਵਨਾ ਹੈ।