ਬੈਂਕ ਆਫ਼ ਕੈਨੇਡਾ ਵਲੋਂ ਵਿਆਜ਼ ਦਰਾਂ ‘ਚ ਛੇਵੀਂ ਵਾਰ ਕਟੌਤੀ, 0.25% ਘਟਾਈ ਵਿਆਜ਼ ਦਰ

 

ਸਰੀ, (ਸਿਮਰਨਜੀਤ ਸਿੰਘ): ਬੈਂਕ ਆਫ਼ ਕੈਨੇਡਾ ਨੇ ਬੁੱਧਵਾਰ ਨੂੰ ਲਗਾਤਾਰ ਛੇਵੀਂ ਵਾਰ ਵਿਆਜ਼ ਦਰਾਂ ‘ਚ ਕਟੌਤੀ ਕੀਤੀ, ਪਰ ਇਸ ਵਾਰ ਇਹ ਕਟੌਤੀ ਪਹਿਲਾਂ ਕੀਤੀਆਂ ਕਟੌਤੀਆਂ ਦੀ ਤੁਲਨਾ ਵਿੱਚ ਘੱਟ ਰੱਖੀ ਗਈ। ਉਧਰ ਅਮਰੀਕਾ ਵਲੋਂ ਕਨੇਡਾ ਦੀਆਂ ਨਿਰਯਾਤ ਉੱਤੇ ਟੈਰੀਫ਼ ਲਗਾਉਣ ਦੀ ਸੰਭਾਵਨਾ ਕਾਰਨ, ਕਨੇਡਾ ਦੀ ਅਰਥਵਿਵਸਥਾ ਲਈ ਆਉਣ ਵਾਲੇ ਦਿਨ ਕਠਿਨ ਹੋ ਸਕਦੇ ਹਨ, ਜਿਸ ਦੀ ਚਿੰਤਾ ਬੈਂਕ ਆਫ਼ ਕੈਨੇਡਾ ਨੇ ਵੀ ਜਤਾਈ ਹੈ।
ਬੈਂਕ ਆਫ਼ ਕੈਨੇਡਾ ਨੇ ਇਸ ਵਾਰ ਵਿਆਜ਼ ਦਰ ‘ਚ 25 ਬੇਸਿਸ ਪੁਆਇੰਟ ਦੀ ਕਟੌਤੀ ਕਰਕੇ ਇਸ ਨੂੰ 3.0% ‘ਤੇ ਲਿਆ ਦਿੱਤਾ। ਜਿਜ਼ ਦੀ ਉਮੀਦ ਆਰਥਿਕ ਮਾਹਿਰਾਂ ਵਲੋਂ ਪਹਿਲਾਂ ਹੀ ਕੀਤੀ ਜਾ ਰਹੀ ਸੀ।
ਇਹ ਚੌਥਾਈ ਫ਼ੀਸਦੀ (0.25%) ਦੀ ਕਟੌਤੀ ਪਿਛਲੀਆਂ ਦੋ ਵਾਰਾਂ ਦੀ ਤੁਲਨਾ ਵਿੱਚ ਮਾਮੂਲੀ ਜਿਹੀ ਹੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਬੈਂਕ ਨੇ 50 ਬੇਸਿਸ ਪੁਆਇੰਟ (0.50%) ਦੀ ਵੱਡੀ ਕਟੌਤੀ ਕੀਤੀ ਸੀ।
ਬੈਂਕ ਆਫ਼ ਕੈਨੇਡਾ ਵਲੋਂ ਅਗਲੀ ਵਿਆਜ਼ ਦਰ ਨੀਤੀ ਦੀ ਦਿਸ਼ਾ ਬਾਰੇ ਕੋਈ ਸਪਸ਼ਟ ਸੰਕੇਤ ਨਹੀਂ ਦਿੱਤੇ ਗਏ, ਪਰ ਅਮਰੀਕਾ ਵਲੋਂ ਨਵੇਂ ਟੈਕਸ ਲਾਗੂ ਕਰਨ ਦੀ ਸੰਭਾਵਨਾ ਨੇ ਚਿੰਤਾ ਵਧਾ ਦਿੱਤੀ ਹੈ।
ਬੈਂਕ ਆਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ਨੇ ਕਿਹਾ, ” ਕੈਨੇਡਾ ਦੀ ਨਿਰਯਾਤ ਉੱਤੇ ਅਮਰੀਕਾ ਵਲੋਂ ਨਵੇਂ ਟੈਕਸ ਲਗਾਉਣ ਦੀ ਸੰਭਾਵਨਾ ਇੱਕ ਵੱਡੀ ਅਣਸ਼ਚਿਤਤਾ ਹੈ। ਇਹ ਕੈਨੇਡਾ ਦੀ ਅਰਥਵਿਵਸਥਾ ਲਈ ਬਹੁਤ ਪਰੇਸ਼ਾਨੀ ਪੈਦਾ ਕਰ ਸਕਦੀ ਹੈ।”
ਉਨ੍ਹਾਂ ਅੱਗੇ ਕਿਹਾ ਕਿ, “ਜੇਕਰ ਵਿਅਪਕ ਅਤੇ ਮਹੱਤਵਪੂਰਨ ਟੈਕਸ ਲਾਗੂ ਕੀਤੇ ਗਏ, ਤਾਂ ਕੈਨੇਡਾ ਦੀ ਆਰਥਿਕ ਮਜ਼ਬੂਤੀ ਦੀ ਪਰੀਖਿਆ ਹੋਵੇਗੀ।” ਮੈਕਲਮ ਨੇ ਦੱਸਿਆ ਕਿ, “ਇਹ ਅਜੇ ਸਪਸ਼ਟ ਨਹੀਂ ਕਿ ਅਮਰੀਕਾ ਕਿੰਨੇ ਉੱਚੇ ਟੈਕਸ ਲਗਾਵੇਗਾ, ਉਹ ਕਿਸ ਉਤਪਾਦਾਂ ‘ਤੇ ਹੋਣਗੇ ਅਤੇ ਇਹ ਟੈਕਸ ਕਿੰਨੇ ਸਮੇਂ ਤਕ ਲਾਗੂ ਰਹਿਣਗੇ।
ਮੈਕਲਮ ਨੇ ਕਿਹਾ “ਪਰ ਕੁਝ ਗੱਲਾਂ ਪੱਕੀਆਂ ਹਨ, “ਜੇਕਰ ਇਹ ਲੰਮਾ ਚੱਲਿਆ ਅਤੇ ਵਿਅਪਕ ਰਿਹਾ, ਤਾਂ ਇਹ ਕੈਨੇਡਾ ਦੀ ਆਰਥਿਕ ਗਤੀਵਿਧੀਆਂ ਲਈ ਵੱਡਾ ਨੁਕਸਾਨ ਕਰ ਸਕਦਾ ਹੈ। ਇਸ ਦੇ ਨਾਲ, ਵਿਦੇਸ਼ੀ ਉਤਪਾਦਾਂ ਦੀ ਕੀਮਤ ਵਧਣ ਨਾਲ ਮਹਿੰਗਾਈ ਉੱਤੇ ਵੀ ਦਬਾਅ ਪਵੇਗਾ।” ਬੈਂਕ ਆਫ਼ ਕੈਨੇਡਾ ਵਲੋਂ ਲਏ ਫੈਸਲਿਆਂ ਨਾਲ ਹੀ ਦਸੰਬਰ 2024 ਤੱਕ, ਸਾਲਾਨਾ ਮਹਿੰਗਾਈ ਦਰ 1.8% ‘ਤੇ ਆ ਗਈ, ਜੋ ਕਿ ਬੈਂਕ ਦੇ 2% ਦੇ ਟੀਚੇ ਦੇ ਨੇੜੇ ਹੀ ਹੈ। ਪਰ, ਅੰਦਰੂਨੀ ਅੰਕੜੇ ਦੱਸ ਰਹੇ ਹਨ ਕਿ ਕੁਝ ਖੇਤਰਾਂ ‘ਚ ਮਹਿੰਗਾਈ ਅਜੇ ਵੀ ਜਾਰੀ ਹੈ, ਜਿਸ ਕਾਰਨ ਬੈਂਕ ਨੇ ਹੋਲੀ-ਹੋਲੀ ਹੀ ਵਿਆਜ਼ ਦਰਾਂ ‘ਚ ਕਟੌਤੀ ਕਰਨ ਦਾ ਫੈਸਲਾ ਲਿਆ ਹੈ। This report was written by Divroop Kaur as part of the Local Journalism Initiative.

Exit mobile version