ਹੁੰਦਾ ਮੁਰਝਾਇਆ ਜਿਵੇਂ ਫੁੱਲ ਕੋਈ ਗੁਲਾਬ ਦਾ।
ਲੈ ਗਿਆ ਚੁਰਾ ਕੇ ਕੋਈ ਅਮਨ ਪੰਜਾਬ ਦਾ।
ਬਾਗ ਦਿਆਂ ਮਾਲੀਆਂ ਨੇ ਬਾਗ਼ ਨੂੰ ਉਜਾੜਿਆ
ਕਲੀਆਂ ਮਾਸੂਮਾਂ ਤਾਈਂ ਪੈਰਾਂ ‘ਚ ਲਤਾੜਿਆ
ਫੁੱਲ ਮੁਰਝਾ ਗਿਆ ਏ ਸੱਜਰੇ ਗੁਲਾਬ ਦਾ
ਲੈ ਗਿਆ ਚੁਰਾ ਕੇ ਕੋਈ ਅਮਨ ਪੰਜਾਬ ਦਾ।
ਦੁੱਧ ਦਹੀਂ ਵਾਲੇ ਇੱਥੇ ਵਗਦੇ ਪਏ ਖਾਲ ਸੀ
ਜੀਵਨ ਸੁਖੀ ਸੀ ਲੋਕ ਬੜੇ ਖੁਸ਼ਹਾਲ ਸੀ
ਲਹੂ ਨਾਲ ਲਾਲ ਹੋਇਆ ਰੰਗ ਇਹਦੇ ਆਬ ਦਾ
ਲੈ ਗਿਆ ਚੁਰਾ ਕੇ ਕੋਈ ਅਮਨ ਪੰਜਾਬ ਦਾ।
ਹਿੰਦੂ ਮੁਸਲਮਾਨ ਇੱਥੇ ਸਿੱਖ ਤੇ ਇਸਾਈ ਸੀ
ਧਰਮਾਂ ਦਾ ਸਾਂਝਾ, ਨਾ ਕੋਈ ਦਿਲ ‘ਚ ਬੁਰਾਈ ਸੀ
ਪੈ ਗਿਆ ਪੁਆੜਾ ਇੱਥੇ ਧਰਮਾਂ ਦੀ ਆੜ ਦਾ
ਲੈ ਗਿਆ ਚੁਰਾ ਕੇ ਕੋਈ ਅਮਨ ਪੰਜਾਬ ਦਾ।
ਲੱਗਦਾ ਏ ਨਜ਼ਰ ਕਿਸੇ ਚੰਦਰੇ ਦੀ ਲੱਗ ਗਈ
ਜ਼ੁਲਮਾਂ ਦੀ ਅੱਗ ਬੜੇ ਜ਼ੋਰ ਨਾਲ ਮਘ ਗਈ
ਬੁਝਦੀ ਨਾ ਅੱਗ ਲਾਇਆ ਜ਼ੋਰ ਬੇਹਿਸਾਬ ਦਾ
ਲੈ ਗਿਆ ਚੁਰਾ ਕੇ ਕੋਈ ਅਮਨ ਪੰਜਾਬ ਦਾ।
ਆਉ ਸਾਰੇ ਰਲਮਿਲ ਖ਼ੈਰ ਇਹਦੀ ਮੰਗੀਏ
ਸੱਚੇ ਰੱਬ ਕੋਲੋਂ ਆਪਾਂ ਮੰਗਦੇ ਨਾ ਸੰਗੀਏ
ਮੁੜ ਆਵੇ ਨੂਰ ‘ਮਾਹੀ’ ਚਿਹਰਿਆਂ ਦੀ ਆਬ ਦਾ
ਲੈ ਗਿਆ ਚੁਰਾ ਕੇ ਕੋਈ ਅਮਨ ਪੰਜਾਬ ਦਾ।
ਲੇਖਕ : ਚਰਨ ਸਿੰਘ ਮਾਹੀ, ਸੰਪਰਕ: 99143-64728