ਸਰੀ ਕੌਂਸਲ ਨੇ ‘ਮੈਟਰੋ 2050’ ਤੋਂ ਵੱਖ ਹੋਣ ਦੇ ਮੁੱਦੇ ‘ਤੇ ਪ੍ਰਗਟਾਈ ਸਹਿਮਤੀ

 

ਮੈਟਰੋ 2050 ਰੀਜਨਲ ਗ੍ਰੋਥ ਸਟਰੈਟਜੀ ਤੋਂ ਵੱਖ ਹੋਣ ਲਈ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
ਸਰੀ, (ਸਿਮਰਨਜੀਤ ਸਿੰਘ): ਸਰੀ ਸ਼ਹਿਰ ਨੇ ਮੈਟਰੋ 2050 ਰੀਜਨਲ ਗ੍ਰੋਥ ਸਟਰੈਟਜੀ ਤੋਂ ਵੱਖ ਹੋਣ ਲਈ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਕੇ ਇਸ ਤੋਂ ਪਿੱਛੇ ਹਟਣ ਦੀ ਕਰਵਾਈ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਸਰੀ ਸਿਟੀ ਕੌਂਸਲ ਨੇ ਸੋਮਵਾਰ ਨੂੰ ਕਰਮਚਾਰੀਆਂ ਨੂੰ ਇਹ ਪ੍ਰਕਿਰਿਆ ਸ਼ੁਰੂ ਕਰਨ ਲਈ ਹੁਕਮ ਦਿੱਤਾ।
ਮੈਟਰੋ 2050 ਯੋਜਨਾ, ਜੋ 24 ਫ਼ਰਵਰੀ 2023 ਨੂੰ ਅਪਣਾਈ ਗਈ ਸੀ, ਇਸ ਦੇ ਤਹਿਤ ਅਗਲੇ 30 ਸਾਲਾਂ ਲਈ ਹਾਊਸਿੰਗ, ਆਬਾਦੀ ਅਤੇ ਨੌਕਰੀਆਂ ਦੀ ਵਧੋਤਰੀ ਸੰਭਾਲਣ ਦਾ ਇੱਕ ਸਾਂਝਾ ਟੀਚਾ ਮਿੱਥਿਆ ਗਿਆ ਹੈ। ਪਰ ਸਰੀ ਦੀ ਕੌਂਸਲ ਨੇ ਇਸ ਨੀਤੀ ਉਤੇ ਅਸਹਿਮਤੀ ਜਤਾਈ ਅਤੇ ਇਸ ਤੋਂ ਵੱਖ ਹੋਣਾ ਸਹੀ ਦੱਸਿਆ ਹੇ।
ਕੌਂਸਲਰ ਪਰਦੀਪ ਕੂਨਰ, ਜਿਨ੍ਹਾਂ ਨੇ ਇਹ ਮੋਸ਼ਨ ਪੇਸ਼ ਕੀਤਾ, ਉਨ੍ਹਾਂ ਨੇ ਕਿਹਾ ਕਿ ਮੈਟਰੋ ਵੈਨਕੂਵਰ ਹੁਣ ਤੱਕ ਸਰੀ ਨਾਲ ਮਿਲ ਕੇ ਕੰਮ ਕਰ ਰਿਹਾ ਹੈ, ਪਰ ਉਨ੍ਹਾਂ ਨੂੰ ਮਹਿਸੂਸ ਹੋਇਆ ਹੈ ਕਿ ਇਹ ਬੋਰਡ ਸਰੀ ਦੇ ਹਿੱਤਾਂ ਅਨੁਸਾਰ ਫੈਸਲੇ ਨਹੀਂ ਲੈਂਦਾ।
ਕੌਂਸਲਰ ਡੱਗ ਐਲਫੋਰਡ ਨੇ ਪੁੱਛਿਆ ਕਿ ਕੀ ਉਹ ਸਿਰਫ਼ ਜਾਂਚ ਕਰਵਾਉਣਾ ਚਾਹੁੰਦੇ ਹਨ ਜਾਂ ਤੁਰੰਤ ਵੱਖ ਹੋਣਾ ? ਤਾਂ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ “ਇਹ ਮੈਟਰੋ 2050 ਤੋਂ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਹੈ”।
ਕੌਂਸਲਰ ਰੌਬ ਸਟੱਟ ਨੇ ਕਿਹਾ, “ਮੈਟਰੋ ਵੈਨਕੂਵਰ ਰੀਜਨਲ ਜ਼ਿਲ੍ਹਾ ਹੁਣ ਇੱਕ ਵਿਅਪਕ ਅਤੇ ਭਾਰੀ ਖਰਚੇ ਦਾ ਘਰ ਬਣ ਗਿਆ ਹੈ। ਇਹ ਸਿਰਫ਼ ਉੱਚ ਪੱਧਰੀ ਪ੍ਰਾਜੈਕਟਾਂ ਜਾਂ ਬਿਊਰੋਕਰੇਸੀ ਨਹੀਂ, ਸਗੋਂ ‘ਸਕੋਪ ਕਰੀਪ’ ਅਤੇ ਗਵਰਨੈਂਸ ਦੇ ਕਾਰਨ ਵੀ ਵਧ ਰਿਹਾ ਹੈ।”
ਉਨ੍ਹਾਂ ਉੱਤਰੀ ਤਟ ਗੰਦਗੀ ਸਫ਼ਾਈ ਪਲਾਂਟ, ਜਿਸ ਦੀ ਲਾਗਤ 2.86 ਬਿਲੀਅਨ ਡਾਲਰ ਹੋਣ ਦੀ ਉਮੀਦ ਹੈ, ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮੈਟਰੋ ਵੈਨਕੂਵਰ ਦੇ ਲੋਕਾਂ ‘ਤੇ ਵਾਧੂ ਖਰਚੇ ਥੋਪੇ ਜਾ ਰਹੇ ਹਨ। 2025 ਲਈ ਮੈਟਰੋ ਵੈਨਕੂਵਰ ਸੀਵਰੇਜ਼ ਸੇਵਾਵਾਂ ਵਿਚ ਸਰੀ ਵਾਸੀਆਂ ਲਈ 37.6% ਵਾਧੂ ਟੈਕਸ ਲਗਾਇਆ ਗਿਆ, ਜਿਸ ਵਿਚ 76% ਹਿੱਸਾ ਉੱਤਰੀ ਤਟ ਪਲਾਂਟ ਦੀ ਲਾਗਤ ਪੂਰੀ ਕਰਨ ਲਈ ਅਤੇ 24% ਆਮ ਵਾਧੂ ਸੇਵਾਵਾਂ ਸ਼ਾਮਲ ਹਨ।
ਇਸ ਕਾਰਨ ਸਰੀ ਅਤੇ ਹੋਰ ਸ਼ਹਿਰਾਂ ਲਈ 15 ਸਾਲ ਅਤੇ ਉੱਤਰੀ ਤਟ ਲਈ 30 ਸਾਲ ਤੱਕ ਵਾਧੂ ਖਰਚੇ ਹੋਣਗੇ। ਮੈਟਰੋ ਵੈਨਕੂਵਰ ਦੇ ਅੰਕੜਿਆਂ ਅਨੁਸਾਰ, ਆਉਣ ਵਾਲੇ 4 ਸਾਲਾਂ ਦੌਰਾਨ ਸੀਵਰ ਰੇਟਾਂ ‘ਚ ਸਾਲਾਨਾ 7.1% ਵਾਧੂ ਹੋਣ ਦੀ ਉਮੀਦ ਹੈ।
ਮੇਅਰ ਬ੍ਰੈਂਡਾ ਲੌਕ ਨੇ ਕਿਹਾ, “ਸਰੀ ਨੇ ਮੈਟਰੋ ਵੈਨਕੂਵਰ ਨਾਲ ਮਿਲ ਕੇ ਕੰਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਾਡੀ ਤੇ ਹੋਰ ਸ਼ਹਿਰਾਂ ਦੀ ਸੋਚ ਵਿੱਚ ਵੱਡਾ ਅੰਤਰ ਹੈ।”
ਉਨ੍ਹਾਂ “ਦੱਖਣੀ ਫ੍ਰੇਜ਼ਰ ਸਮੀਟ” ਆਯੋਜਿਤ ਕਰਨ ਦੀ ਘੋਸ਼ਣਾ ਕੀਤੀ, ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਦੇ ਮੇਅਰ, ਕੌਂਸਲਰ ਅਤੇ ਸੀਨੀਅਰ ਪ੍ਰਬੰਧਕ ਸ਼ਾਮਲ ਹੋਣਗੇ, ਤਾਂ ਜੋ ਖੇਤਰੀ ਸੇਵਾਵਾਂ ਅਤੇ ਉਨ੍ਹਾਂ ਦੀ ਲਾਗਤ ਬਰਾਬਰ ਕੀਤੀ ਜਾ ਸਕੇ।
ਸਰੀ ਦੇ ਸਾਬਕਾ ਮੇਅਰ ਡੱਗ ਮੈਕੱਲਮ ਨੇ ਵੀ ਮੈਟਰੋ ਵੈਨਕੂਵਰ ਉੱਤੇ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਕਿਹਾ, “ਇਹ ਵੱਡੀ ਲੁੱਟ ਮਚੀ ਹੋਈ ਹੈ। ਖ਼ਰਚੇ ਵਧ ਰਹੇ ਹਨ, ਪਰ ਕੋਈ ਜਵਾਬਦੇਹੀ ਨਹੀਂ।”
ਸਰੀ ਬੋਰਡ ਆਫ਼ ਟਰੇਡ ਨੇ ਸਥਾਨਕ ਵਿਅਪਾਰਕ ਭਾਈਚਾਰੇ ਨੂੰ ਮੈਟਰੋ ਵੈਨਕੂਵਰ ਦੀ ਵਧ ਰਹੀ ਲਾਗਤਾਂ ‘ਤੇ ਆਪਣੀ ਰਾਏ ਦੇਣ ਦੀ ਅਪੀਲ ਕੀਤੀ।
ਸਰੀ ਦੀ ਕੌਂਸਲ ਨੇ ਤੈਅ ਕੀਤਾ ਹੈ ਕਿ ਉਹ ਮੈਟਰੋ 2050 ਤੋਂ ਵੱਖ ਹੋਣ ਦੀ ਕਾਰਵਾਈ ਸ਼ੁਰੂ ਕਰੇਗੀ, ਜਿਸ ਬਾਰੇ ਅਗਲੀ ਮੀਟਿੰਗ ‘ਚ ਹੋਰ ਵੇਰਵੇ ਜਲਦ ਜਾਰੀ ਕੀਤੇ ਜਾਣ ਦੱਸਣ ਦੀ ਉਮੀਦ ਹੈ। This report was written by Simranjit Singh as part of the Local Journalism Initiative.

Exit mobile version