ਸਰੀ, (ਦਿਵਰੂਪ ਕੌਰ): ਬੀਜਿੰਗ ਦੇ ਗ੍ਰੇਟ ਹਾਲ ਆਫ ਦ ਪੀਪਲ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਈ ਇੱਕ ਉੱਚ-ਪੱਧਰੀ ਬੈਠਕ ਦੌਰਾਨ ਤਾਈਵਾਨ ਦਾ ਮੁੱਦਾ ਸਭ ਤੋਂ ਅਹਿਮ ਰਿਹਾ। ਜਿਨਪਿੰਗ ਨੇ ਰਾਸ਼ਟਰਪਤੀ ਟਰੰਪ ਨੂੰ ਬੰਦ ਕਮਰੇ ਵਿੱਚ ਹੋਈ ਗੱਲਬਾਤ ਦੌਰਾਨ ਸਪੱਸ਼ਟ ਚੇਤਾਵਨੀ ਦਿੱਤੀ ਕਿ ਜੇਕਰ ਤਾਈਵਾਨ ਨਾਲ ਸਬੰਧਤ ਮਾਮਲਿਆਂ ਨੂੰ ਸਹੀ ਢੰਗ ਨਾਲ ਨਾ ਸੰਭਾਲਿਆ ਗਿਆ ਤਾਂ ਦੋਵਾਂ ਮਹਾਂਸ਼ਕਤੀਆਂ ਵਿਚਕਾਰ ਗੰਭੀਰ ਟਕਰਾਅ ਪੈਦਾ ਹੋ ਸਕਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਅਨੁਸਾਰ ਜਿਨਪਿੰਗ ਨੇ ਤਾਈਵਾਨ ਨੂੰ ਅਮਰੀਕਾ ਅਤੇ ਚੀਨ ਦੇ ਸਬੰਧਾਂ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਕੜੀ ਦੱਸਿਆ ਹੈ।
ਬੈਠਕ ਦੌਰਾਨ ਚੀਨੀ ਆਗੂ ਨੇ ਕਿਹਾ ਕਿ ਜੇਕਰ ਤਾਈਵਾਨ ਮੁੱਦੇ ਨੂੰ ਸਹੀ ਤਰੀਕੇ ਨਾਲ ਹੱਲ ਕੀਤਾ ਜਾਂਦਾ ਹੈ ਤਾਂ ਦੁਵੱਲੇ ਸਬੰਧਾਂ ਵਿੱਚ ਸਥਿਰਤਾ ਬਣੀ ਰਹੇਗੀ, ਨਹੀਂ ਤਾਂ ਪੂਰਾ ਰਿਸ਼ਤਾ ਖਤਰੇ ਵਿੱਚ ਪੈ ਸਕਦਾ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਜਿਨਪਿੰਗ ਇਹ ਗੰਭੀਰ ਚੇਤਾਵਨੀ ਦੇ ਰਹੇ ਸਨ, ਤਾਂ ਰਾਸ਼ਟਰਪਤੀ ਟਰੰਪ ਨੇ ਇਸ ‘ਤੇ ਕੋਈ ਸਿੱਧੀ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਉਹ ਅਗਲੇ ਵਿਸ਼ੇ ਵੱਲ ਵਧ ਗਏ। ਵਾਈਟ ਹਾਊਸ ਦੇ ਇੱਕ ਅਧਿਕਾਰੀ ਅਨੁਸਾਰ ਟਰੰਪ ਨੇ ਬੈਠਕ ਦੌਰਾਨ ਚੀਨੀ ਇਤਰਾਜ਼ਾਂ ਨੂੰ ਮੰਨਣ ਦੀ ਬਜਾਏ ਹੋਰ ਮੁੱਦਿਆਂ ‘ਤੇ ਚਰਚਾ ਨੂੰ ਤਰਜੀਹ ਦਿੱਤੀ।
ਰਾਸ਼ਟਰਪਤੀ ਟਰੰਪ ਦੀ ਇਸ ਫੇਰੀ ਦਾ ਮੁੱਖ ਮਕਸਦ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਅਮਰੀਕੀ ਆਰਥਿਕਤਾ ਨੂੰ ਲਾਭ ਪਹੁੰਚਾਉਣ ਵਾਲੇ ਸਮਝੌਤੇ ਕਰਨਾ ਹੈ। ਉਹ ਆਪਣੇ ਨਾਲ ਕਈ ਪ੍ਰਮੁੱਖ ਅਮਰੀਕੀ ਕਾਰੋਬਾਰੀ ਆਗੂਆਂ ਨੂੰ ਵੀ ਲੈ ਕੇ ਆਏ ਹਨ। ਹਾਲਾਂਕਿ ਜਿਨਪਿੰਗ ਨੇ ਸੁਰੱਖਿਆ ਮੁੱਦਿਆਂ ‘ਤੇ ਜ਼ਿਆਦਾ ਜ਼ੋਰ ਦਿੱਤਾ ਹੈ, ਖ਼ਾਸਕਰ ਅਜਿਹੇ ਸਮੇਂ ਵਿੱਚ ਜਦੋਂ ਅਮਰੀਕਾ ਇਰਾਨ ਨਾਲ ਜੰਗ ਵਿੱਚ ਉਲਝਿਆ ਹੋਇਆ ਹੈ। ਇਸ ਜੰਗ ਕਾਰਨ ਫਾਰਸ ਦੀ ਖਾੜੀ ਵਿੱਚ ਊਰਜਾ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਟਰੰਪ ਚਾਹੁੰਦੇ ਹਨ ਕਿ ਚੀਨ ਫੈਡਰਲ ਪੱਧਰ ‘ਤੇ ਇਰਾਨ ‘ਤੇ ਦਬਾਅ ਪਾਵੇ ਤਾਂ ਜੋ ਤੇਲ ਦੀ ਸਪਲਾਈ ਸੁਖਾਲੀ ਹੋ ਸਕੇ।
ਦੂਜੇ ਪਾਸੇ ਚੀਨ ਆਪਣੀ ਸੁਸਤ ਹੁੰਦੀ ਆਰਥਿਕਤਾ ਦਰਮਿਆਨ ਖੁਦ ਨੂੰ ਇੱਕ ਸਥਿਰ ਵਿਕਲਪ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬੈਠਕ ਦੀ ਸ਼ੁਰੂਆਤ ਵਿੱਚ ਟਰੰਪ ਨੇ ਜਿਨਪਿੰਗ ਨਾਲ ਆਪਣੇ ਨਿੱਜੀ ਸਬੰਧਾਂ ਦੀ ਸ਼ਲਾਘਾ ਕੀਤੀ ਅਤੇ ਇਸ ਮੁਲਾਕਾਤ ਨੂੰ ਇੱਕ ਵੱਡਾ ਸਨਮਾਨ ਦੱਸਿਆ। ਜ਼ਿਕਰਯੋਗ ਹੈ ਕਿ ਇਹ ਸਮਾਰੋਹ 2017 ਵਿੱਚ ਟਰੰਪ ਦੀ ਪਹਿਲੀ ਚੀਨ ਫੇਰੀ ਵਾਂਗ ਹੀ ਸ਼ਾਨਦਾਰ ਸੀ, ਜਿਸ ਵਿੱਚ 21 ਤੋਪਾਂ ਦੀ ਸਲਾਮੀ ਦਿੱਤੀ ਗਈ ਸੀ। ਤਾਈਵਾਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਚੀਨ ਲਈ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਹੀ ਹੈ ਅਤੇ ਇਸ ਬੈਠਕ ਨੇ ਦਰਸਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੋਵਾਂ ਦੇਸ਼ਾਂ ਦੇ ਸਬੰਧ ਕਿਸ ਦਿਸ਼ਾ ਵੱਲ ਜਾਣਗੇ। This report was written by Divroop Kaur as part of the Local Journalism Initiative.

