ਸਰੀ, (ਦਿਵਰੂਪ ਕੌਰ): ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ ਸਾਲਾਨਾ ਸਟੇਟ ਆਫ਼ ਦਾ ਸਿਟੀ ਭਾਸ਼ਣ ਦਿੱਤਾ। ਇਸ ਭਾਸ਼ਣ ਵਿੱਚ ਉਨ੍ਹਾਂ ਨੇ ਤੇਜ਼ੀ ਨਾਲ ਵੱਧ ਰਹੀ ਆਬਾਦੀ ਨੂੰ ਸੰਭਾਲਣ, ਜਨਤਕ ਸੁਰੱਖਿਆ ਮਜ਼ਬੂਤ ਕਰਨ ਅਤੇ ਸਰੀ ਦੇ ਭਵਿੱਖ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਤਰਜੀਹਾਂ ਪੇਸ਼ ਕੀਤੀਆਂ ਹਨ।
ਮੇਅਰ ਨੇ ਦੋ ਮਹੱਤਵਪੂਰਨ ਨਵੀਆਂ ਸੁਰੱਖਿਆ ਪਹਿਲਕਦਮੀਆਂ ਦਾ ਐਲਾਨ ਕੀਤਾ। ਐਨਿਡੇਲ ਟਾਇਨਹੈੱਡ ਵਿੱਚ 15 ਏਕੜ ਦਾ ਨਵਾਂ ਪਬਲਿਕ ਸੇਫ਼ਟੀ ਟਰੇਨਿੰਗ ਕੈਂਪਸ ਬਣਾਇਆ ਜਾਵੇਗਾ। ਇਹ ਕੈਂਪਸ ਵਧੇਰੇ ਗਿਣਤੀ ਵਿੱਚ ਵਿਸ਼ੇਸ਼ ਪੁਲਿਸ, ਫਾਇਰ ਅਤੇ ਐਮਰਜੈਂਸੀ ਅਫ਼ਸਰਾਂ ਦੀ ਸਿਖਲਾਈ ਅਤੇ ਤਿਆਰੀ ਵਿੱਚ ਮਦਦ ਕਰੇਗਾ। ਸ਼ਹਿਰ ਦੀ ਨਵੀਂ ਜਨਤਕ ਸੁਰੱਖਿਆ ਯੋਜਨਾ ਤਹਿਤ ਅਗਲੇ ਪੰਜ ਸਾਲਾਂ ਵਿੱਚ 560 ਪੁਲਿਸ ਅਧਿਕਾਰੀ, ਫਾਇਰ ਫਾਈਟਰਸ, ਬਾਇਲਾਅ ਅਧਿਕਾਰੀ ਅਤੇ ਹੋਰ ਸਟਾਫ਼ ਭਰਤੀ ਕੀਤੇ ਜਾਣਗੇ। ਇਸ ਨਾਲ ਆਂਢ ਗੁਆਂਢ ਵਿੱਚ ਵਧੇਰੇ ਮੌਜੂਦਗੀ, ਸਥਾਨਕ ਚਿੰਤਾਵਾਂ ਪ੍ਰਤੀ ਤੇਜ਼ੀ ਨਾਲ ਪ੍ਰਤੀਕਿਰਿਆ ਅਤੇ ਪੁਲਿਸ ਵੱਲੋਂ ਗੰਭੀਰ ਅਪਰਾਧਾਂ ਉੱਤੇ ਹੋਰ ਵਧੇਰੇ ਧਿਆਨ ਦੇਣ ਨੂੰ ਯਕੀਨੀ ਬਣਾਇਆ ਜਾਵੇਗਾ।
ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਇਸ ਸੰਬੋਧਨ ਦਾ ਮਕਸਦ ਵਸਨੀਕਾਂ ਅਤੇ ਕਾਰੋਬਾਰੀ ਮਾਲਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਇੱਕ ਵਿਕਸਤ ਹੋ ਰਹੇ ਸ਼ਹਿਰ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ। ਅਸੀਂ ਅਜਿਹਾ ਭਵਿੱਖ ਬਣਾਉਣ ਉੱਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਜਿੱਥੇ ਲੋਕ ਸਰੀ ਵਿੱਚ ਬਿਹਤਰ ਜੀਵਨ ਬਿਤਾ ਸਕਣ। ਉਨ੍ਹਾਂ ਦੱਸਿਆ ਕਿ ਇਹ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਅਸੀਂ ਵਿਕਾਸ ਨੂੰ ਸਮਰਥਨ ਦੇਣ ਲਈ ਲੋੜੀਂਦੇ ਢਾਂਚੇ ਅਤੇ ਸੇਵਾਵਾਂ ਮੁਹੱਈਆ ਕਰ ਰਹੇ ਹਾਂ।
ਮੇਅਰ ਦੇ ਭਾਸ਼ਣ ਵਿੱਚ ਹੋਰ ਵੀ ਕਈ ਮਹੱਤਵਪੂਰਨ ਐਲਾਨ ਕੀਤੇ ਗਏ। ਕਲੋਵਰਡੇਲ ਵਿੱਚ 200,000 ਵਰਗ ਫੁੱਟ ਤੱਕ ਦਾ ਨਵਾਂ ਕਨਵੈੱਨਸ਼ਨ ਸੈਂਟਰ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਇਹ ਸੈਂਟਰ ਅਹਿਮ ਸਮਾਗਮਾਂ, ਕਾਨਫ਼ਰੰਸਾਂ ਅਤੇ ਟਰੇਡ ਸ਼ੋਅ ਆਦਿ ਲਈ ਇੱਕ ਖਾਸ ਸਥਾਨ ਹੋਵੇਗਾ। ਇਸ ਤੋਂ ਇਲਾਵਾ ਸਿਟੀ ਸੈਂਟਰ, ਸਾਊਥ ਸਰੀ ਅਤੇ ਕਲੋਵਰਡੇਲ ਵਿੱਚ ਪੁਲਿਸ, ਫਾਇਰ ਅਤੇ ਬਾਇਲਾਅ ਸਹੂਲਤਾਂ ਦਾ ਵਿਸਥਾਰ ਅਤੇ ਨਵੀਨੀਕਰਨ ਕੀਤਾ ਜਾਵੇਗਾ ਤਾਂ ਜੋ ਵਧ ਰਹੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕੀਤਾ ਜਾ ਸਕੇ। ਐਮਰਜੈਂਸੀ ਪ੍ਰਤੀਕਿਰਿਆ ਅਤੇ ਘਟਨਾ ਪ੍ਰਬੰਧਨ ਵਿੱਚ ਮਦਦ ਲਈ ਏਆਈ ਸਮਰਥਿਤ ਡਰੋਨਾਂ ਦੀ ਵਧੇਰੇ ਵਰਤੋਂ ਕੀਤੀ ਜਾਵੇਗੀ। ਇੱਕ ਨਵਾਂ ਸਲਾਹਕਾਰ ਪੈਨਲ ਸਥਾਨਕ ਸਿਹਤ ਤਰਜੀਹਾਂ ਨੂੰ ਦਿਸ਼ਾ ਦੇਣ ਅਤੇ ਕਮਿਊਨਿਟੀ ਦੀਆਂ ਜ਼ਰੂਰਤਾਂ ਉੱਤੇ ਤਾਲਮੇਲ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰੇਗਾ।
ਮਨੋਰੰਜਨ ਸਹੂਲਤਾਂ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਕੌਂਸਲ ਸਾਊਥ ਸਰੀ ਲਈ ਇੱਕ ਨਵੇਂ ਤਿੰਨ ਸ਼ੀਟ ਆਈਸ ਅਰੀਨਾ ਬਾਰੇ ਵਿਚਾਰ ਕਰੇਗੀ ਜੋ ਕਿ ਸ਼ਹਿਰ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚੋਂ ਇੱਕ ਹੈ। ਖ਼ਰਚਿਆਂ ਨੂੰ ਘੱਟ ਰੱਖਣ ਦੇ ਉਦੇਸ਼ ਨਾਲ ਸ਼ਹਿਰ ਵਿੱਚ ਪ੍ਰਾਪਰਟੀ ਟੈਕਸ ਦੇ ਵਾਧੇ ਨੂੰ 2.6 ਪ੍ਰਤੀਸ਼ਤ ਤੱਕ ਰੱਖਿਆ ਗਿਆ ਹੈ ਜੋ ਖੇਤਰ ਵਿੱਚ ਸਭ ਤੋਂ ਘੱਟ ਦਰਾਂ ਵਿੱਚੋਂ ਇੱਕ ਹੈ।

