ਸਰੀ, (ਬਰਾੜ ਭਗਤਾ ਭਾੲੀਕਾ): ਟੈਕਸਾਸ ਅਤੇ ਮੈਕਸੀਕੋ ਦੀ ਸਰਹੱਦ ਨੇੜੇ ਮਨੁੱਖੀ ਤਸਕਰੀ ਦੇ ਇੱਕ ਕਥਿਤ ਆਪਰੇਸ਼ਨ ਦੌਰਾਨ 7 ਪ੍ਰਵਾਸੀਆਂ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਅਨੁਸਾਰ ਇਹ ਸਾਰੇ ਵਿਅਕਤੀ ਯੂਨੀਅਨ ਪੈਸੀਫਿਕ ਮਾਲ ਗੱਡੀ ਰਾਹੀਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਵਿੱਚੋਂ 6 ਪੀੜਤਾਂ ਦੀਆਂ ਲਾਸ਼ਾਂ ਲਾਰੇਡੋ ਰੇਲ ਯਾਰਡ ਵਿੱਚ ਖੜ੍ਹੇ ਇੱਕ ਸ਼ਿਪਿੰਗ ਕੰਟੇਨਰ ਵਿੱਚੋਂ ਮਿਲੀਆਂ ਹਨ, ਜਦਕਿ 7ਵਾਂ ਵਿਅਕਤੀ ਬੈਕਸਰ ਕਾਉਂਟੀ ਵਿੱਚ ਰੇਲਵੇ ਪਟੜੀਆਂ ਦੇ ਨੇੜੇ ਮ੍ਰਿਤਕ ਪਾਇਆ ਗਿਆ। ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਮਨੁੱਖੀ ਤਸਕਰੀ ਦੇ ਐਂਗਲ ਤੋਂ ਕੀਤੀ ਜਾ ਰਹੀ ਹੈ।
ਲਾਰੇਡੋ ਸਥਿਤ ਯੂਨੀਅਨ ਪੈਸੀਫਿਕ ਦੀ ਸਹੂਲਤ ‘ਤੇ ਐਤਵਾਰ ਨੂੰ ਕੰਟੇਨਰਾਂ ਦੀ ਰੁਟੀਨ ਜਾਂਚ ਦੌਰਾਨ ਇੱਕ ਕਰਮਚਾਰੀ ਨੇ ਸ਼ਿਪਿੰਗ ਕੰਟੇਨਰ ਦੇ ਅੰਦਰ 6 ਲਾਸ਼ਾਂ ਪਈਆਂ ਦੇਖੀਆਂ। ਕਰਮਚਾਰੀ ਨੇ ਤੁਰੰਤ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਮ੍ਰਿਤਕਾਂ ਦੀ ਪਛਾਣ ਬਾਰੇ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਹੋਂਡੂਰਾਸ ਦਾ ਇੱਕ 14 ਸਾਲਾ ਲੜਕਾ ਅਤੇ ਇੱਕ 24 ਸਾਲਾ ਨੌਜਵਾਨ ਸ਼ਾਮਲ ਹੈ। ਇਸ ਤੋਂ ਇਲਾਵਾ ਮੈਕਸੀਕੋ ਦੀ ਇੱਕ 29 ਸਾਲਾ ਮਹਿਲਾ ਅਤੇ ਦੋ ਪੁਰਸ਼, ਜਿਨ੍ਹਾਂ ਦੀ ਉਮਰ 45 ਅਤੇ 56 ਸਾਲ ਸੀ, ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ। 6ਵੇਂ ਪੀੜਤ ਦੀ ਪਛਾਣ ਅਜੇ ਤੱਕ ਅਧਿਕਾਰਤ ਤੌਰ ‘ਤੇ ਸਪੱਸ਼ਟ ਨਹੀਂ ਹੋ ਸਕੀ ਹੈ।
ਵੈਬ ਕਾਉਂਟੀ ਦੀ ਮੈਡੀਕਲ ਐਗਜ਼ਾਮੀਨਰ ਡਾ. ਕੋਰੀਨ ਸਟਰਨ ਵੱਲੋਂ 29 ਸਾਲਾ ਮਹਿਲਾ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਵਿੱਚ ਮੌਤ ਦਾ ਕਾਰਨ ‘ਹਾਈਪਰਥਰਮੀਆ’ ਯਾਨੀ ਹੀਟ ਸਟ੍ਰੋਕ ਦੱਸਿਆ ਗਿਆ ਹੈ। ਡਾ. ਸਟਰਨ ਨੇ ਇਸ ਘਟਨਾ ਨੂੰ ਇੱਕ ਹਾਦਸਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਬਾਕੀ ਵਿਅਕਤੀਆਂ ਦੀ ਮੌਤ ਵੀ ਸੰਭਾਵਿਤ ਤੌਰ ‘ਤੇ ਬਹੁਤ ਜ਼ਿਆਦਾ ਗਰਮੀ ਕਾਰਨ ਹੋਈ ਹੈ, ਹਾਲਾਂਕਿ ਉਨ੍ਹਾਂ ਦੀਆਂ ਜਾਂਚ ਰਿਪੋਰਟਾਂ ਅਜੇ ਮੁਕੰਮਲ ਨਹੀਂ ਹੋਈਆਂ ਹਨ। ਘਟਨਾ ਵਾਲੇ ਦਿਨ ਲਾਰੇਡੋ ਵਿੱਚ ਤਾਪਮਾਨ 97 ਡਿਗਰੀ ਦਰਜ ਕੀਤਾ ਗਿਆ ਸੀ, ਜਿਸ ਕਾਰਨ ਬੰਦ ਕੰਟੇਨਰ ਦੇ ਅੰਦਰ ਦਾ ਤਾਪਮਾਨ 100 ਡਿਗਰੀ ਤੋਂ ਕਿਤੇ ਵੱਧ ਪਹੁੰਚ ਗਿਆ ਹੋਵੇਗਾ।
ਮਾਮਲੇ ਦੀ ਜਾਂਚ ਦੌਰਾਨ ਸੋਮਵਾਰ ਨੂੰ ਲਾਰੇਡੋ ਤੋਂ ਲਗਭਗ 150 ਮੀਲ ਉੱਤਰ ਵੱਲ ਬੈਕਸਰ ਕਾਉਂਟੀ ਵਿੱਚ ਰੇਲਵੇ ਪਟੜੀਆਂ ਦੇ ਕੋਲ ਇੱਕ 7ਵੇਂ ਵਿਅਕਤੀ ਦੀ ਲਾਸ਼ ਮਿਲੀ। ਬੈਕਸਰ ਕਾਉਂਟੀ ਦੇ ਸ਼ੈਰਿਫ ਜੇਵੀਅਰ ਸਲਾਜ਼ਾਰ ਅਨੁਸਾਰ ਮ੍ਰਿਤਕ ਕੋਲੋਂ ਮੈਕਸੀਕਨ ਪਛਾਣ ਪੱਤਰ ਮਿਲਿਆ ਹੈ ਅਤੇ ਅੰਦਾਜ਼ਾ ਹੈ ਕਿ ਉਹ ਵੀ ਇਸੇ ਸਮੂਹ ਦਾ ਹਿੱਸਾ ਸੀ। ਸ਼ੈਰਿਫ ਨੇ ਦੱਸਿਆ ਕਿ ਇਨ੍ਹਾਂ ਸ਼ਿਪਿੰਗ ਕੰਟੇਨਰਾਂ ਵਿੱਚ ਅੰਦਰੋਂ ਖੋਲ੍ਹਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ। ਇਹ ਕੰਟੇਨਰ ਸੈਂਸਰਾਂ ਨਾਲ ਲੈਸ ਹੁੰਦੇ ਹਨ ਜੋ ਦਰਵਾਜ਼ੇ ਖੁੱਲ੍ਹਣ ਦੀ ਹਰ ਹਰਕਤ ਨੂੰ ਰਿਕਾਰਡ ਕਰਦੇ ਹਨ। ਸੈਂਸਰਾਂ ਦੇ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਡੇਲ ਰੀਓ ਤੋਂ ਚੱਲੀ ਇਸ ਰੇਲਗੱਡੀ ਦੇ ਇੱਕ ਕੰਟੇਨਰ ਨੂੰ ਉਸੇ ਇਲਾਕੇ ਵਿੱਚ ਖੋਲ੍ਹਿਆ ਗਿਆ ਸੀ ਜਿੱਥੇ 7ਵੇਂ ਵਿਅਕਤੀ ਦੀ ਲਾਸ਼ ਮਿਲੀ ਹੈ।
ਇੱਕ ਦਰਦਨਾਕ ਖੁਲਾਸੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸ਼ਨੀਵਾਰ ਨੂੰ ਪੀੜਤਾਂ ਵਿੱਚੋਂ ਇੱਕ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਸੰਦੇਸ਼ ਭੇਜਿਆ ਸੀ ਕਿ ਕੰਟੇਨਰ ਦੇ ਅੰਦਰ ਗਰਮੀ ਬਹੁਤ ਵੱਧ ਗਈ ਹੈ ਅਤੇ ਉਨ੍ਹਾਂ ਦੀ ਹਾਲਤ ਖਰਾਬ ਹੋ ਰਹੀ ਹੈ। ਪਰਿਵਾਰਕ ਮੈਂਬਰ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ, ਪਰ ਸੈਨ ਐਂਟੋਨੀਓ ਪੁਲਿਸ ਵੱਲੋਂ ਉਸ ਇਲਾਕੇ ਵਿੱਚ ਕੀਤੀ ਗਈ ਭਾਲ ਦੌਰਾਨ ਕੁਝ ਵੀ ਹੱਥ ਨਹੀਂ ਲੱਗਿਆ। ਜੇਕਰ ਉਸ ਸਮੇਂ ਰੇਲਗੱਡੀ ਦੀ ਸਹੀ ਲੋਕੇਸ਼ਨ ਮਿਲ ਜਾਂਦੀ ਤਾਂ ਸ਼ਾਇਦ ਇਨ੍ਹਾਂ ਜਾਨਾਂ ਨੂੰ ਬਚਾਇਆ ਜਾ ਸਕਦਾ ਸੀ।
ਫਿਲਹਾਲ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਇਸ ਨੂੰ ਮਨੁੱਖੀ ਤਸਕਰੀ ਦੇ ਮਾਮਲੇ ਵਜੋਂ ਦੇਖ ਰਹੀ ਹੈ ਅਤੇ ਫੈਡਰਲ ਪੱਧਰ ‘ਤੇ ਜਾਂਚ ਜਾਰੀ ਹੈ। ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਅਤੇ ਟੈਕਸਾਸ ਰੇਂਜਰਸ ਵੀ ਇਸ ਜਾਂਚ ਵਿੱਚ ਸ਼ਾਮਲ ਹਨ। ਯੂਨੀਅਨ ਪੈਸੀਫਿਕ ਕੰਪਨੀ ਨੇ ਕਿਹਾ ਹੈ ਕਿ ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ। ਮੈਡੀਕਲ ਐਗਜ਼ਾਮੀਨਰ ਦਾ ਦਫ਼ਤਰ ਮੈਕਸੀਕਨ ਕੌਂਸਲੇਟ ਦੇ ਸਹਿਯੋਗ ਨਾਲ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਅਤੇ ਲਾਸ਼ਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੀ ਪ੍ਰਕਿਰਿਆ ਵਿੱਚ ਜੁਟਿਆ ਹੋਇਆ ਹੈ।

