Friday, May 15, 2026

ਓਨਟਾਰੀਓ ਵਿੱਚ ਪ੍ਰਾਈਵੇਟ ਜੈੱਟ ਦੀ ਖਰੀਦ ‘ਤੇ ਸਿਆਸੀ ਚਰਚਾ, ਲੋਕਾਂ ਦੇ ਟੈਕਸ ਦਾ 200,000 ਡਾਲਰ ਬਰਬਾਦ ਹੋਣ ਦਾ ਦਾਅਵਾ

ਸਰੀ, (ਦਿਵਰੂਪ ਕੌਰ): ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੂੰ ਆਪਣੇ ਸਿਆਸੀ ਵਿਰੋਧੀਆਂ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਕੁਝ ਦਿਨਾਂ ਲਈ ਇੱਕ ਪ੍ਰਾਈਵੇਟ ਜੈੱਟ ਦੀ ਮਾਲਕੀ ਦੌਰਾਨ ਲਗਭਗ 200,000 ਡਾਲਰ ਫੂਕ ਦਿੱਤੇ ਹਨ। ਬੁੱਧਵਾਰ ਦੁਪਹਿਰ ਨੂੰ ਜਾਰੀ ਕੀਤੇ ਗਏ ਕਈ ਇਨਵੌਇਸਾਂ, ਕੰਟਰੈਕਟਾਂ ਅਤੇ ਬ੍ਰੀਫਿੰਗ ਨੋਟਸ ਰਾਹੀਂ ਇਸ ਖਰੀਦਦਾਰੀ ਦੇ ਵੇਰਵੇ ਜਨਤਕ ਹੋਏ ਹਨ। ਇਹ ਦਸਤਾਵੇਜ਼ ਦੱਸਦੇ ਹਨ ਕਿ ਸਰਕਾਰ ਨੇ ਜਨਵਰੀ ਵਿੱਚ ਇੱਕ ਪੁਰਾਣਾ ‘ਬੰਬਾਰਡੀਅਰ ਚੈਲੇਂਜਰ 650’ ਜੈੱਟ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ।
ਦਸਤਾਵੇਜ਼ਾਂ ਦੇ ਖੁਲਾਸੇ ਨੇ ਪ੍ਰੀਮੀਅਰ ਦਫ਼ਤਰ ਵੱਲੋਂ ਦਿੱਤੇ ਗਏ ਪੁਰਾਣੇ ਬਿਆਨਾਂ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਪਹਿਲਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਜੈੱਟ ਦੀ ਕੀਮਤ 28.9 ਮਿਲੀਅਨ ਡਾਲਰ ਸੀ, ਪਰ ਤਾਜ਼ਾ ਰਿਕਾਰਡ ਦੱਸਦੇ ਹਨ ਕਿ ਇਸ ਵਿੱਚ ਟੈਕਸ ਸ਼ਾਮਲ ਨਹੀਂ ਕੀਤੇ ਗਏ ਸਨ। ਜੇਕਰ ਐਚ.ਐਸ.ਟੀ. ਨੂੰ ਵੀ ਜੋੜ ਦਿੱਤਾ ਜਾਵੇ ਤਾਂ ਇਸ ਜੈੱਟ ਦੀ ਕੁੱਲ ਕੀਮਤ 30 ਮਿਲੀਅਨ ਡਾਲਰ ਤੋਂ ਵੀ ਉੱਪਰ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ ਸਰਕਾਰੀ ਬ੍ਰੀਫਿੰਗ ਨੋਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੈੱਟ ਨੂੰ ਵਾਪਸ ਕਰਨ ਦੀ ਪ੍ਰਕਿਰਿਆ ਦੌਰਾਨ ਟੈਕਸ ਦਾਤਾਵਾਂ ਨੂੰ ਲਗਭਗ 200,000 ਡਾਲਰ ਦਾ ਵਾਧੂ ਖਰਚਾ ਸਹਿਣਾ ਪਿਆ ਹੈ, ਜੋ ਬੰਬਾਰਡੀਅਰ ਕੰਪਨੀ ਵੱਲੋਂ ਵਾਪਸ ਨਹੀਂ ਕੀਤਾ ਗਿਆ।
ਖਰਚਿਆਂ ਦੇ ਵੇਰਵਿਆਂ ਅਨੁਸਾਰ 18,000 ਡਾਲਰ ਇੱਕ ਹਵਾਈ ਮਾਹਿਰ ਨੂੰ ਦਿੱਤੇ ਗਏ ਸਨ, ਜਦਕਿ 140,000 ਡਾਲਰ ਜੈੱਟ ਪ੍ਰਬੰਧਨ ਸੇਵਾਵਾਂ ਲਈ ਖਰਚੇ ਗਏ ਸਨ। ਇਸ ਦੇ ਨਾਲ ਹੀ ਇੱਕ ਬਾਹਰੀ ਕਾਨੂੰਨੀ ਮਾਹਿਰ ਦੀਆਂ ਸੇਵਾਵਾਂ ਲੈਣ ਲਈ 33,000 ਡਾਲਰ ਦਾ ਭੁਗਤਾਨ ਕੀਤਾ ਗਿਆ ਸੀ। ਓਨਟਾਰੀਓ ਲਿਬਰਲ ਪਾਰਟੀ ਦੇ ਅੰਤਰਿਮ ਆਗੂ ਜੌਨ ਫਰੇਜ਼ਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਇੱਕ ਅਜਿਹਾ ਪ੍ਰੀਮੀਅਰ ਹੈ ਜੋ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਕੱਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਡਗ ਫੋਰਡ ਅਤੇ ਉਨ੍ਹਾਂ ਦੀ ਕੰਜ਼ਰਵੇਟਿਵ ਸਰਕਾਰ ਨੇ ਜਾਣਬੁੱਝ ਕੇ ਇਹ ਮਹਿੰਗਾ ਸੌਦਾ ਕੀਤਾ ਅਤੇ ਹੁਣ ਉਨ੍ਹਾਂ ਨੂੰ ਸੂਬੇ ਦੇ 16 ਮਿਲੀਅਨ ਲੋਕਾਂ ਨੂੰ ਜਵਾਬ ਦੇਣਾ ਪਵੇਗਾ।
ਓਨਟਾਰੀਓ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਪ੍ਰੀਮੀਅਰ ‘ਤੇ ਲੋਕਾਂ ਨਾਲ ਝੂਠ ਬੋਲਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਫੋਰਡ ਨੇ ਵਾਅਦਾ ਕੀਤਾ ਸੀ ਕਿ ਇਸ ਖਰੀਦਦਾਰੀ ਕਾਰਨ ਜਨਤਾ ਦੀ ਜੇਬ ‘ਤੇ ਕੋਈ ਬੋਝ ਨਹੀਂ ਪਵੇਗਾ, ਪਰ ਅਸਲੀਅਤ ਕੁਝ ਹੋਰ ਹੀ ਨਿਕਲੀ ਹੈ। ਸਟਾਈਲਜ਼ ਨੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਓਨਟਾਰੀਓ ਦੇ ਲੋਕ ਰਾਸ਼ਨ ਜਾਂ ਕਿਰਾਇਆ ਦੇਣ ਲਈ ਸੰਘਰਸ਼ ਕਰ ਰਹੇ ਹਨ, ਉਦੋਂ ਪ੍ਰੀਮੀਅਰ ਫੋਰਡ ਜਨਤਕ ਪੈਸੇ ‘ਤੇ ਕਿਸੇ ਰੌਕਸਟਾਰ ਵਰਗੀ ਐਸ਼ੋ-ਆਰਾਮ ਵਾਲੀ ਜ਼ਿੰਦਗੀ ਜਿਊ ਰਹੇ ਹਨ। ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਨੇ ਵੀ ਇਸ ਮਾਮਲੇ ਵਿੱਚ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਸੰਸਥਾ ਦੇ ਓਨਟਾਰੀਓ ਡਾਇਰੈਕਟਰ ਨੂਹ ਜਾਰਵਿਸ ਨੇ ਕਿਹਾ ਕਿ ਪ੍ਰੀਮੀਅਰ ਫੋਰਡ ਟੈਕਸ ਦਾਤਾਵਾਂ ਦੇ ਪੈਸੇ ਨਾਲ ਪ੍ਰਾਈਵੇਟ ਜੈੱਟ ਖਰੀਦਦੇ ਹੋਏ ਫੜੇ ਗਏ ਹਨ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਜੈੱਟ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਵਿੱਚ ਹੀ 200,000 ਡਾਲਰ ਬਰਬਾਦ ਹੋ ਗਏ ਹਨ। ਦੂਜੇ ਪਾਸੇ ਪ੍ਰੀਮੀਅਰ ਦਫ਼ਤਰ ਨੇ ਇਨ੍ਹਾਂ ਵਾਧੂ ਖਰਚਿਆਂ ਬਾਰੇ ਪੁੱਛੇ ਗਏ ਸਵਾਲਾਂ ਦਾ ਅਜੇ ਤੱਕ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਹੈ। This report was written by Divroop Kaur as part of the Local Journalism Initiative.

Popular