ਸੁਖਮੰਦਰ ਸਿੰਘ ਬਰਾੜ
604) 751-1113
ਜਿਉਂ ਹੀ ਨਾਥਾ ਅਮਲੀ ਸੱਥ ‘ਚ ਆਇਆ ਤਾਂ ਬਾਬੇ ਸੰਧੂਰਾ ਸਿਉਂ ਨੇ ਅਮਲੀ ਨੂੰ ਪੁੱਛਿਆ,
“ਕੀ ਗੱਲ ਬਈ ਨਾਥਾ ਸਿਆਂ ਅੱਜ ਗੱਡੀ ਲੇਟ ਫੇਟ ਹੋਈ ਫਿਰਦੀ ਐ, ਸੁੱਖ ਐ। ਅੱਜ ਕਿਹੜਿਆਂ ਕੰਮਾਂ ‘ਚ ਰੁੱਝਿਆ ਵਿਐਂ?”
ਅਮਲੀ ਵੱਲ ਵੇਖ ਕੇ ਸੀਤੇ ਮਰਾਸੀ ਨੇ ਬਾਬੇ ਦੀ ਗੱਲ ਦਾ ਟਿੱਚਰ ‘ਚ ਜਵਾਬ ਦਿੱਤਾ,
“ਦੁੱਧਾ ਕਾਸਣੀ ਪੱਗ ਨੂੰ ਮਾਵਾ ਲਵਾਉਣ ਗਿਆ ਸੀ, ਤਾਂ ਪਛੜ ਕੇ ਆਇਆ ਬਾਬਾ। ਨਾਹ ਮੈਨੂੰ ਤੂੰ ਬਾਬਾ ਇਉਂ ਦੱਸ ਬਈ ਅੱਗੇ ਕਿਹੜਾ ਇਹ ਪਹਿ ਪਾਟਦੀ ਨਾਲ ਸੱਥ ‘ਚ ਆ ਜਾਂਦੈ। ਅੱਜ ਤਾਂ ਹਜੇ ਭੋਰਾ ਪਹਿਲਾਂ ਆ ਈ ਗਿਆ, ਅੱਗੇ ਤਾਂ ਜਦੋਂ ਸੱਥ ਉੱਠਣ ਦਾ ਟੈਮ ਹੋ ਜਾਂਦਾ ਉਦੋਂ ਆਉਂਦੈ ਇਹੇ। ਨਾਲੇ ਅਮਲੀ, ਕੋਹੜੀ ਤੇ ਬੁੜ੍ਹੇ ਬੰਦੇ ਦਾ ਕਾਹਦਾ ਜਿਉਣ ਹੁੰਦੈ ਬਾਬਾ।”
ਮਰਾਸੀ ਦੀ ਗੱਲ ਸੁਣ ਕੇ ਅਮਲੀ ਮਰਾਸੀ ਨੂੰ ਇਉਂ ਭੱਜ ਕੇ ਪੈ ਗਿਆ ਜਿਵੇਂ ਭੁੱਖੀ ਬੱਕਰੀ ਛਾਬੇ ‘ਚ ਪਈਆਂ ਰੋਟੀਆਂ ਨੂੰ ਪੈ ਗਈ ਹੋਵੇ। ਮਰਾਸੀ ਨੂੰ ਕਹਿੰਦਾ,
“ਤੂੰ ਬਾਹਲ਼ਾ ਸਿਆਣਾ ਓਏ ਹੋਰਾਂ ਤੋਂ। ਹੁਣ ਤੱਕ ਤਾਂ ਸੋਡੇ ਬੁੜ੍ਹੇ ਤੋਂ ਨਲੀ ਮਨ੍ਹੀ ਪੂੰਝੀ ਗਈ ਸੀ। ਮਰਨੀ ਮਰ ਗਿਆ ਨੱਕ ਪੂੰਝਣ ਨੂੰ ਭੋਰਾ ਗਿੱਠ ਦੀ ਲੀਰ ਮਨ੍ਹੀ ਜੁੜੀ ਓਹਨੂੰ। ਸੱਥ ‘ਚ ਆ ਕੇ ਗੱਲਾਂ ਤੂੰ ਇਉਂ ਕਰਦੈਂ ਜਿਮੇਂ ਗਾਹਾਂ ਦਿੜਬੇ ਆਲੇ ਵੱਡੇ ਸਲੋਤਰੀ ਦਾ ਸਾਲਾ ਹੁੰਨੈ। ਹਰੇਕ ਨੂੰ ਈਂ ਇਉਂ ਭੱਜ ਕੇ ਪਊ ਜਿਮੇਂ ਚੰਨਣ ਬੁੜ੍ਹਾ ਸੜਕ ‘ਤੇ ਡਿਗਿਆ ਪਿਆ ਬਟੂਆ ਚੱਕਣ ਨੂੰ ਪੈ ਗਿਆ ਸੀ। ਸਾਲੀ ਮੰਗ ਖਾਣੀ ਜਾਤ ਨਾ ਹੋਵੇ ਤਾਂ।”
ਨਾਥੇ ਅਮਲੀ ਨੂੰ ਹਰਖਿਆ ਵੇਖ ਕੇ ਬਾਬੇ ਸੰਧੂਰਾ ਸਿਉਂ ਨੇ ਅਮਲੀ ਨੂੰ ਦੱਬਕਾ ਮਾਰ ਕੇ ਘੂਰਿਆ, “ਚੁੱਪ ਨ੍ਹੀ ਕਰਦਾ ਓਏ ਬਿੰਗੜਾ ਜਿਆ। ਸੋਨੂੰ ਕਿੰਨੇ ਵਾਰੀ ਕਿਹਾ ਬਈ ਸੱਥ ‘ਚ ਘਰ ਦੀਆਂ ਗੱਲਾਂ ਪਿੱਛੇ ਨਾ ਬੋਲਿਆ ਕਰੋ। ਉਹੋ ਜਾ ਇਹੇ ਐ ਮਰਾਸੀ। ਗੱਲ ਸੁਣ ਲੋ ਓਏ ਕੰਨ ਖੋਲ੍ਹਕੇ ਸਾਰੇ, ਜੀਹਨੇ ਸੱਥ ‘ਚ ਆ ਕੇ ਮੁੜ ਕੇ ਕੋਈ ਘਰ ਦੀ ਗੱਲ ਕੀਤੀ ਐ ਤਾਂ ਮੈਥੋਂ ਬੁਰਾ ਕੋਈ ਨ੍ਹੀ। ਜੇ ਸੱਥ ‘ਚ ਆ ਕੇ ਇੱਕ ਦੂਜੇ ਦੇ ਘਰਾਂ ਤੱਕ ਅੱਪੜਣਾ ਤਾਂ ਨਾ ਆਇਆ ਕਰੋ। ਘਰੇ ਰਿਹਾ ਕਰੋ।”
ਬਾਬੇ ਦਾ ਦੱਬਕਾ ਸੁਣਕੇ ਸਾਰੀ ਸੱਥ ਇਉਂ ਚੁੱਪ ਕਰ ਗੀ ਜਿਮੇਂ ਵਿਆਹ ਵਾਲੇ ਘਰੇ ਸਪੀਕਰ ਵੱਜੀ ਜਾਂਦੇ ਦੀਆਂ ਤਾਰਾਂ ਵੱਢੀਆਂ ਤੋਂ ਸਪੀਕਰ ਬੰਦ ਹੋਏ ਤੋਂ ਘਰ ‘ਚ ਚੁੱਪ ਜੀ ਵਰਤ ਗਈ ਹੋਵੇ।
ਮਾਹਲਾ ਨੰਬਰਦਾਰ ਨਾਥੇ ਅਮਲੀ ਨੂੰ ਕਹਿੰਦਾ, “ਛੱਡ ਯਾਰ ਨਾਥਾ ਸਿਆਂ ਇਹ ਗੱਲਾਂ। ਹੁਣ ਤੂੰ ਇਉਂ ਦੱਸ ਬਈ ਆਹ ਚੰਨਣ ਬੁੜ੍ਹੇ ਦੀ ਬਟੂਏ ਆਲੀ ਕੀ ਗੱਲ ਐ ਜਿਹੜੀ ਸੜਕ ‘ਤੇ ਡਿੱਗਿਆ ਪਿਆ ਬਟੂਆ ਚੱਕਣ ਆਲੀ ਕਹਿ ਕੇ ਹਟਿਐਂ?”
ਬੁੱਘਰ ਦਖਾਣ ਕਹਿੰਦਾ, “ਸੜਕ ‘ਤੇ ਕਿਸੇ ਨਾ ਕਿਸੇ ਦਾ ਬਟੂਆ ਬੂਟੂਆ ਡਿੱਗ ਪਿਆ ਹੋਣਾ, ਜਦੋਂ ਉਹ ਕੋਡਾ ਹੋ ਕੇ ਚੱਕਣ ਲੱਗਿਆ ਹੋਣਾ ਉਦੋਂ ਉਹਦੇ ‘ਚ ਪਿੱਛੋਂ ਆਉਂਦਾ ਕੋਈ ਸ਼ੈਂਕਲ ਸ਼ੂੰਕਲ ਵੱਜ ਗਿਆ ਹੋਊ। ਹੋਰ ਚੰਨਣ ਕਿਤੇ ਚੋਰ ਤਾਂ ਨ੍ਹੀ ਬਈ ਲੋਕਾਂ ਦੀਆਂ ਜੇਬ੍ਹਾਂ ਫਰੋਲਦਾ ਫਿਰਦੈ। ਜਿਹੜੀ ਗੱਲ ਦੇ ਪਤੰਦਰੋ ਮਗਰ ਪੈ ਜਾਨੇ ਐਂ, ਛੱਤਣੀ ਚਾੜ੍ਹਕੇ ਹਟਦੇ ਐਂ।”
ਬਾਬਾ ਸੰਧੂਰਾ ਸਿਉਂ ਕਹਿੰਦਾ, “ਨਹੀਂ ਬਈ ਇਹ ਗੱਲ ਤਾਂ ਨ੍ਹੀ ਹੋਣੀ। ਗੱਲ ਤਾਂ ਕੋਈ ਹੋਰ ਐ। ਨਾਥਾ ਸਿਉਂ ਈਂ ਦੱਸੂ। ਨਾਲੇ ਉਹ ਤਾਂ ਕਿੰਨੇ ਈਂ ਦਿਨਾਂ ਦਾ ਹੱਥਪਤਾਲ ‘ਚ ਬੰਬਾਰ ਪਿਆ। ਸੈਂਕਲ ਓਹਦੇ ‘ਚ ਕਿੱਥੋਂ ਵੱਜ ਗਿਆ ਬਈ? ਤੂੰ ਦੱਸ ਯਾਰ ਅਮਲੀਆ ਗੱਲ ਕੀਅ੍ਹੈ ਇਹੇ?”
ਬਾਬੇ ਦਾ ਪਲੋਸਿਆ ਨਾਥਾ ਅਮਲੀ ਟੇਪ ਰਿਕਾਰਡ ਵਾਂਗੂੰ ਚੱਲ ਪਿਆ। ਬਾਬੇ ਸੰਧੂਰਾ ਸਿਉਂ ਦੇ ਹੁੱਜ ਮਾਰ ਕੇ ਕਹਿੰਦਾ, “ਲੈ ਚੰਨਣ ਬੁੜ੍ਹੇ ਦੀ ਸੁਣ ਲਾ। ਚੰਨਣ ਕਿਤੇ ਆਵਦੇ ਪੋਤੇ ਨਾਲ ਸ਼ੈਂਕਲ ‘ਤੇ ਬਹਿ ਕੇ ਦਾਣਾ ਮੰਡੀ ‘ਚੋਂ ਘਰ ਨੂੰ ਆਉਂਦਾ ਸੀ। ਤਾਰੇ ਮਿਸਤਰੀ ਕੇ ਸ਼ਰਾਰਤੀ ਜੁਆਕਾਂ ਨੇ ਕੀ ਕੀਤਾ ਬਾਬਾ, ਪਰਾਣਾ ਜਾ ਲੈ ਕੇ ਬਟੂਆ, ਉਹਨੂੰ ਧਾਗਾ ਪਾਕੇ ਸੜਕ ‘ਤੇ ਰੱਖ ‘ਤਾ। ਜੁਆਕ ਆਪ ਬਹਿ ਗੇ ਛੋਟੂ ਚੌਧਰੀ ਕੀ ਬੈਠਕ ‘ਚ। ਜਦੋਂ ਚੰਨਣ ਬੁੜ੍ਹੇ ਦੀ ਨਿਗ੍ਹਾ ਬਟੂਏ ‘ਤੇ ਪਈ ਤਾਂ ਉਹ ਸ਼ੈਂਕਲ ਤੋਂ ਉੱਤਰ ਕੇ ਬਟੂਆ ਚੱਕਣ ਪੈ ਗਿਆ। ਜਦੋਂ ਚੰਨਣ ਬਟੂਆ ਚੱਕਣ ਨੂੰ ਕੋਡਾ ਹੋਇਆ ਜੁਆਕਾਂ ਨੇ ਧਾਗਾ ਖਿੱਚ ਲਿਆ। ਜੁਆਕ ਧਾਗਾ ਖਿੱਚੀ ਗਏ ਚੰਨਣ ਬਟੂਏ ਦੇ ਮਗਰ ਮਗਰ ਇਉਂ ਕੋਡਾ ਕੋਡਾ ਭੱਜਿਆ ਜਾਵੇ ਜਿਮੇਂ ਦਮਦਮੇ ਦੀ ਵਸਾਖੀ ‘ਤੇ ਗੋਲੀ ਚੱਲੀ ਤੋਂ ਸਰੋਵਰ ‘ਤੇ ‘ਸ਼ਨਾਨ ਕਰਦੇ-ਕਰਦੇ ਲੋਕ ਲੰਗੂਰਾਂ ਆਂਗੂੰ ਕੋਡੇ ਕੋਡੇ ਆਵਦੇ ਲੀੜੇ ਛੱਡ ਕੇ ਭੱਜ ਗੇ ਸੀ। ਜੁਆਕ ਬਟੂਏ ਨੂੰ ਬੰਨ੍ਹਿਆਂ ਧਾਗਾ ਖਿੱਚੀ ਗਏ ਚੰਨਣ ਬੁੜ੍ਹਾ ਬਟੂਏ ਮਗਰ ਕੋਡਾ ਕੋਡਾ ਭੱਜਿਆ ਜਾਂਦਾ ਗੰਦੇ ਨਾਲੇ ‘ਚ ਤੁਰੇ ਫਿਰਦੇ ਲਿਬੜੇ ਵੇ ਸੂਰ ‘ਚ ਜਾ ਵੱਜਿਆ॥
ਚੰਨਣ ਲਿਬੜੇ ਵੇ ਸੂਰ ‘ਚ ਵੱਜਣ ਸਾਰ ਤਿੰਨ ਲੋਟਣੀਆਂ ਖਾ ਕੇ ਗੰਦੇ ਨਾਲੇ ‘ਚ ਜਾ ਡਿਗਿਆ। ਗਾਰੇ ‘ਚ ਲਿਬੜਿਆ ਵਿਆ ਚੰਨਣ ਇਉਂ ਲੱਗੇ ਜਿਮੇਂ ਛੱਪੜ ‘ਚੋਂ ਭਿੱਜੇ ਵੇ ਗਰਨ੍ਹੇ ਕੱਢੇ ਹੁੰਦੇ ਐ। ਜਦੋਂ ਚੰਨਣ ਨਾਲੇ ‘ਚੋਂ ਬਾਹਰ ਨਿੱਕਲਿਆ ਤਾਂ ਓੱਥੇ ਫਿਰਦੇ ਸੜੇ ਜੇ ਬੋਕ ਨੇ ਚੰਨਣ ‘ਚ ਆ ਢੁੱਡ ਮਾਰੀ। ਚੰਨਣ ਫੇਰ ਚੱਕ ਕੇ ਨਾਲੇ ‘ਚ ਇਉਂ ਠੋਕਿਆ ਜਿਮੇਂ ਟਰੈਲੀ ਤੋਂ ਤੁੜੀ ਦੀ ਪੰਡ ਸਿੱਟੀ ਦੀ ਹੁੰਦੀ ਐ। ਚੰਨਣ ਤਾਂ ਬਾਬਾ ਨਾਲੇ ‘ਚ ਡਿੱਗਿਆ ਪਿਆ ਚੀਕਾਂ ਮਾਰੇ, ਬੋਕ ਚੰਨਣ ਦੇ ਸਰ੍ਹਾਣੇ ਖੜ੍ਹਾ ਬਈ ਜੇ ਨਾਲੇ ‘ਚੋਂ ਨਿੱਕਲਿਆ ਤਾਂ ਫੇਰ ਢੁੱਡ ਮਾਰੂੰ। ਚੰਨਣ ਬੋਕ ਤੋਂ ਡਰਦਾ ਨਾਲੇ ‘ਚੋਂ ਬਾਹਰ ਨਾ ਨਿੱਕਲੇ ਬਈ ਇਹ ਤਾਂ ਫੇਰ ਮੇਰੇ ਆਲੀ ਕੱਤਣੀ ਬਣਾ ਦੂ। ਓਧਰੋਂ ਕਿਤੇ ਚੰਨਣ ਦਾ ਪੋਤਾ ਘੀਚਰ ਬੁੜ੍ਹੇ ਦੇ ਮੁੰਡਿਆਂ ਨੂੰ ਭੱਜ ਕੇ ਘਰੋਂ ਸੱਦ ਕੇ ਲਿਆਇਆ। ਘੀਚਰ ਦੇ ਮੁੰਡਿਆਂ ਨੇ ਦਬੱਲਿਆ ਬੋਕ, ਫੇਰ ਕਿਤੇ ਜਾ ਕੇ ਚੰਨਣ ਨਾਲੇ ‘ਚੋਂ ਬਾਹਰ ਕੱਢਿਆ। ਇੱਕ ਤਾਂ ਚੰਨਣ ਮੋਟਾ ਬਹੁਤ ਐ। ਫੇਰ ਵੇਖ ਲਾ ਕੱਦ ਵੀ ਬੁੜ੍ਹੇ ਦਾ ਸੁੱਖ ਨਾਲ ਛੋਟਾ ਜਾ ਈ ਐ ਜਿਮੇਂ ਕੁਐਂਟਲ ਆਲੀ ਬੋਰੀ ਝੋਨੇ ਦੀ ਪਰਾਲੀ ਨਾਲ ਭਰੀ ਹੁੰਦੀ ਐ। ਜਦੋਂ ਚੰਨਣ ਨੂੰ ਗਾਰੇ ਨਾਲ ਲਿਬੜੇ ਵੇ ਨੂੰ ਨਾਲੇ ‘ਚੋਂ ਬਾਹਰ ਕੱਢਿਆ ਤਾਂ ਲਿਬੜੇ ਵੇ ਸੂਰ ਤੋਂ ਵੀ ਭੈੜੀ ਹਾਲਤ ਹੋਈ ਵੀ ਸੀ ਚੰਨਣ ਦੀ। ਜਦੋਂ ਬੁੜ੍ਹੇ ਨੂੰ ਨਾਲੇ ‘ਚੋਂ ਬਾਹਰ ਕੱਢਦੇ ਸੀ ਤਾਂ ਓੱਥੇ ਕਿਤੇ ਸੌਲ ਪੱਤੀ ਆਲਾ ਰੇਖੀ ਪੰਡਤ ਵੀ ਖੜ੍ਹਾ ਵੇਖੀ ਜਾਂਦਾ ਸੀ। ਰੇਖੀ ਪੰਡਤ ਚੰਨਣ ਬੁੜ੍ਹੇ ਨੂੰ ਲਿਬੜੇ ਵੇ ਨੂੰ ਵੇਖ ਕੇ ਕਹਿੰਦਾ ‘ਓਏ ਇਹੇ ਤਾਇਆ ਚੰਨਣ ਸਿਉਂ ਈਂ ਐਂ ਕਿਤੇ ਭਲੇਖੇ ਨਾਲ ਸੂਰ ਨੂੰ ਤਾਂ ਨ੍ਹੀ ਹੱਥ ਪੈ ਗਿਆ’?”
ਚਲਦੀ ਗੱਲ ਨੂੰ ਟੋਕ ਕੇ ਪ੍ਰੀਤੇ ਕਾ ਕੈਂਟਾ ਕਹਿੰਦਾ, “ਤਾਹੀਂ ਤਾਇਆ ਚੰਨਣ ਹੱਥਪਤਾਲ ‘ਚ ਪਿਆ ਬੋਕ ਦਾ ਢਾਹਿਆ ਵਿਆ। ਮੈਂ ਵੀ ਕਿਹਾ ਬਈ ਤਾਈ ਮਕੰਦ ਕੁਰ ਨਿੱਤ ਈ ਝੋਲਾ ਚੱਕੀ ਮੰਡੀ ਕੀ ਕਰਨ ਜਾਂਦੀ ਐ। ਹੂੰ-ਹੂੰ। ਹੁਣ ਆਈ ਗੱਲ ਦੀ ਸਮਝ।”
ਬਾਬੇ ਸੰਧੂਰਾ ਸਿਉਂ ਨੇ ਪੁੱਛਿਆ, “ਕਿੰਨੀਆਂ ਕੁ ਸੱਟਾਂ ਸੁੱਟਾਂ ਵੱਜੀਆਂ ਬਈ ਚੰਨਣ ਸਿਉਂ ਦੇ?”
ਨਾਥਾ ਅਮਲੀ ਹੱਸ ਕੇ ਕਹਿੰਦਾ, “ਚਿੱਕੜ ਗਾਰੇ ਨਾਲ ਕਾਹਦੀ ਸੱਟ ਵੱਜਣੀ ਸੀ ਬਾਬਾ। ਹੁਣ ਬੁੜ੍ਹਾ ਊਈਂ ਛਾਪਲਿਆ ਪਿਆ ਪਊਆ ਪਰੇਟ ਕਰਨ ਦਾ ਮਾਰਾ। ਅੱਗੇ ਤਾਂ ਬੁੜ੍ਹੇ ਨਾਲ ਸਾਰਾ ਟੱਬਰ ਲੜਦਾ ਹੁੰਦਾ ਸੀ ਬਈ ਇਹ ਸ਼ਰਾਬ ਕਿਉਂ ਪੀਂਦਾ। ਨਾਲੇ ਪੀਣੀ ਵੀ ਕਿਤੇ ਦੋ ਚਾਰ ਮਹੀਨਿਆਂ ਪਿੱਛੋਂ। ਹੁਣ ਬੁੜ੍ਹੇ ਦੇ ਗੁੱਲੀ ਦਣ ਪੈ ਗਿਆ। ਹੁਣ ਮੁੰਡਿਆਂ ਤੋਂ ਨਿੱਤ ਪਊਆ ਮੰਗਵਾ ਕੇ ਪੀਆ ਕਰੂ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, “ਬੁੜ੍ਹੇ ਦੇ ਦੋ ਤਿੰਨ ਮਹੀਨੇ ਤਾਂ ਹੁਣ ਨਿੱਤ ਦੇ ਪਊਏ ਨਾਲ ਵਧੀਆਂ ਨੰਘਣਗੇ। ਹੁਣ ਇਉਂ ਕਰੇ ਬੁੜ੍ਹਾ, ਬੋਕ ਦੀ ਨਿਗ੍ਹਾ ਰੱਖੇ। ਉਹਨੂੰ ਰੁੱਗ ਪੱਠੇ ਪਾ ਛੱਡਿਆ ਕਰੇ। ਏਨੇ ਨੂੰ ਪੰਜਾਂ ਚਾਰਾਂ ਮਹੀਨਿਆਂ ਪਿੱਛੋਂ ਫੇਰ ਬੋਕ ਦੇ ਨੇੜੇ ਹੋ ਜੇ। ਬੋਕ ਨੇ ਫੇਰ ਢਾਹ ਲੈਣਾ, ਬੁੜ੍ਹੇ ਦੀ ਫੇਰ ਪਊਏ ਪਰੇਡ ਸਰਵਸ ਸ਼ੁਰੁ ਹੋ ਜੂ। ਪੰਜ ਸੱਤ ਮਹੀਨੇ ਫੇਰ ਨੰਘ ਜਾਣਗੇ।”
ਨਾਥਾ ਅਮਲੀ ਹੱਸ ਕੇ ਕਹਿੰਦਾ, “ਬੁੜ੍ਹੇ ਦੇ ਮੁੰਡਿਆਂ ਨੇ ਚੱਕ ਕੇ ਬੋਕ ਝੜਕਈ ਨੂੰ ਵੇਚ ਦੇਣਾ। ਫੇਰ ਚੰਨਣ ਦਾ ਠੇਕਾ ਈ ਲੁੱਟਿਆ ਜਾਊ।
ਮਾਹਲਾ ਨੰਬਰਦਾਰ ਕਹਿੰਦਾ, “ਚਾਰ ਪੰਜ ਸਾਲ ਹੋ ਗੇ ਉਦੋਂ ਚੰਨਣ ਨੂੰ ਆਪਣੇ ਪਿੰਡ ਆਲੇ ਮੀਣੇ ਜੇ ਸਾਨ੍ਹ ਨੇ ਢਾਹ ਲਿਆ ਸੀ। ਉਦੋਂ ਮਸਾਂ ਬਚਿਆ ਸੀ।”
ਨਾਥਾ ਅਮਲੀ ਮਖੌਲ ‘ਚ ਕਹਿੰਦਾ, “ਉਦੋਂ ਤਾਂ ਨੰਬਰਦਾਰਾ ਫਿਰ ਬੋਤਲ ਮਿਲਦੀ ਹੋਊ ਚੰਨਣ ਨੂੰ ਹੈਂਅ।”
ਬਾਬਾ ਸੰਧੂਰਾ ਸਿਉਂ ਕਹਿੰਦਾ, “ਨਾਹ ਉਦੋਂ ਕੀ ਚੰਨਣ ਦੇ ਬਾਹਲ਼ੀਆਂ ਸੱਟਾਂ ਵੱਜਗੀਆਂ ਸੀ ਜਿਹੜੀ ਬੋਤਲ ਮਿਲਦੀ ਸੀ?”
ਨਾਥਾ ਅਮਲੀ ਬਾਬੇ ਨੂੰ ਕਹਿੰਦਾ, “ਸੱਟਾਂ ਬਾਹਲ਼ੀਆਂ ਦੀ ਗੱਲ ਨ੍ਹੀ ਬਾਬਾ। ਗੱਲ ਤਾਂ ਵੱਡੇ ਛੋਟੇ ਪਸੂ ਡੰਗਰ ਦੀ ਐ। ਜਦੋਂ ਤਾਂ ਚੰਨਣ ਨੂੰ ਬੋਕ ਨੇ ਢਾਹਿਆ। ਉਦੋਂ ਤਾਂ ਚੰਨਣ ਨੂੰ ਹੁਣ ਪਊਆ ਮਿਲਦਾ। ਜਦੋਂ ਸਾਨ੍ਹ ਨੇ ਢਾਹਿਆ ਸੀ, ਵੱਡਾ ਸੀ ਪਸੂ। ਉਦੋਂ ਤਾਂ ਹੱਕ ਹੀ ਬੋਤਲ ਦਾ ਸੀ ਚੰਨਣ ਦਾ। ਵੱਡੇ ਡੰਗਰ ਨੇ ਢਾਹਿਆ ਕਰਕੇ ਚੰਨਣ ਨੂੰ ਬੋਤਲ ਮਿਲਣ ਲੱਗ ਗੀ ਹੋਣੀ ਐਂ ਘਰੋਂ।”
ਸੀਤਾ ਮਰਾਸੀ ਕਹਿੰਦਾ, “ਬਈ ਗੱਲ ਤਾਂ ਹੁਣ ਇਉਂ ਐਂ। ਜੇ ਚੰਨਣ ਨੂੰ ਪਊਏ ਨਾਲ ਨਾ ਸਰੇ ਤੇ ਬੋਤਲ ਚੰਨਣ ਲਈ ਬਾਹਲ਼ੀ ਹੋਵੇ, ਫੇਰ ਕੀ ਕਰੇ ਚੰਨਣ?”
ਨਾਥਾ ਅਮਲੀ ਕਹਿੰਦਾ, “ਫੇਰ ਬੋਕ ਤੇ ਸਾਨ੍ਹ ਦੇ ਵਚਾਲੜੇ ਜੇ ਮੇਲ ਦੇ ਕਿਸੇ ਡੰਗਰ ਪਸੂ ਨੂੰ ਛੇੜ ਲੇ। ਖੱਚਰ ਜੀ ਨੂੰ ਛੇੜ ਲੇ। ਜਾਂ ਫਿਰ ਵੇੜ੍ਹਕੇ ਦੀ ਪੂਛ ਨੂੰ ਹੱਥ ਲਾ ਕੇ ਵੇਖ ਲੇ। ਫੇਰ ਅਧੀਆ ਵੱਟ ‘ਤੇ ਪਿਆ। ਅਧੀਏ ਨਾਲ ਬੁੜ੍ਹੇ ਦਾ ਸਰ ਈ ਜਾਇਆ ਕਰੂ।”
ਬਾਬਾ ਸੰਧੂਰਾ ਸਿਉਂ ਕਹਿੰਦਾ, “ਜੇ ਮੁੰਡਿਆਂ ਨੇ ਚੰਨਣ ਨੂੰ ਘਰੋਂ ਈ ਨਾ ਨਿੱਕਲਣ ਦਿੱਤਾ ਫੇਰ ਕੀ ਬਣੂ ਚੰਨਣ ਦਾ?”
ਨਾਥਾ ਅਮਲੀ ਕਹਿੰਦਾ, “ਫੇਰ ਮੈਂ ਦੱਸ ਦਿੰਨਾਂ ਜੁਗਤ। ਘਰੇ ਵੀ ਤਾਂ ਚੰਨਣ ਕੇ ਡੰਗਰ ਪਸੂ ਖੜ੍ਹੇ ਈ ਐ। ਜੇ ਤਾਂ ਚੰਨਣ ਨੂੰ ਪਊਏ ਦੀ ਲੋੜ ਐ, ਫੇਰ ਤਾਂ ਕਿਸੇ ਕੱਟੇ ਬੱਛੇ ਨਾਲ ਹੱਥ ਜੋੜ ਲੇ। ਜੇ ਅਧੀਏ ਦੀ ਲੋੜ ਐ, ਫੇਰ ਜਿਹੜਾ ਉਨ੍ਹਾਂ ਦੇ ਮਰੀਕੀ ਜਾ ਵਹਿੜਕਾ ਪੱਠਿਆਂ ਆਲੀ ਗੱਡੀ ਜੀ ਨੂੰ ਜੋੜਿਆ ਹੁੰਦਾ, ਉਹਦੇ ਨਾਲ ਪੰਗਾ ਲੈ ਲੇ। ਬੋਤਲ ਵਾਸਤੇ ਤਾਂ ਕਿਸੇ ਬੁੱਢੀ ਜੀ ਖੋਲੜ ਨੂੰ ਢੁੱਡ ਮਾਰਨੀ ਪਊ, ਫੇਰ ਬਣੂ ਗੱਲ।”
ਸੀਤਾ ਮਰਾਸੀ ਕਹਿੰਦਾ, “ਐਮੇਂ ਨਾ ਯਾਰ ਪੁੱਠੀ ਸਲਾਹ ਦੇ ਕੇ ਉਨ੍ਹਾਂ ਦੇ ਸਾਰੇ ਈ ਡੰਗਰ ਪਸੂ ਵਕਾ ਦਿਉ ਕਿਤੇ।”
ਅਮਲੀ ਕਹਿੰਦਾ, “ਅਸੀ ਪਸੂ ਵੇਚਣ ਨੂੰ ਤਾਂ ਕਹਿੰਦੇ। ਅਸੀਂ ਤਾਂ ਸ਼ਰਾਬ ਦੇ ਅਧੀਆ ਪਊਆ ਬੋਤਲ ਮੰਗਵਾਉਣ ਬਾਰੇ ਮੁਖਤ ਸਲਾਹ ਦਿੱਤੀ ਐ ਬਈ ਐਹ ਪਸੂ ਦਾ ਪਊਆ ਐਹੋ ਜੇ ਦਾ ਅਧੀਆ ਤੇ ਐਹੋ ਜੇ ਦੀ ਬੋਤਲ ਐ। ਇਹਦੇ ‘ਚ ਪਸੂ ਵੇਚਣ ਆਲੀ ਕਿਹੜੀ ਗੱਲ ਐ ਬਈ?” ਮਰਾਸੀ ਕਹਿੰਦਾ, “ਜਦੋਂ ਸ਼ਰਾਬ ਪੀਣ ਦਾ ਮਾਰਾ ਨਿੱਤ ਈ ਕਿਸੇ ਨਾ ਕਿਸੇ ਪਸੂ ਨਾਲ ਪੰਗੇ ਲਊਗਾ ਤਾਂ ਘਰਦੇ ਪਸੂ ਵੇਚਣਗੇ ਈ ਹੋਰ ਕੀ ਕਰਨਗੇ?”
ਬਾਬਾ ਸੰਧੂਰਾ ਸਿਉਂ ਕਹਿੰਦਾ, “ਛੱਡੋ ਯਾਰ ਇਹ ਗੱਲਾਂ। ਹੁਣ ਤੁਸੀਂ ਇਹ ਦੱਸੋ ਬਈ ਚੰਨਣ ਦੇ ਬੋਕ ਨੇ ਕਿੰਨੀਆਂ ਕੁ ਸੱਟਾਂ ਮਾਰੀਆਂ। ਨਾਲੇ ਕਿਹੜੇ ਹੱਥਪਤਾਲ ‘ਚ ਐ?”
ਪਾਠੀਆਂ ਦਾ ਜੈਲਾ ਕਹਿੰਦਾ, “ਹੱਥਪਤਾਲ ਤੋਂ ਤਾਂ ਆ ਗਿਆ ਰਾਤ। ਘਰੇ ਐ ਹੁਣ।”
ਬਾਬਾ ਸੰਧੂਰਾ ਸਿਉਂ ਕਹਿੰਦਾ, “ਚੱਲੋ ਯਾਰ ਫੇਰ ਤਾਂ ਪਤਾ ਈ ਲਿਆਈਏ ਜਾ ਕੇ। ਆਉ ਚੱਲੀਏ ਉੱਠੋ।”
ਬਾਬੇ ਦਾ ਹੁਕਮ ਪਾ ਕੇ ਕੁਝ ਸੱਥ ਵਾਲੇ ਤਾਂ ਚੰਨਣ ਬੁੜ੍ਹੇ ਦਾ ਪਤਾ ਲੈਣ ਬਾਬੇ ਦੇ ਨਾਲ ਚੰਨਣ ਦੇ ਘਰ ਨੂੰ ਤੁਰ ਪਏ। ਬਾਕੀ ਦੀ ਸੱਥ ਆਲੇ ਆਪੋ ਆਪਣੇ ਘਰਾਂ ਨੂੰ ਚੱਲ ਪਏ ਤੇ ਸੱਥ ਖਾਲੀ ਹੋ ਗਈ।

