Friday, May 15, 2026

ਵਿੱਤੀ ਬੇਨਿਯਮੀਆਂ ਦੇ ਆਰੋਪਾਂ ਕਾਰਨ ਕ੍ਰਿਕਟ ਕੈਨੇਡਾ ਦੀ ਫੰਡਿੰਗ ਮੁਅੱਤਲ

ਸਰੀ, (ਦਿਵਰੂਪ ਕੌਰ): ਕ੍ਰਿਕਟ ਕੈਨੇਡਾ ਨੂੰ ਇਸ ਹਫਤੇ ਉਸ ਸਮੇਂ ਇੱਕ ਭਾਰੀ ਝਟਕਾ ਲੱਗਾ ਜਦੋਂ ਖੇਡ ਦੀ ਨਿਗਰਾਨੀ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ ਨੇ ਸੰਗਠਨ ਦੀ ਫੰਡਿੰਗ ਉੱਤੇ ਰੋਕ ਲਗਾ ਦਿੱਤੀ। ਦੁਬਈ ਸਥਿਤ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਕ੍ਰਿਕਟ ਕੈਨੇਡਾ ਦੀ ਸਾਲਾਨਾ ਜਨਰਲ ਮੀਟਿੰਗ ਅਤੇ ਨਵੇਂ ਬੋਰਡ ਦੀ ਚੋਣ ਤੋਂ ਦੋ ਦਿਨ ਬਾਅਦ ਸੋਮਵਾਰ ਨੂੰ ਇਹ ਨੋਟਿਸ ਜਾਰੀ ਕੀਤਾ ਹੈ।
ਇਹ ਕਦਮ ਪਿਛਲੇ ਮਹੀਨੇ ਪ੍ਰਕਾਸ਼ਿਤ ਹੋਈ ਇੱਕ ਜਾਂਚ ਤੋਂ ਬਾਅਦ ਚੁੱਕਿਆ ਗਿਆ ਹੈ ਜਿਸ ਵਿੱਚ ਕ੍ਰਿਕਟ ਕੈਨੇਡਾ ਦੀਆਂ ਪ੍ਰਮੁੱਖ ਹਸਤੀਆਂ ਵੱਲੋਂ ਭ੍ਰਿਸ਼ਟਾਚਾਰ, ਵਿੱਤੀ ਬੇਨਿਯਮੀਆਂ ਅਤੇ ਮੈਚਾਂ ਦੇ ਕੁਝ ਹਿੱਸਿਆਂ ਨੂੰ ਫਿਕਸ ਕਰਨ ਦੇ ਆਰੋਪ ਲਗਾਏ ਗਏ ਸਨ। ਹਾਲਾਂਕਿ ਆਰੋਪੀਆਂ ਨੇ ਇਹਨਾਂ ਆਰੋਪਾਂ ਤੋਂ ਇਨਕਾਰ ਕੀਤਾ ਹੈ। ਆਈਸੀਸੀ ਨੇ ਕ੍ਰਿਕਟ ਕੈਨੇਡਾ ਦੇ ਬੋਰਡ ਨੂੰ ਸਪੱਸ਼ਟ ਕੀਤਾ ਹੈ ਕਿ ਉਸ ਕੋਲ ਕਈ ਮੁੱਦਿਆਂ ਨੂੰ ਹੱਲ ਕਰਨ ਲਈ 6 ਮਹੀਨਿਆਂ ਦਾ ਸਮਾਂ ਹੈ, ਨਹੀਂ ਤਾਂ ਫੰਡਿੰਗ ਸਥਾਈ ਤੌਰ ‘ਤੇ ਖਤਮ ਕਰ ਦਿੱਤੀ ਜਾਵੇਗੀ। ਕ੍ਰਿਕਟ ਕੈਨੇਡਾ ਆਪਣੀ ਜ਼ਿਆਦਾਤਰ ਫੰਡਿੰਗ ਆਈਸੀਸੀ ਤੋਂ ਪ੍ਰਾਪਤ ਕਰਦਾ ਹੈ। ਆਪਣੀ 2024 ਦੀ ਵਿੱਤੀ ਰਿਪੋਰਟ ਵਿੱਚ ਸੰਗਠਨ ਨੇ ਦੱਸਿਆ ਕਿ ਉਸਨੂੰ ਆਈਸੀਸੀ ਤੋਂ 3.6 ਮਿਲੀਅਨ ਡਾਲਰ ਮਿਲੇ ਸਨ, ਜੋ ਉਸ ਸਾਲ ਦੀ ਆਮਦਨ ਦਾ 63 ਫੀਸਦੀ ਬਣਦਾ ਹੈ।
ਕ੍ਰਿਕਟ ਕੈਨੇਡਾ ਦੇ ਮੀਡੀਆ ਮੈਨੇਜਰ ਜਿੰਮੀ ਸ਼ਰਮਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੌਜੂਦਾ ਬੋਰਡ ਨੂੰ ਇਹ ਸਮੱਸਿਆਵਾਂ ਵਿਰਾਸਤ ਵਿੱਚ ਮਿਲੀਆਂ ਹਨ ਅਤੇ ਉਹ ਪ੍ਰਸ਼ਾਸਨ ਅਤੇ ਵਿੱਤੀ ਨਿਯੰਤਰਣ ਦੀਆਂ ਕਮੀਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਬਰੈਂਪਟਨ ਵਿੱਚ ਬੁੱਧਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਨਵੇਂ ਚੁਣੇ ਗਏ ਉਪ ਪ੍ਰਧਾਨ ਰਣਜੀਤ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਈਸੀਸੀ ਦੇ ਪੱਤਰ ਬਾਰੇ ਜਾਣਕਾਰੀ ਸੀ, ਪਰ ਉਨ੍ਹਾਂ ਨੇ ਇਸਨੂੰ ਦੇਖਿਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਮੁੱਦੇ ਜ਼ਰੂਰ ਸਨ ਪਰ ਵਿੱਤੀ ਗੜਬੜੀ ਨਹੀਂ ਸੀ ਸਗੋਂ ਖਾਤਿਆਂ ਦਾ ਸਹੀ ਢੰਗ ਨਾਲ ਪ੍ਰਬੰਧ ਨਹੀਂ ਕੀਤਾ ਗਿਆ ਸੀ।
ਆਈਸੀਸੀ ਵੱਲੋਂ ਫੰਡਿੰਗ ਰੋਕਣ ਦਾ ਅਹਿਮ ਕਾਰਨ ਨੀਤੀਆਂ ਦੀ ਉਲੰਘਣਾ, ਪ੍ਰਸ਼ਾਸਨਿਕ ਚਿੰਤਾਵਾਂ ਅਤੇ ਵਿੱਤੀ ਨਿਗਰਾਨੀ ਦੀ ਘਾਟ ਹੈ। ਆਈਸੀਸੀ ਅਨੁਸਾਰ ਕ੍ਰਿਕਟ ਕੈਨੇਡਾ ਨੇ ਗਲਤ ਅਤੇ ਅਧੂਰੀ ਬਜਟ ਜਾਣਕਾਰੀ ਪੇਸ਼ ਕੀਤੀ ਅਤੇ ਇਹ ਵੀ ਸੁਝਾਅ ਦਿੱਤਾ ਕਿ ਉਸਨੂੰ ਅਜੇ ਵੀ ਸਪੋਰਟ ਕੈਨੇਡਾ ਤੋਂ ਫੰਡ ਮਿਲ ਰਹੇ ਹਨ, ਜਦਕਿ ਇਹ ਪੈਸਾ ਬੰਦ ਹੋ ਚੁੱਕਾ ਹੈ। ਆਈਸੀਸੀ ਨੇ ਇਹ ਵੀ ਦੱਸਿਆ ਕਿ ਕ੍ਰਿਕਟ ਕੈਨੇਡਾ ਨੇ ਆਪਣੀ ਕਾਨੂੰਨੀ ਫੀਸ 25000 ਡਾਲਰ ਤੋਂ ਘੱਟ ਦੱਸੀ ਸੀ ਪਰ ਬ੍ਰਿਟਿਸ਼ ਕੋਲੰਬੀਆ ਅਦਾਲਤ ਦੇ ਤਾਜ਼ਾ ਫੈਸਲੇ ਤੋਂ ਪਤਾ ਲੱਗਾ ਹੈ ਕਿ ਇਹ ਅੰਕੜਾ 460000 ਡਾਲਰ ਦੇ ਕਰੀਬ ਹੋ ਸਕਦਾ ਹੈ।

Popular