Friday, May 15, 2026

ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੈਨੇਡਾ ਦੀ ਨਵੀਂ ਕਲੀਨ ਇਲੈਕਟ੍ਰਿਸਿਟੀ ਰਣਨੀਤੀ ਦਾ ਐਲਾਨ

ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਬਿਜਲੀ ਦੀ ਮੰਗ ਵਿੱਚ ਹੋ ਰਹੇ ਲਗਾਤਾਰ ਇਜ਼ਾਫੇ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ ਦੇਸ਼ ਦੀ ਨਵੀਂ ਕਲੀਨ ਇਲੈਕਟ੍ਰਿਸਿਟੀ ਰਣਨੀਤੀ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦਾ ਮੁੱਖ ਟੀਚਾ 2050 ਤੱਕ ਕੈਨੇਡਾ ਦੇ ਬਿਜਲੀ ਗਰਿੱਡ ਦੀ ਸਮਰੱਥਾ ਨੂੰ ਦੁੱਗਣਾ ਕਰਨਾ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਦੱਸਿਆ ਕਿ ਇਸ ਮੁਹਿੰਮ ਲਈ ਫੈਡਰਲ ਸਰਕਾਰ ਵੱਲੋਂ ਸੂਬਿਆਂ, ਖੇਤਰਾਂ, ਮੂਲ ਨਿਵਾਸੀ ਸਮੂਹਾਂ, ਯੂਟਿਲਿਟੀ ਕੰਪਨੀਆਂ ਅਤੇ ਯੂਨੀਅਨਾਂ ਨਾਲ ਮਿਲ ਕੇ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਜਾ ਰਿਹਾ ਹੈ।
ਕਾਰਨੀ ਨੇ ਕਿਹਾ ਕਿ ਆਉਣ ਵਾਲੇ ਦਹਾਕਿਆਂ ਵਿੱਚ ਕੈਨੇਡੀਅਨ ਲੋਕ ਬਿਜਲੀ ਦੀ ਜ਼ਿਆਦਾ ਵਰਤੋਂ ਕਰਨਗੇ ਕਿਉਂਕਿ ਕਾਰਾਂ, ਘਰਾਂ ਦੇ ਹੀਟਰ ਅਤੇ ਫੈਕਟਰੀਆਂ ਦੀਆਂ ਮਸ਼ੀਨਾਂ ਇਲੈਕਟ੍ਰਿਕ ਪਾਵਰ ਉੱਤੇ ਤਬਦੀਲ ਹੋ ਰਹੀਆਂ ਹਨ। ਇਸ ਮੰਗ ਨੂੰ ਪੂਰਾ ਕਰਨ ਲਈ ਗਰਿੱਡ ਨੂੰ ਦੁੱਗਣਾ ਕਰਨਾ ਸੌਖਾ ਨਹੀਂ ਹੋਵੇਗਾ। ਨਵੀਂ ਰਣਨੀਤੀ ਤਹਿਤ ਬਿਜਲੀ ਉਤਪਾਦਨ, ਟ੍ਰਾਂਸਮਿਸ਼ਨ, ਵੰਡ, ਸਟੋਰੇਜ ਅਤੇ ਗਰਿੱਡ ਦੇ ਆਧੁਨਿਕੀਕਰਨ ਲਈ ਬੁਨਿਆਦੀ ਢਾਂਚੇ ਉੱਤੇ ਨਿਵੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੂਰਬ, ਪੱਛਮ ਅਤੇ ਉੱਤਰ ਵਿੱਚ ਵੰਡੇ ਹੋਏ ਬਿਜਲੀ ਗਰਿੱਡਾਂ ਨੂੰ ਨਵੀਆਂ ਟ੍ਰਾਂਸਮਿਸ਼ਨ ਲਾਈਨਾਂ ਰਾਹੀਂ ਆਪਸ ਵਿੱਚ ਜੋੜਿਆ ਜਾਵੇਗਾ।
ਮੌਜੂਦਾ ਸਮੇਂ ਕੈਨੇਡਾ ਦਾ 80 ਫੀਸਦੀ ਸਿਸਟਮ ਗੈਰ ਨਿਕਾਸੀ ਵਾਲਾ ਹੈ ਅਤੇ ਇਸ ਨੂੰ ਦੁੱਗਣਾ ਕਰਨ ਲਈ ਸੂਬਾਈ ਪ੍ਰਣਾਲੀਆਂ ਨੂੰ ਜੋੜਨ ਦੀ ਅਹਿਮ ਲੋੜ ਹੈ। ਬਿਜਲੀ ਗਰਿੱਡ ਦੀ ਸਮਰੱਥਾ ਵਿੱਚ ਇਜ਼ਾਫਾ ਕਰਨ ਲਈ 2050 ਤੱਕ 130000 ਉੱਚ ਕੁਸ਼ਲ ਕਾਮਿਆਂ ਦੀ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਵਿੱਚੋਂ 30000 ਨਵੀਆਂ ਨੌਕਰੀਆਂ 2028 ਤੱਕ ਪੈਦਾ ਹੋਣਗੀਆਂ। ਕੈਨੇਡਾ ਵਿੱਚ ਇਲੈਕਟ੍ਰਿਕ ਵਾਹਨਾਂ, ਡੇਟਾ ਸੈਂਟਰਾਂ ਅਤੇ ਰੱਖਿਆ ਉਦਯੋਗਿਕ ਉਤਪਾਦਨ ਕਾਰਨ ਬਿਜਲੀ ਦੀ ਮੰਗ ਵਿੱਚ ਤੇਜ਼ੀ ਆ ਰਹੀ ਹੈ। ਆਧੁਨਿਕ ਅਰਥਵਿਵਸਥਾ ਵਿੱਚ ਏਆਈ ਡੇਟਾ ਸੈਂਟਰਾਂ ਵਰਗੇ ਉੱਚ ਵਿਕਾਸ ਵਾਲੇ ਖੇਤਰ ਡਿਜ਼ੀਟਲ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਨਗੇ। ਇਹਨਾਂ ਖੇਤਰਾਂ ਨਾਲ ਉਤਪਾਦਕਤਾ ਵਿੱਚ ਲਾਭ ਮਿਲੇਗਾ ਅਤੇ ਵਪਾਰਕ ਮੁਕਾਬਲੇਬਾਜ਼ੀ ਵਿੱਚ ਸੁਧਾਰ ਹੋਵੇਗਾ, ਪਰ ਨਾਲ ਹੀ ਇਹਨਾਂ ਕਾਰਨ ਬਿਜਲੀ ਦੀ ਨਵੀਂ ਮੰਗ ਵੀ ਪੈਦਾ ਹੋਵੇਗੀ। ਇਸ ਤੋਂ ਇਲਾਵਾ ਨੁਨਾਵੁਤ ਸਮੇਤ ਕੁਝ ਦੂਰ ਦੁਰਾਡੇ ਦੇ ਭਾਈਚਾਰੇ ਅਜੇ ਵੀ ਬਿਜਲੀ ਲਈ ਡੀਜ਼ਲ ਉਤਪਾਦਨ ਉੱਤੇ ਨਿਰਭਰ ਹਨ। This report was written by Divroop Kaur as part of the Local Journalism Initiative.

Popular