ਕੈਨੇਡਾ ਵਿਚ ਮਈ ਦਾ ਮਹੀਨਾ ‘ਏਸ਼ੀਅਨ ਹੈਰੀਟੇਜ਼ ਮਹੀਨੇ’ ਵੱਜੋਂ ਮਨਾਇਆ ਜਾਂਦਾ ਹੈ। ਕੈਨੇਡਾ ‘ਚ ਆ ਕੇ ਵਸੇ ਏਸ਼ੀਅਨ ਮੂਲ ਦੇ ਲੋਕਾਂ ਵੱਲੋਂ ਕੈਨੇਡਾ ਦੇ ਸਮਾਜ, ਸੱਭਿਆਚਾਰ, ਆਰਥਿਕਤਾ ਅਤੇ ਇਤਿਹਾਸ ਵਿਚ ਪਾਏ ਵੱਢਮੁੱਲੇ ਯੋਗਦਾਨ ਨੂੰ ਇੱਕ ਸਨਮਾਨ ਵਜੋਂ ਅਤੇ ਏਸ਼ੀਅਨ ਭਾਈਚਾਰੇ ਦੀ ਵਿਰਾਸਤ ਅਤੇ ਕੈਨੇਡਾ ਵਿਚ ਇਸਦੀਂ ਹੋਂਦ ਦੇ ਜਸ਼ਨ ਵਜੋਂ ‘ਏਸ਼ੀਅਨ ਹੈਰੀਟੇਜ਼ ਮਹੀਨੇ’ ਦੀ ਸ਼ੁਰੂਆਤ ਕੀਤੀ ਗਈ ਸੀ। ਬ੍ਰਿਟਿਸ਼ ਕੋਲੰਬੀਆ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਇਤਿਹਾਸ ਨੂੰ ਦਸਤਾਵੇਜ਼ ਕਰਨ ਲਈ ਯੂਨੀਵਰਿਸਟੀ ਆਫ਼ ਫਰੇਜ਼ਰ ਵੈਲੀ ਦੇ ਸਾਊਥ ਏਸ਼ੀਅਨ ਕੈਨੇਡੀਅਨ ਲੈਗੇਸੀ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। 2020 ਦੌਰਾਨ ਸ਼ੁਰੂ ਕੀਤੇ ਇਸ ਪ੍ਰੋਜੈਕਟ ਨੂੰ ਬੀਸੀ ਦੀ ਸਰਕਾਰ ਵੱਲੋਂ 1.14 ਮਿਲੀਅਨ ਡਾਲਰ ਦੀ ਫੰਡਿੰਗ ਕੀਤੀ ਗਈ ਹੈ।
ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਦੀ ਡਾਇਰੈਕਟਰ ਡਾ ਸਤਵਿੰਦਰ ਕੌਰ ਬੈਂਸ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਸਾਊਥ ਏਸ਼ੀਅਨ ਭਾਈਚਾਰੇ ਦਾ ਇਤਿਹਾਸ ਕੁਰਬਾਨੀਆਂ , ਸੰਘਰਸ਼ ਅਤੇ ਪ੍ਰਾਪਤੀਆਂ ਭਰਪੂਰ ਹੈ। ਇਸ ਪ੍ਰੋਜੈਕਟ ਅਧੀਨ ਸਾਊਥ ਏਸ਼ੀਅਨ ਭਾਈਚਾਰੇ ਦੇ ਵਿਅਕਤੀਆਂ ਦੀਆਂ 20 ਹਜ਼ਾਰ ਤੋਂ ਵਧੇਰੇ ਤਸਵੀਰਾਂ ਨੂੰ ਡਿਜੀਟਲ ਤਰੀਕੇ ਨਾਲ ਸੰਭਾਲਿਆ ਗਿਆ ਹੈ। ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਵਿਚਲੇ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਦੀ ਕੋਆਰਡੀਨੇਟਰ ਸ਼ਰਨਜੀਤ ਸੰਧਰਾਂ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਜੈਕਟ ਸਿਰਫ਼ ਕੈਨੇਡਾ ਵਿਚਲੇ ਪੰਜਾਬੀ ਭਾਈਚਾਰੇ ‘ਤੇ ਹੀ ਕੇਂਦਰਿਤ ਨਹੀਂ ਹੈ।
ਉਹਨਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸ਼੍ਰੀਲੰਕਾ , ਭਾਰਤ ਅਤੇ ਪਾਕਿਸਤਾਨ ਸਮੇਤ ਹੋਰਨਾਂ ਦੇਸ਼ਾਂ ਤੋਂ ਕੈਨੇਡਾ ਆਏ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਇਸ ਪ੍ਰੋਜੈਕਟ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੀ ਕੈਨੇਡਾ ਵਿਚਲੀ ਜ਼ਿੰਦਗੀ ‘ਤੇ ਝਾਤ ਪਾਉਂਦੀ 338 ਪੇਜਾਂ ਦੀ ਇਕ ਕਿਤਾਬ ਵੀ ਸ਼ਾਮਿਲ ਹੈ। ਇਸ ਕਿਤਾਬ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਕੈਨੇਡਾ ਪ੍ਰਵਾਸ ਕਰਨ, ਕਾਮਾਗਾਟਾਮਾਰੂ (ਗੁਰੂਨਾਨਕ ਜਹਾਜ਼) ਅਤੇ ਵੋਟ ਦਾ ਹੱਕ ਲੈਣ ਜਿਹੇ 19 ਵੱਖ ਵੱਖ ਲੇਖ ਸ਼ਾਮਿਲ ਹਨ। ਇਹ ਕਿਤਾਬ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਉਪਲਬਧ ਹੈ। ਪੰਜਾਬੀ ਮੂਲ ਦੇ ਲੇਖਕ ਸਾਧੂ ਬਿਨਿੰਗ ਨੇ ਦੱਸਿਆ ਕਿ ਉਹਨਾਂ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਨੂੰ ਕੈਨੇਡਾ ਵਿਚ ਵੋਟ ਪਾਉਣ ਦਾ ਅਧਿਕਾਰ ਮਿਲਣ ਦੇ ਸੰਘਰਸ਼ ਬਾਬਤ ਲਿਖੇ ਲੇਖ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। 1907 ਵਰ੍ਹੇ ਦੌਰਾਨ ਸਾਊਥ ਏਸ਼ੀਅਨ ਭਾਈਚਾਰੇ ਨੂੰ ਵੈਨਕੂਵਰ ਮਿਉਨਿਸਪਲ ਚੋਣਾਂ ਵਿੱਚ ਹਿੱਸਾ ਲੈਣ ਤੋਂ ਰੋਕਣ ਲਈ ਇਕ ਐਕਟ ਲਿਆਂਦਾ ਗਿਆ। 40 ਵਰ੍ਹਿਆਂ ਦੀ ਲੰਬੀ ਲੜਾਈ ਤੋਂ ਬਾਅਦ , 1947 ਦੌਰਾਨ ਭਾਈਚਾਰੇ ਨੂੰ ਬੀ ਸੀ ਵਿੱਚ ਵੋਟ ਪਾਉਣ ਦਾ ਹੱਕ ਪ੍ਰਾਪਤ ਹੋਇਆ।
ਇਸਤੋਂ ਇਲਾਵਾ ਇਸ ਪ੍ਰੋਜੈਕਟ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੀਆਂ ਬੀਸੀ ਵਿਚ ਕੁਝ ਅਹਿਮ ਅਤੇ ਇਤਿਹਾਸਿਕ ਥਾਵਾਂ ਨੂੰ ਦਸਤਾਵੇਜ਼ ਕੀਤਾ ਗਿਆ ਹੈ ।ਇਹਨਾਂ ਸਥਾਨਾਂ ਵਿਚ ਗੁਰੁਦਵਾਰੇ ਅਤੇ ਮਿੱਲਾਂ ( ਜਿਥੇ ਸ਼ੁਰੂਆਤੀ ਦੌਰ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਵਿਅਕਤੀਆਂ ਨੇ ਕੰਮ ਕੀਤਾ ) ਆਦਿ ਸ਼ਾਮਿਲ ਹਨ। ਇਹਨਾਂ ਵਿਚ ਪਾਲਦੀ ਨਾਮ ਦਾ ਪਿੰਡ ਵੀ ਸ਼ਾਮਿਲ ਹੈ ।
ਦਰਅਸਲ 19 ਵੀਂ ਸਦੀ ਦੇ ਤੀਸਰੇ ਦਹਾਕੇ ਦੌਰਾਨ ਪੰਜਾਬੀ ਮੂਲ ਦੇ ਵਿਅਕਤੀ ਵੱਡੀ ਗਿਣਤੀ ਵਿਚ ਮੇਯੋ ਨਾਮੀ ਇਸ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਏ ਅਤੇ ਲੱਕੜ ਨਾਲ ਜੁੜਿਆ ਕੰਮ ਕਰਨ ਲੱਗ ਗੲ। ਭਾਈਚਾਰੇ ਦੀ ਮੰਗ ‘ਤੇ 1936 ਵਿਚ ਇਸ ਕਸਬੇ ਦਾ ਨਾਮ ਬਦਲ ਕੇ ਪਾਲਦੀ (ਪੰਜਾਬ ਵਿਚ ਇਕ ਪਿੰਡ ਦਾ ਨਾਮ) ਰੱਖ ਦਿੱਤਾ ਗਿਆ । ਹੌਲੀ
ਹੌਲੀ ਲੱਕੜ ਸਨਅਤ ਖ਼ਤਮ ਹੋ ਗਈ ਅਤੇ ਪੰਜਾਬੀ ਮੂਲ ਦੇ ਵਿਅਕਤੀ ਇਸ ਥਾਂ ਤੋਂ ਹੋਰਨਾਂ ਥਾਵਾਂ ਵੱਲ ਚਲੇ ਗਏ । ਇਸਤੋਂ ਇਲਾਵਾ ਇਸ ਪ੍ਰੋਜੈਕਟ ਅਧੀਨ ਪਹਿਲੀ ਜਮਾਤ ਤੋਂ ਲੈ ਕੇ 12 ਵੀਂ ਜਮਾਤ ਤੱਕ ਸੂਬੇ ਅੰਦਰ ਪੜਾਏ ਜਾਣ ਵਾਲੇ ਸਕੂਲੀ ਪਾਠਕ੍ਰਮ ਬਾਬਤ ਸਮੱਗਰੀ ਵੀ ਤਿਆਰ ਕੀਤੀ ਗਈ ਹੈ । ਸ਼ਰਨਜੀਤ ਸੰਧਰਾਂ ਨੇ ਦੱਸਿਆ ਕਿ ਇਸ ਵਿਚ ਸਾਊਥ ਏਸ਼ੀਅਨ ਭਾਈਚਾਰੇ ਨਾਲ ਸੰਬੰਧਿਤ ਸਕੂਲੀ ਪਾਠਕ੍ਰਮ ਲਈ ਲੋੜੀਂਦੀ ਜਾਣਕਾਰੀ ਹੈ ਜਿਸਦੀ ਵਰਤੋਂ ਸਕੂਲੀ ਅਧਿਆਪਕ ਕਰ ਸਕਦੇ ਹਨ ।
ਉਹਨਾਂ ਕਿਹਾ ਸਾਡੇ ਵੱਲੋਂ ਇਕੱਠੇ ਕੀਤੇ ਗਈ ਜਾਣਕਾਰੀ ਦੀ ਵਰਤੋਂ ਅਧਿਆਪਕਾਂ ਵੱਲੋਂ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਹੋਰਨਾਂ ਭਾਈਚਾਰਿਆਂ ਦੇ ਬੱਚੇ ਸਾਡੇ ਭਾਈਚਾਰੇ ਬਾਰੇ ਹੋਰ ਵਧੇਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ । ਇਸ ਮਹੀਨੇ ਸੂਬੇ ਦੇ ਅਧਿਆਪਕਾਂ ਦੀ ਇਸ ਬਾਬਤ ਇਕ ਟ੍ਰੇਨਿੰਗ ਵੀ ਹੋ ਰਹੀ ਹੈ ।
ਇਸਤੋਂ ਇਲਾਵਾ ਇਸ ਪ੍ਰੋਜੈਕਟ ਵਿਚ ਸਾਊਥ ਏਸ਼ੀਅਨ ਭਾਈਚਾਰੇ ਵੱਲੋਂ ਯੂਨੀਅਨ ਦਾ ਗਠਨ ਕਰ ਆਪਣੇ ਹੱਕ ਲੈਣ ਦੇ ਸੰਘਰਸ਼ ਦੀ ਗਾਥਾ ਵੀ ਹੈ । ਜ਼ਿਕਰਯੋਗ ਹੈ ਕਿ ਸ਼ੁਰੂਆਤੀ ਦੌਰ ਵਿਚ ਸਾਊਥ ਏਸ਼ੀਅਨ ਭਾਈਚਾਰੇ ਦੇ ਵਿਅਕਤੀਆਂ ਨੂੰ ਮਿੱਲਾਂ ਵਿਚ ਮਜ਼ਦੂਰੀ ਦਾ ਕੰਮ ਲੈਣ ਲਈ ਵੀ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸਨੂੰ ਲੈ ਕੇ ਭਾਈਚਾਰੇ ਨੇ ਲੰਬੀ ਲੜਾਈ ਲੜੀ।
ਏਸ਼ੀਅਨ ਹੈਰੀਟੇਜ ਮੰਥ 1990 ਵਿਆਂ ਤੋਂ ਮਨਾਇਆ ਜਾ ਰਿਹਾ ਹੈ। ਦਸੰਬਰ 2001 ਵਿਚ ਕੈਨੇਡਾ ਦੀ ਸੈਨੇਟ ਨੇ ਸੈਨੇਟਰ ਡਾ ਵਿਵੀਐਨੇ ਪੋਏ ਵੱਲੋਂ ਮਈ ਮਹੀਨੇ ਨੂੰ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਮਨਾਉਣ ਬਾਬਤ ਪੇਸ਼ ਕੀਤੇ ਪ੍ਰਸਤਾਵ ਨੂੰ ਮੰਜ਼ੂਰ ਕੀਤਾ ਸੀ। ਡਾ ਪੋਏ ਕੈਨੇਡਾ ਦੀ ਸੈਨੇਟ ਦੀ ਮੈਂਬਰ ਬਣਨ ਵਾਲੀ ਏਸ਼ੀਅਨ ਮੂਲ ਦੇ ਪਹਿਲੇ ਸ਼ਖ਼ਸ ਸਨ।
ਮਈ 2002 ਵਿਚ, ਕੈਨੇਡਾ ਸਰਕਾਰ ਨੇ ਅਧਿਕਾਰਕ ਤੌਰ ‘ਤੇ ਮਈ ਮਹੀਨਾ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਘੋਸ਼ਿਤ ਕੀਤਾ ਸੀ। ਕੈਨੇਡਾ ਵਿਚ ਪਰਵਾਸੀ ਅਬਾਦੀ ਦਾ ਕਰੀਬ ਅੱਧਾ ਹਿੱਸਾ ਏਸ਼ੀਆਈ ਮੂਲ ਦਾ ਹੈ। 2016 ਵਿਚ 48 ਫ਼ੀਸਦੀ ਤੋਂ ਵੱਧ ਇਮੀਗ੍ਰੈਂਟਸ ਏਸ਼ੀਆ ਵਿਚ ਜੰਮੇ ਸਨ ਅਤੇ ਕੈਨੇਡਾ ਵਿਚ ਹੁਣ ਵੀ ਸਭ ਤੋਂ ਜ਼ਿਆਦਾ ਇਮੀਗ੍ਰੈਂਟਸ
ਏਸ਼ੀਆ ਮਹਾਂਦੀਪ ਤੋਂ ਹੀ ਆਉਂਦੇ ਹਨ। 2017 ਤੋਂ 2019 ਦਰਮਿਆਨ ਕੈਨੇਡਾ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਵਿਚੋਂ 63.5 ਪਰਵਾਸੀ ਏਸ਼ੀਆ ਵਿਚ ਪੈਦਾ ਹੋਏ ਸਨ। ਕੈਨੇਡਾ ਵਿਚ ਬਹੁ-ਸੱਭਿਆਚਾਰਵਾਦ ਅਤੇ ਕਦਰਾਂ-ਕੀਮਤਾਂ ਦੀ ਵੰਨਸੁਵੰਨਤਾ ਨੂੰ ਅਹਿਮ ਮੁਕਾਮ ਹਾਸਲ ਹੈ। ਪਿਛਲੀਆਂ ਦੋ ਸ਼ਤਾਬਦੀਆਂ ਤੋਂ ਏਸ਼ੀਆਈ ਲੋਕ ਕੈਨੇਡਾ ਪਰਵਾਸ ਕਰਦੇ ਰਹੇ ਹਨ ਅਤੇ ਇਸ ਮੁਲਕ ਦੀ ਤਾਮੀਰ, ਤਰੱਕੀ, ਸਮਾਜ, ਭਾਸ਼ਾ ,ਆਰਥਿਕਤਾ ਅਤੇ ਤਕਰੀਬਨ ਹਰ ਪਹਿਲੂ ਵਿਚ ਹੀ ਪਰਵਾਸੀਆਂ ਨੇ ਵੱਢਮੁੱਲਾ ਯੋਗਦਾਨ ਪਾਇਆ ਹੈ।
ਏਸ਼ੀਅਨ ਸ਼ਬਦ ਦੀ ਪਰਿਭਾਸ਼ਾ ਵਧੇਰੇ ਸ਼ਮੂਲੀਅਤ ਵਾਲੀ ਹੋ ਸਕਦੀ ਹੈ ਅਤੇ ਹੇਠਾਂ ਦਰਜ ਮੁਲਕਾਂ ਦੇ ਪਿਛੋਕੜ ਵਾਲੇ ਲੋਕਾਂ ‘ਤੇ ਲਾਗੂ ਹੋ ਸਕਦੀ ਹੈ :
ਪੂਰਬੀ ਏਸ਼ੀਆ (ਈਸਟ ਏਸ਼ੀਆ) : ਚੀਨ, ਜਪਾਨ, ਮੰਗੋਲੀਆ,
ਉੱਤਰੀ ਕੋਈਆ, ਦੱਖਣੀ ਕੋਰੀਆ, ਤਾਏਵਾਨ
ਦੱਖਣੀ ਏਸ਼ੀਆ (ਸਾਊਥ ਏਸ਼ੀਆ) : ਬੰਗਲਾਦੇਸ਼, ਭੂਟਾਨ, ਭਾਰਤ,
ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਲਡੀਵਜ਼
ਮੱਧ ਏਸ਼ੀਆ (ਸੈਂਟਰਲ ਏਸ਼ੀਆ) : ਅਫਗ਼ਾਨਿਸਤਾਨ,
ਕਜ਼ਾਕਿਸਤਾਨ, ਕਿਰਗਿਸਤਾਨ, ਤਜੀਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ
ਦੱਖਣੀ-ਪੂਰਬੀ ਏਸ਼ੀਆ (ਸਾਊਥ-ਈਸਟ ਏਸ਼ੀਆ) :
ਬਰੂਨੇਇ,ਕੰਬੋਡੀਆ, ਇੰਡੋਨੇਸ਼ੀਆ, ਲੇਓਸ, ਮਲੇਸ਼ੀਆ, ਮਿਆਂਮਾਰ,
ਫ਼ਿਲਪੀਨਜ਼, ਸਿੰਗਾਪੋਰ, ਥਾਈਲੈਂਡ, ਵੀਅਤਨਾਮ
ਪੱਛਮੀ ਏਸ਼ੀਆ (ਵੈਸਟਰਨ ਏਸ਼ੀਆ) : ਅਰਮੇਨੀਆ, ਅਜ਼ਰਬਾਈਜਾਨ,
ਬਹਿਰੇਨ, ਸਾਇਪਰਸ, ਜੌਰਜੀਆ, ਇਰਾਨ, ਇਰਾਕ,
ਇਜ਼ਰਾਈਲ, ਜੌਰਡਨ, ਕੁਵੈਤ, ਲੈਬਨਾਨ, ਓਮਾਨ, ਫ਼ਿਲਸਤੀਨ, ਕਤਰ,
ਸਾਊਦੀ ਅਰਬ, ਸੀਰੀਆ, ਤੁਰਕੀ, ਯੂ ਏ ਈ, ਯਮਨ
ਕੈਨੇਡਾ ਵਿਚ ਏਸ਼ੀਆਈ ਮੂਲ ਲੋਕਾਂ ਦਾ ਪਰਵਾਸ ਜ਼ਿਆਦਤੀ ਅਤੇ ਵਿਤਕਰੇ ਦਾ ਵੀ ਗਵਾਹ ਰਿਹਾ ਹੈ। ਚੀਨ, ਜਾਪਾਨ ਅਤੇ ਭਾਰਤ ਤੋਂ ਆਉਣ ਵਾਲੇ ਲੋਕਾਂ ‘ਤੇ ਲੱਗੀਆਂ ਕਾਨੂੰਨੀ ਪਾਬੰਦੀਆਂ ਕੈਨੇਡਾ ਦੇ ਇਮੀਗ੍ਰੈਸ਼ਨ ਦੇ ਇਤਿਹਾਸ ਦੇ ਕਾਲੇ ਦੌਰ ਦੀ ਤਰਜਮਾਨੀ ਕਰਦੀਆਂ ਹਨ।

