ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਵਿੱਚ 3 ਨਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਡਾਟਾ ਸੈਂਟਰਾਂ ਦਾ ਇੱਕ ਵਿਸ਼ਾਲ ਕਲੱਸਟਰ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਇਸ ‘ਸਾਵਰੇਨ ਏ.ਆਈ. ਇਨਫਰਾਸਟਰੱਕਚਰ’ ਪ੍ਰੋਜੈਕਟ ਦਾ ਐਲਾਨ 11 ਮਈ ਨੂੰ ਟੈਲਸ ਅਤੇ ਫੈਡਰਲ ਸਰਕਾਰ ਦੇ ਸਾਂਝੇ ਸਹਿਯੋਗ ਨਾਲ ਕੀਤਾ ਗਿਆ ਹੈ। ਟੈਲਸ ਅਨੁਸਾਰ ਇਹ ਪ੍ਰੋਜੈਕਟ ਫੈਡਰਲ ਸਰਕਾਰ ਦੀ ‘ਇਨੇਬਲਿੰਗ ਲਾਰਜ-ਸਕੇਲ ਸਾਵਰੇਨ ਏ.ਆਈ. ਡਾਟਾ ਸੈਂਟਰ’ ਪਹਿਲਕਦਮੀ ਦੇ ਤਹਿਤ ਤਿਆਰ ਕੀਤਾ ਜਾ ਰਿਹਾ ਹੈ। ਇਸ ਦਾ ਮੁੱਖ ਮਕਸਦ ਕੈਨੇਡਾ ਨੂੰ ਵਿਸ਼ਵਵਿਆਪੀ ਏ.ਆਈ. ਆਰਥਿਕਤਾ ਵਿੱਚ ਮੁਕਾਬਲੇਬਾਜ਼ ਬਣਾਉਣ ਲਈ ਉੱਚ-ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਹੈ। ਇਸ ਯੋਜਨਾ ਤਹਿਤ 2 ਡਾਟਾ ਸੈਂਟਰ ਵੈਨਕੂਵਰ ਵਿੱਚ ਅਤੇ 1 ਕੈਮਲੂਪਸ ਵਿੱਚ ਸਥਾਪਿਤ ਕੀਤਾ ਜਾਵੇਗਾ। ਕੈਮਲੂਪਸ ਏ.ਆਈ. ਫੈਕਟਰੀ ਦੇ 2026 ਦੇ ਅਖੀਰ ਤੱਕ ਚਾਲੂ ਹੋਣ ਦੀ ਉਮੀਦ ਹੈ। ਵੈਨਕੂਵਰ ਦੇ ਮਾਊਂਟ ਪਲੈਜ਼ੈਂਟ ਇਲਾਕੇ ਵਿੱਚ ਐਮ3 ਸਹੂਲਤ 2026 ਦੇ ਅੰਤ ਤੱਕ ਖੁੱਲ੍ਹੇਗੀ ਅਤੇ 2028 ਤੱਕ ਇਸ ਦਾ ਪਸਾਰ ਕੀਤਾ ਜਾਵੇਗਾ। ਇਸੇ ਤਰ੍ਹਾਂ 150 ਵੈਸਟ ਜਾਰਜੀਆ ਸਥਿਤ ਇਕਾਈ 2029 ਵਿੱਚ ਕੰਮ ਕਰਨਾ ਸ਼ੁਰੂ ਕਰੇਗੀ। ਟੈਲਸ ਦਾ ਦਾਅਵਾ ਹੈ ਕਿ 2032 ਤੱਕ ਇਹ ਸੈਂਟਰ 60,000 ਤੋਂ ਵੱਧ ਜੀ.ਪੀ.ਯੂ. ਅਤੇ 150 ਮੈਗਾਵਾਟ ਤੱਕ ਦੀ ਸਮਰੱਥਾ ਹਾਸਲ ਕਰ ਲੈਣਗੇ। ਟੈਲਸ ਦੇ ਪ੍ਰਧਾਨ ਅਤੇ ਸੀ.ਈ.ਓ. ਡੈਰਨ ਐਂਟਵਿਸਟਲ ਨੇ ਦੱਸਿਆ ਕਿ ਇਹ ਪ੍ਰੋਜੈਕਟ ਕੈਨੇਡੀਅਨ ਆਰਥਿਕਤਾ ਵਿੱਚ 9 ਬਿਲੀਅਨ ਡਾਲਰ ਦਾ ਯੋਗਦਾਨ ਪਾਵੇਗਾ। ਵਾਤਾਵਰਣ ਸੰਬੰਧੀ ਚਿੰਤਾਵਾਂ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਟਿਕਾਊ ਡਾਟਾ ਸੈਂਟਰ ਹੋਣਗੇ ਜੋ 98 ਫੀਸਦੀ ਸਾਫ਼ ਊਰਜਾ ਨਾਲ ਚੱਲਣਗੇ। ਇਨ੍ਹਾਂ ਸੈਂਟਰਾਂ ਵਿੱਚੋਂ ਨਿਕਲਣ ਵਾਲੀ ਫਾਲਤੂ ਗਰਮੀ ਨੂੰ ਰੀਸਾਈਕਲ ਕਰਕੇ ਮੈਟਰੋ ਵੈਨਕੂਵਰ ਦੇ 150,000 ਤੋਂ ਵੱਧ ਘਰਾਂ ਨੂੰ ਗਰਮ ਰੱਖਣ ਲਈ ਵਰਤਿਆ ਜਾਵੇਗਾ। ਇਹ ਕਦਮ ਰਿਮੋਸਕੀ, ਕਿਊਬਿਕ ਵਿੱਚ ਉਨ੍ਹਾਂ ਦੀ ਪਹਿਲੀ ਏ.ਆਈ. ਫੈਕਟਰੀ ਦੀ ਭਾਰੀ ਮੰਗ ਤੋਂ ਬਾਅਦ ਚੁੱਕਿਆ ਗਿਆ ਹੈ। ਫੈਡਰਲ ਐਨ.ਡੀ.ਪੀ. ਦੇ ਆਗੂ ਐਵੀ ਲੁਈਸ ਨੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਾਰਪੋਰੇਟ ਏ.ਆਈ. ਸੈਂਟਰਾਂ ਦੀ ਬਜਾਏ ਸਸਤੇ ਘਰਾਂ ਅਤੇ ਜਨਤਕ ਸਹੂਲਤਾਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਲੁਈਸ ਨੇ ਡਾਟਾ ਪ੍ਰਭੂਸੱਤਾ ਦੇ ਦਾਅਵਿਆਂ ‘ਤੇ ਵੀ ਸਵਾਲ ਉਠਾਏ ਅਤੇ ਮੰਗ ਕੀਤੀ ਕਿ ਜਦੋਂ ਤੱਕ ਮਜ਼ਬੂਤ ਫੈਡਰਲ ਦਿਸ਼ਾ-ਨਿਰਦੇਸ਼ ਲਾਗੂ ਨਹੀਂ ਹੁੰਦੇ, ਉਦੋਂ ਤੱਕ ਨਵੇਂ ਏ.ਆਈ. ਡਾਟਾ ਸੈਂਟਰਾਂ ਦੀ ਉਸਾਰੀ ‘ਤੇ ਤੁਰੰਤ ਰੋਕ ਲਗਾਈ ਜਾਣੀ ਚਾਹੀਦੀ ਹੈ। ਟੈਲਸ ਨੇ ਵੀ ਸਪੱਸ਼ਟ ਕੀਤਾ ਹੈ ਕਿ ਇਹ ਭਵਿੱਖੀ ਅਨੁਮਾਨ ਕਈ ਤਰ੍ਹਾਂ ਦੇ ਰੈਗੂਲੇਟਰੀ ਅਤੇ ਆਰਥਿਕ ਜੋਖਮਾਂ ਦੇ ਅਧੀਨ ਹਨ। This report was written by Divroop Kaur as part of the Local Journalism Initiative.

