ਸਰੀ, (ਪਰਮਜੀਤ ਿਸੰਘ): ਸਰੀ ਪੁਲਿਸ ਸਰਵਿਸ ਨੇ ਜਬਰੀ ਵਸੂਲੀ ਨਾਲ ਜੁੜੀ ਗੋਲੀਬਾਰੀ ਦੇ ਇੱਕ ਮਾਮਲੇ ਵਿੱਚ 2 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਅਦਾਲਤ ਵਿੱਚ ਅਪਰਾਧਿਕ ਦੋਸ਼ ਆਇਦ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 22 ਸਾਲਾ ਦਮਨਜੀਤ ਸਿੰਘ ਅਤੇ 30 ਸਾਲਾ ਪਰਦਮਨ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ‘ਤੇ ਕਿਸੇ ਰਿਹਾਇਸ਼ੀ ਥਾਂ ‘ਤੇ ਗੋਲੀਆਂ ਚਲਾਉਣ ਅਤੇ ਬਿਨਾਂ ਲਾਇਸੈਂਸ ਦੇ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਉਨ੍ਹਾਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਹਨ ਤਾਂ ਜੋ ਹੋਰ ਪੀੜਤ ਜਾਂ ਗਵਾਹ ਸਾਹਮਣੇ ਆ ਸਕਣ।
ਇਹ ਸਾਰੀ ਕਾਰਵਾਈ 22 ਅਪ੍ਰੈਲ ਦੀ ਰਾਤ ਨੂੰ ਹੋਈ ਇੱਕ ਗੋਲੀਬਾਰੀ ਦੀ ਘਟਨਾ ਨਾਲ ਸਬੰਧਤ ਹੈ। ਪੁਲਿਸ ਅਨੁਸਾਰ ਸਰੀ ਦੇ 13400-ਬਲਾਕ 87A ਐਵੇਨਿਊ ਵਿੱਚ ਸਥਿਤ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਰ ਦਾ ਮਾਲਕ ਪਹਿਲਾਂ ਹੀ ਜਬਰੀ ਵਸੂਲੀ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਿਹਾ ਸੀ। ਹਾਲਾਂਕਿ ਗੋਲੀਬਾਰੀ ਕਾਰਨ ਘਰ ਅਤੇ ਇੱਕ ਵਾਹਨ ਨੂੰ ਨੁਕਸਾਨ ਪਹੁੰਚਿਆ ਸੀ, ਪਰ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਮਿਲੀ। ਸਰੀ ਪੁਲਿਸ ਦੀ ਜਬਰੀ ਵਸੂਲੀ ਰਿਸਪਾਂਸ ਟੀਮ (ExRT) ਨੇ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ।
ਤਫਤੀਸ਼ ਦੌਰਾਨ ਇੱਕ ਸ਼ੱਕੀ ਵਾਹਨ ਦੀ ਮਦਦ ਨਾਲ ਪੁਲਿਸ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ। ਸਰਚ ਵਾਰੰਟ ਦੇ ਆਧਾਰ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਸਮੇਤ ਹੋਰ ਸਥਾਨਕ ਟੀਮਾਂ ਨੇ ਪੁਲਿਸ ਦਾ ਸਾਥ ਦਿੱਤਾ। ਫੜੇ ਗਏ ਦੋਵੇਂ ਨੌਜਵਾਨ ਫਿਲਹਾਲ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਦੀਆਂ ਅਗਲੀਆਂ ਅਦਾਲਤੀ ਪੇਸ਼ੀਆਂ 19 ਮਈ ਅਤੇ 1 ਜੂਨ ਨੂੰ ਹੋਣਗੀਆਂ। ਕਿਉਂਕਿ ਦੋਵੇਂ ਮੁਲਜ਼ਮ ਵਿਦੇਸ਼ੀ ਨਾਗਰਿਕ ਹਨ, ਇਸ ਲਈ ਫੈਡਰਲ ਏਜੰਸੀਆਂ ਉਨ੍ਹਾਂ ਦੇ ਵੀਜ਼ਾ ਅਤੇ ਰਿਹਾਇਸ਼ੀ ਦਸਤਾਵੇਜ਼ਾਂ ਦੀ ਵੀ ਪੜਤਾਲ ਕਰ ਰਹੀਆਂ ਹਨ।
ਸਰੀ ਪੁਲਿਸ ਨੇ ਜਬਰੀ ਵਸੂਲੀ ਦੇ ਅਪਰਾਧਾਂ ਨੂੰ ਰੋਕਣ ਲਈ 250,000 ਡਾਲਰ ਦੇ ਇਨਾਮੀ ਫੰਡ ਦਾ ਵੀ ਐਲਾਨ ਕੀਤਾ ਹੈ। ਇਹ ਰਾਸ਼ੀ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਪੁਲਿਸ ਅਨੁਸਾਰ ਸਾਲ 2026 ਵਿੱਚ ਹੁਣ ਤੱਕ ਜਬਰੀ ਵਸੂਲੀ ਦੀਆਂ 98 ਸ਼ਿਕਾਇਤਾਂ ਮਿਲ ਚੁੱਕੀਆਂ ਹਨ, ਜਿਨ੍ਹਾਂ ਵਿੱਚ 16 ਗੋਲੀਬਾਰੀ ਅਤੇ 2 ਅਗਨਕਾਂਡ ਦੀਆਂ ਘਟਨਾਵਾਂ ਸ਼ਾਮਲ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਧਮਕੀ ਮਿਲਣ ‘ਤੇ ਤੁਰੰਤ ਸਰੀ ਐਕਸਟੋਰਸ਼ਨ ਟਿਪ ਲਾਈਨ 236-485-5149 ‘ਤੇ ਸੰਪਰਕ ਕਰਨ।

