Friday, May 15, 2026

ਬੀ.ਸੀ. ਵਿੱਚ ਹੰਟਾਵਾਇਰਸ ਦੀ ਦਸਤਕ ਦਾ ਖਦਸ਼ਾ, ਜਹਾਜ਼ ਤੋਂ ਪਰਤੇ 4 ਕੈਨੇਡੀਅਨ ਵਿਕਟੋਰੀਆ ਵਿੱਚ ਇਕਾਂਤਵਾਸ

ਸਰੀ, (ਦਿਵਰੂਪ ਕੌਰ): ਵਿਕਟੋਰੀਆ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਤਵਾਰ ਸ਼ਾਮ ਨੂੰ 4 ਕੈਨੇਡੀਅਨ ਮੁਸਾਫ਼ਰ ਪਹੁੰਚੇ ਹਨ, ਜੋ ਹੰਟਾਵਾਇਰਸ ਪ੍ਰਭਾਵਿਤ ਕਰੂਜ਼ ਜਹਾਜ਼ ‘ਤੇ ਸਵਾਰ ਸਨ। ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਆਈਲੈਂਡ ਹੈਲਥ ਖੇਤਰ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਇਹ ਆਮਦ ਬਹੁਤ ਸੁਚਾਰੂ ਢੰਗ ਨਾਲ ਹੋਈ ਅਤੇ ਇਹ ਲੋਕ ਸਿੱਧੇ ਤੌਰ ‘ਤੇ ਜਨਤਾ ਦੇ ਸੰਪਰਕ ਵਿੱਚ ਨਹੀਂ ਆਏ।
ਹਵਾਈ ਅੱਡੇ ‘ਤੇ ਸਿਹਤ ਕਰਮਚਾਰੀਆਂ ਵੱਲੋਂ ਪੂਰੀ ਸੁਰੱਖਿਆ ਕਿੱਟਾਂ ਪਹਿਨ ਕੇ ਇਨ੍ਹਾਂ ਦੀ ਜਾਂਚ ਕੀਤੀ ਗਈ।
ਇਨ੍ਹਾਂ 4 ਵਿਅਕਤੀਆਂ ਵਿੱਚੋਂ ਇੱਕ ਜੋੜਾ ਯੂਕੋਨ ਨਾਲ ਸਬੰਧਤ ਹੈ ਜਿਸ ਦੀ ਉਮਰ 70 ਸਾਲ ਦੇ ਕਰੀਬ ਹੈ। ਇੱਕ ਹੋਰ ਵਿਅਕਤੀ ਵੈਨਕੂਵਰ ਆਈਲੈਂਡ ਦਾ ਰਹਿਣ ਵਾਲਾ ਹੈ ਅਤੇ ਚੌਥਾ ਵਿਅਕਤੀ ਬੀ.ਸੀ. ਨਾਲ ਸਬੰਧਤ ਹੈ ਪਰ ਵਿਦੇਸ਼ ਵਿੱਚ ਰਹਿੰਦਾ ਹੈ। ਫਿਲਹਾਲ ਇਹ ਸਾਰੇ ਤੰਦਰੁਸਤ ਹਨ ਅਤੇ ਇਨ੍ਹਾਂ ਵਿੱਚ ਕੋਈ ਲੱਛਣ ਨਹੀਂ ਦੇਖੇ ਗਏ। ਇਨ੍ਹਾਂ ਨੂੰ ਘੱਟੋ-ਘੱਟ 21 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ, ਜਿਸ ਨੂੰ ਲੋੜ ਪੈਣ ‘ਤੇ 42 ਦਿਨਾਂ ਤੱਕ ਵਧਾਇਆ ਜਾ ਸਕਦਾ ਹੈ। ਯੂਕੋਨ ਸਰਕਾਰ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਸਿਹਤ ਸਹੂਲਤਾਂ ਯਕੀਨੀ ਬਣਾਈਆਂ ਜਾ ਸਕਣ।
ਜ਼ਿਕਰਯੋਗ ਹੈ ਕਿ ਐਮ.ਵੀ. ਹੌਂਡੀਅਸ ਨਾਮਕ ਜਹਾਜ਼ ਉੱਤੇ ਇਸ ਵਾਇਰਸ ਦਾ ਪਤਾ 2 ਮਈ ਨੂੰ ਲੱਗਿਆ ਸੀ, ਜਿਸ ਤੋਂ ਬਾਅਦ ਹੁਣ ਤੱਕ 3 ਮੌਤਾਂ ਹੋ ਚੁੱਕੀਆਂ ਹਨ। ਦੁਨੀਆ ਭਰ ਵਿੱਚ ਹੁਣ ਤੱਕ 9 ਮਾਮਲੇ ਪਾਜ਼ੀਟਿਵ ਆਏ ਹਨ। ਡਾ. ਹੈਨਰੀ ਅਨੁਸਾਰ ਇਨ੍ਹਾਂ ਕੈਨੇਡੀਅਨ ਮੁਸਾਫ਼ਰਾਂ ਦਾ ਰੁਖ਼ ਬਿਮਾਰ ਲੋਕਾਂ ਨਾਲ ਸਿੱਧਾ ਨਹੀਂ ਸੀ, ਪਰ ਜਹਾਜ਼ ਦੇ ਬੰਦ ਵਾਤਾਵਰਣ ਕਾਰਨ ਇਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਓਨਟਾਰੀਓ, ਕਿਊਬਿਕ ਅਤੇ ਅਲਬਰਟਾ ਵਿੱਚ ਵੀ ਹੋਰਨਾਂ ਮੁਸਾਫ਼ਰਾਂ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪਬਲਿਕ ਹੈਲਥ ਟੀਮਾਂ ਰੋਜ਼ਾਨਾ ਇਨ੍ਹਾਂ ਦੀ ਜਾਂਚ ਕਰ ਰਹੀਆਂ ਹਨ ਤਾਂ ਜੋ ਕਿਸੇ ਵੀ ਬਦਲਾਅ ਦੀ ਤੁਰੰਤ ਜਾਣਕਾਰੀ ਮਿਲ ਸਕੇ। This report was written by Divroop Kaur as part of the Local Journalism Initiative.

Popular