Friday, May 15, 2026

ਬੱਚੇ ਸਮੇਤ 3 ਲੋਕਾਂ ਨੂੰ ਜ਼ਖਮੀ ਕਰਨ ਵਾਲਾ ਸਾਨੀਚ ਦਾ ਨੌਜਵਾਨ ਦੋਸ਼ੀ ਕਰਾਰ, 6 ਅਪਰਾਧਿਕ ਮਾਮਲੇ ਦਰਜ

ਸਰੀ, (ਦਿਵਰੂਪ ਕੌਰ): ਸਾਨੀਚ ਦੇ ਇੱਕ 28 ਸਾਲਾ ਵਿਅਕਤੀ ਨੂੰ ਪਾਰਕਸਵਿਲੇ ਨੇੜੇ ਹਾਈਵੇਅ 19 ‘ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੇ ਸਬੰਧ ਵਿੱਚ 6 ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਾਦਸੇ ਵਿੱਚ ਇੱਕ ਮਾਸੂਮ ਬੱਚੇ ਸਮੇਤ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਬੀ.ਸੀ. ਹਾਈਵੇਅ ਪੈਟਰੋਲ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ 3 ਮਾਰਚ 2025 ਨੂੰ ਸ਼ਾਮ 4 ਵਜੇ ਤੋਂ ਕੁਝ ਸਮਾਂ ਬਾਅਦ ਵੈਨਕੂਵਰ ਆਈਲੈਂਡ ‘ਤੇ ਚਰਚ ਰੋਡ ਓਵਰਪਾਸ ਦੇ ਨੇੜੇ ਹਾਈਵੇਅ 19 ਦੀਆਂ ਉੱਤਰੀ ਲੇਨਾਂ ਵਿੱਚ ਵਾਪਰੀ ਸੀ।
ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਚਿੱਟੇ ਰੰਗ ਦੇ ਸ਼ੈਵਰਲੇਟ ਪਿਕਅੱਪ ਟਰੱਕ ਅਤੇ ਸਲੇਟੀ ਰੰਗ ਦੀ ਟੋਇਟਾ ਪ੍ਰਿਅਸ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋਈ ਸੀ। ਇਸ ਹਾਦਸੇ ਕਾਰਨ ਹਾਈਵੇਅ ਨੂੰ ਲੰਬੇ ਸਮੇਂ ਲਈ ਬੰਦ ਕਰਨਾ ਪਿਆ ਸੀ ਤਾਂ ਜੋ ਬੀ.ਸੀ. ਹਾਈਵੇਅ ਪੈਟਰੋਲ ਦੀ ਟੀਮ ਘਟਨਾ ਸਥਾਨ ਤੋਂ ਅਹਿਮ ਸਬੂਤ ਇਕੱਠੇ ਕਰ ਸਕੇ। ਹਾਦਸੇ ਦੌਰਾਨ ਪਿਕਅੱਪ ਟਰੱਕ ਦੇ ਡਰਾਈਵਰ ਤੋਂ ਇਲਾਵਾ ਪ੍ਰਿਅਸ ਕਾਰ ਚਲਾ ਰਹੀ ਮਹਿਲਾ ਅਤੇ ਉਸ ਦੇ ਛੋਟੇ ਬੱਚੇ ਨੂੰ ਸੱਟਾਂ ਲੱਗੀਆਂ ਸਨ। ਰਾਹਤ ਦੀ ਗੱਲ ਇਹ ਰਹੀ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਸਾਰਿਆਂ ਦੀਆਂ ਸੱਟਾਂ ਨੂੰ ਖਤਰੇ ਤੋਂ ਬਾਹਰ ਦੱਸਿਆ ਗਿਆ ਸੀ।
ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਦੇ ਹੋਏ ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਨੇ ਫਰਵਰੀ 2026 ਵਿੱਚ ਮੈਥਿਊ ਸੇਂਟ ਪੀਅਰੇ ਵਿਰੁੱਧ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 25 ਮਾਰਚ ਨੂੰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ। ਸੇਂਟ ਪੀਅਰੇ ਵਿਰੁੱਧ ਲਗਾਏ ਗਏ ਦੋਸ਼ਾਂ ਵਿੱਚ ਸਰੀਰਕ ਨੁਕਸਾਨ ਪਹੁੰਚਾਉਣ ਵਾਲੀ ਖ਼ਤਰਨਾਕ ਡਰਾਈਵਿੰਗ ਦੇ 2 ਮਾਮਲੇ, ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾ ਕੇ ਸਰੀਰਕ ਸੱਟ ਪਹੁੰਚਾਉਣ ਦੇ 2 ਮਾਮਲੇ ਅਤੇ 0.08 ਤੋਂ ਵੱਧ ਬਲੱਡ ਅਲਕੋਹਲ ਦੇ ਪੱਧਰ ਨਾਲ ਵਾਹਨ ਚਲਾਉਣ ਦੇ 2 ਮਾਮਲੇ ਸ਼ਾਮਲ ਕੀਤੇ ਗਏ ਹਨ।
ਤਾਜ਼ਾ ਜਾਣਕਾਰੀ ਅਨੁਸਾਰ ਮੁਲਜ਼ਮ ਨੂੰ ਫਿਲਹਾਲ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਉਹ 12 ਮਈ 2026 ਨੂੰ ਨਾਨਾਈਮੋ ਦੀ ਪ੍ਰੋਵਿੰਸ਼ੀਅਲ ਅਦਾਲਤ ਵਿੱਚ ਪੇਸ਼ ਹੋਇਆ। ਫੈਡਰਲ ਕਾਨੂੰਨਾਂ ਤਹਿਤ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾ ਕੇ ਦੂਜਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਤਾਂ ਜੋ ਸੜਕਾਂ ‘ਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਅਦਾਲਤ ਵੱਲੋਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਪੀੜਤਾਂ ਦੇ ਬਿਆਨਾਂ ਅਤੇ ਮੌਕੇ ਦੇ ਸਬੂਤਾਂ ਦੇ ਆਧਾਰ ‘ਤੇ ਫੈਸਲਾ ਲਿਆ ਜਾਵੇਗਾ।

Popular