ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਵਿੱਚ ਜਬਰੀ ਵਸੂਲੀ (Extortion) ਨਾਲ ਸਬੰਧਤ ਅਪਰਾਧਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਵਿੱਚ ਅਹਿਮ ਸਫਲਤਾ ਹਾਸਲ ਹੋਈ ਹੈ। ਮੰਗਲਵਾਰ 12 ਮਈ ਨੂੰ ਹੋਈ ਇੱਕ ਸੂਬਾਈ ਗੋਲਮੇਜ਼ ਕਾਨਫਰੰਸ ਦੌਰਾਨ ਜਨਤਕ ਸੁਰੱਖਿਆ ਮੰਤਰੀ ਅਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਮੁਖੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ। ਕਮਿਊਨਿਟੀ ਐਡਵਾਈਜ਼ਰੀ ਗਰੁੱਪ ਦੇ ਚੇਅਰਮੈਨ ਪਾਲ ਡਡਵਾਲ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਵਿੱਚ ਪੁਲਿਸ, ਫੈਡਰਲ ਏਜੰਸੀਆਂ ਅਤੇ ਪੀੜਤ ਪਰਿਵਾਰਾਂ ਨਾਲ 60 ਤੋਂ ਵੱਧ ਮੀਟਿੰਗਾਂ ਕੀਤੀਆਂ ਗਈਆਂ ਹਨ ਤਾਂ ਜੋ ਇਸ ਗੰਭੀਰ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾ ਸਕੇ।
ਬੀਸੀ ਆਰਸੀਐਮਪੀ ਦੇ ਡਿਪਟੀ ਕਮਿਸ਼ਨਰ ਡਵੇਨ ਮੈਕਡੋਨਲਡ ਅਨੁਸਾਰ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਸਾਂਝੇ ਯਤਨਾਂ ਸਦਕਾ ਸ਼ੱਕੀਆਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਨੂੰ ਸੂਬੇ ਵਿੱਚੋਂ ਬਾਹਰ ਕੱਢਣ ਵਿੱਚ ਕਾਮਯਾਬੀ ਮਿਲੀ ਹੈ। ਸੀਬੀਐਸਏ ਦੀ ਖੇਤਰੀ ਡਾਇਰੈਕਟਰ ਨੀਨਾ ਪਟੇਲ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ 7 ਮਈ ਤੱਕ ਜਬਰੀ ਵਸੂਲੀ ਵਿੱਚ ਸ਼ਾਮਲ ਸ਼ੱਕੀ ਵਿਦੇਸ਼ੀ ਨਾਗਰਿਕਾਂ ਵਿਰੁੱਧ 446 ਇਮੀਗ੍ਰੇਸ਼ਨ ਜਾਂਚਾਂ ਸ਼ੁਰੂ ਕੀਤੀਆਂ ਗਈਆਂ ਹਨ। ਹੁਣ ਤੱਕ ਕੈਨੇਡਾ ਵਿੱਚੋਂ 55 ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਕੁੱਲ 118 ਨਿਕਾਸੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਪੁਲਿਸ ਅਧਿਕਾਰੀਆਂ ਨੇ ਕਮਿਊਨਿਟੀ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਇਹ ਅਪਰਾਧਿਕ ਗਰੋਹ ਡਾਰਕ ਵੈੱਬ ਅਤੇ ਐਨਕ੍ਰਿਪਸ਼ਨ ਵਰਗੀ ਤਕਨੀਕ ਦੀ ਵਰਤੋਂ ਕਰਦੇ ਹਨ। ਐਬਟਸਫੋਰਡ ਪੁਲਿਸ ਚੀਫ ਕੋਲਿਨ ਵਾਟਸਨ ਨੇ ਲੋਕਾਂ ਨੂੰ ਸਪੱਸ਼ਟ ਸਲਾਹ ਦਿੱਤੀ ਹੈ ਕਿ ਜਬਰੀ ਵਸੂਲੀ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਪੈਸੇ ਨਾ ਦਿੱਤੇ ਜਾਣ। ਉਨ੍ਹਾਂ ਅਨੁਸਾਰ ਪੈਸੇ ਦੇਣ ਨਾਲ ਇਹ ਅਪਰਾਧ ਇੱਕ ਮੁਨਾਫੇ ਵਾਲਾ ਧੰਦਾ ਬਣ ਜਾਂਦਾ ਹੈ, ਜਿਸ ਨਾਲ ਹੋਰ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ। ਪੀੜਤਾਂ ਨੂੰ ਤੁਰੰਤ ਪੁਲਿਸ ਨਾਲ ਸੰਪਰਕ ਕਰਕੇ ਸੁਰੱਖਿਆ ਯੋਜਨਾ ਤਿਆਰ ਕਰਨ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਇਸ ਸਬੰਧੀ ਅਗਲੀ ਰਣਨੀਤੀ ਬਣਾਉਣ ਲਈ 15 ਮਈ ਨੂੰ ਐਡਮੰਟਨ ਵਿੱਚ ਦੇਸ਼ ਭਰ ਦੀਆਂ ਪੁਲਿਸ ਏਜੰਸੀਆਂ ਦੀ ਇੱਕ ਅਹਿਮ ਮੀਟਿੰਗ ਹੋਵੇਗੀ। This report was written by Divroop Kaur as part of the Local Journalism Initiative.

