ਸਰੀ, (ਦਿਵਰੂਪ ਕੌਰ): ਬੀ.ਸੀ. ਹਾਈਡਰੋ ਵੱਲੋਂ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਆਪਣੀ ਦੂਜੀ ਪਹਿਲਕਦਮੀ ਤਹਿਤ 4 ਨਵੇਂ ਪੌਣ ਊਰਜਾ ਪ੍ਰੋਜੈਕਟਾਂ ਦੀ ਚੋਣ ਕੀਤੀ ਗਈ ਹੈ। ਊਰਜਾ ਅਤੇ ਜਲਵਾਯੂ ਹੱਲ ਮੰਤਰੀ ਐਡਰੀਅਨ ਡਿਕਸ ਨੇ ਬੁੱਧਵਾਰ 13 ਮਈ ਨੂੰ ਵੈਨਕੂਵਰ ਵਿੱਚ ਇਨ੍ਹਾਂ ਪ੍ਰੋਜੈਕਟਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਇਨ੍ਹਾਂ ਵਿੱਚੋਂ 3 ਪ੍ਰੋਜੈਕਟ ਪੀਸ ਖੇਤਰ ਵਿੱਚ ਲਗਾਏ ਜਾਣਗੇ, ਜਦਕਿ ਚੌਥਾ ਪ੍ਰੋਜੈਕਟ ਸੂਬੇ ਦੇ ਦੱਖਣੀ ਅੰਦਰੂਨੀ ਹਿੱਸੇ ਵਿੱਚ ਸਥਾਪਿਤ ਹੋਵੇਗਾ। ਇਹ ਪ੍ਰੋਜੈਕਟ ਸੂਬੇ ਦੀ ਊਰਜਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਵਾਤਾਵਰਣ ਪੱਖੀ ਬਿਜਲੀ ਪੈਦਾ ਕਰਨ ਵੱਲ ਇੱਕ ਵੱਡਾ ਕਦਮ ਮੰਨੇ ਜਾ ਰਹੇ ਹਨ।
ਚੁਣੇ ਗਏ ਪ੍ਰੋਜੈਕਟਾਂ ਵਿੱਚ ਡਾਸਨ ਕਰੀਕ ਵਿਖੇ ਬੈਸੀ ਵਿੰਡ ਪ੍ਰੋਜੈਕਟ ਸ਼ਾਮਲ ਹੈ, ਜਿਸ ਦੀ ਸਮਰੱਥਾ 251 ਮੈਗਾਵਾਟ ਹੋਵੇਗੀ। ਵੈਸਟ ਕੈਲੋਨਾ ਵਿੱਚ ਸਥਿਤ ਨਿਕੋਲਾ ਵਿੰਡ ਪ੍ਰੋਜੈਕਟ ਸਭ ਤੋਂ ਵੱਡਾ ਹੈ, ਜਿਸ ਦੀ ਸਮਰੱਥਾ 496 ਮੈਗਾਵਾਟ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਡਾਸਨ ਕਰੀਕ ਵਿੱਚ ਹੀ ਸਵੀਟਵਾਟਰ ਵਿੰਡ ਪ੍ਰੋਜੈਕਟ 210 ਮੈਗਾਵਾਟ ਅਤੇ ਟੇਲਰ ਖੇਤਰ ਵਿੱਚ ਟੇਲਰ ਸਾਊਥ ਵਿੰਡ ਪ੍ਰੋਜੈਕਟ 201 ਮੈਗਾਵਾਟ ਬਿਜਲੀ ਪੈਦਾ ਕਰੇਗਾ। ਬੀ.ਸੀ. ਹਾਈਡਰੋ ਇਨ੍ਹਾਂ ਚਾਰਾਂ ਪ੍ਰੋਜੈਕਟਾਂ ਨਾਲ 30 ਸਾਲਾਂ ਲਈ ਬਿਜਲੀ ਖਰੀਦ ਦੇ ਸਮਝੌਤੇ ਕਰ ਰਿਹਾ ਹੈ, ਜੋ ਸਥਿਰ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣਗੇ।
ਇਹ ਪ੍ਰੋਜੈਕਟ ਸਾਲਾਨਾ 3,500 ਗੀਗਾਵਾਟ ਘੰਟੇ ਬਿਜਲੀ ਪੈਦਾ ਕਰਨਗੇ, ਜੋ ਕਿ ਲਗਭਗ 350,000 ਵਾਧੂ ਘਰਾਂ ਨੂੰ ਰੌਸ਼ਨ ਕਰਨ ਲਈ ਕਾਫੀ ਹੈ। ਇਸ ਨਾਲ ਬੀ.ਸੀ. ਹਾਈਡਰੋ ਦੀ ਮੌਜੂਦਾ ਸਪਲਾਈ ਵਿੱਚ 5 ਫੀਸਦੀ ਦਾ ਵਾਧਾ ਹੋਵੇਗਾ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਪ੍ਰੋਜੈਕਟ 2032 ਦੇ ਸ਼ੁਰੂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੇ ਅਤੇ ਅਕਤੂਬਰ 2033 ਤੱਕ ਸਾਰੇ ਪ੍ਰੋਜੈਕਟ ਪੂਰੀ ਤਰ੍ਹਾਂ ਸੇਵਾ ਵਿੱਚ ਆ ਜਾਣਗੇ। ਸੂਬਾ ਸਰਕਾਰ ਅਨੁਸਾਰ ਇਨ੍ਹਾਂ ਪ੍ਰੋਜੈਕਟਾਂ ਦੇ ਵਿਕਾਸ ਅਤੇ ਉਸਾਰੀ ਨਾਲ ਨਿੱਜੀ ਖੇਤਰ ਵਿੱਚ 4.3 ਬਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ ਅਤੇ ਪੂਰੇ ਸੂਬੇ ਵਿੱਚ 1,500 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਇਸ ਵਾਰ ਦੇ ਪ੍ਰੋਜੈਕਟਾਂ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਫਰਸਟ ਨੇਸ਼ਨਜ਼ ਭਾਈਚਾਰਿਆਂ ਦੀ ਵੱਡੀ ਹਿੱਸੇਦਾਰੀ ਹੈ। ਹਾਲਾਂਕਿ ਸਰਕਾਰ ਨੇ ਘੱਟੋ-ਘੱਟ 25 ਫੀਸਦੀ ਹਿੱਸੇਦਾਰੀ ਦੀ ਸ਼ਰਤ ਰੱਖੀ ਸੀ, ਪਰ ਚੁਣੇ ਗਏ ਚਾਰਾਂ ਪ੍ਰੋਜੈਕਟਾਂ ਵਿੱਚ ਫਰਸਟ ਨੇਸ਼ਨਜ਼ ਦੀ 51 ਫੀਸਦੀ ਇਕੁਇਟੀ ਹਿੱਸੇਦਾਰੀ ਹੈ। ਇਹ ਨਵੀਨੀਕਰਨ ਯੋਗ ਊਰਜਾ ਦੇ ਖੇਤਰ ਵਿੱਚ ਫਰਸਟ ਨੇਸ਼ਨਜ਼ ਦੇ 2 ਬਿਲੀਅਨ ਡਾਲਰ ਤੋਂ ਵੱਧ ਦੇ ਮਾਲਕੀ ਹੱਕਾਂ ਨੂੰ ਦਰਸਾਉਂਦਾ ਹੈ। ਇਹ ਕਦਮ ਆਰਥਿਕ ਸੁਲ੍ਹਾ-ਸਫਾਈ ਅਤੇ ਸਥਾਨਕ ਭਾਈਚਾਰਿਆਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਵੱਲ ਇੱਕ ਇਤਿਹਾਸਕ ਪ੍ਰਾਪਤੀ ਹੈ।
ਬੀ.ਸੀ. ਹਾਈਡਰੋ ਦੀ ਪ੍ਰਧਾਨ ਸ਼ਾਰਲੋਟ ਮਿਥਾ ਨੇ ਕਿਹਾ ਕਿ ਇਹ ਪ੍ਰੋਜੈਕਟ ਗਾਹਕਾਂ ਦੀ ਵਧਦੀ ਮੰਗ ਅਤੇ ਸਪਲਾਈ ਵਿੱਚ ਸੰਤੁਲਨ ਬਣਾਉਣ ਲਈ ਬੇਹੱਦ ਜ਼ਰੂਰੀ ਹਨ। ਉਨ੍ਹਾਂ ਅਨੁਸਾਰ ਮੁਕਾਬਲੇਬਾਜ਼ੀ ਵਾਲੀ ਪਹੁੰਚ ਰਾਹੀਂ ਪ੍ਰੋਜੈਕਟਾਂ ਦੀ ਚੋਣ ਕਰਨ ਨਾਲ ਬਿਜਲੀ ਦੀਆਂ ਦਰਾਂ ਨੂੰ ਕਿਫਾਇਤੀ ਰੱਖਣ ਵਿੱਚ ਮਦਦ ਮਿਲਦੀ ਹੈ। ਬੀ.ਸੀ. ਹਾਈਡਰੋ ਨੂੰ ਇਸ ਵਾਰ ਕੁੱਲ 14 ਪ੍ਰਸਤਾਵ ਪ੍ਰਾਪਤ ਹੋਏ ਸਨ, ਜੋ ਕਿ ਨਿਰਧਾਰਿਤ ਟੀਚੇ ਨਾਲੋਂ ਲਗਭਗ ਦੁੱਗਣੇ ਸਨ। ਇਹ ਸੂਬੇ ਵਿੱਚ ਸਾਫ਼ ਊਰਜਾ ਦੇ ਉਦਯੋਗ ਵਿੱਚ ਨਿਵੇਸ਼ਕਾਂ ਦੇ ਭਾਰੀ ਉਤਸ਼ਾਹ ਨੂੰ ਪ੍ਰਗਟ ਕਰਦਾ ਹੈ।
ਮੰਤਰੀ ਐਡਰੀਅਨ ਡਿਕਸ ਨੇ ਅੱਗੇ ਕਿਹਾ ਕਿ 2024 ਅਤੇ 2025 ਦੇ ਪ੍ਰੋਜੈਕਟਾਂ ਨੂੰ ਮਿਲਾ ਕੇ 2033 ਤੱਕ ਸਾਲਾਨਾ 8,500 ਗੀਗਾਵਾਟ ਘੰਟੇ ਸਾਫ਼ ਬਿਜਲੀ ਸਿਸਟਮ ਵਿੱਚ ਸ਼ਾਮਲ ਹੋਵੇਗੀ। ਇਹ 850,000 ਘਰਾਂ ਨੂੰ ਬਿਜਲੀ ਦੇਣ ਦੇ ਬਰਾਬਰ ਹੈ ਅਤੇ ਸੂਬੇ ਦੀ ਕੁੱਲ ਸਪਲਾਈ ਵਿੱਚ 13 ਫੀਸਦੀ ਦਾ ਵਾਧਾ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫੈਡਰਲ ਅਤੇ ਸੂਬਾਈ ਪੱਧਰ ‘ਤੇ ਅਪਣਾਈਆਂ ਜਾ ਰਹੀਆਂ ਨੀਤੀਆਂ ਅਤੇ ਫਰਸਟ ਨੇਸ਼ਨਜ਼ ਨਾਲ ਮਿਲ ਕੇ ਕੀਤਾ ਜਾ ਰਿਹਾ ਕੰਮ ਬੀ.ਸੀ. ਨੂੰ ਊਰਜਾ ਦੇ ਖੇਤਰ ਵਿੱਚ ਆਤਮ-ਨਿਰਭਰ ਬਣਾਉਣ ਵਿੱਚ ਸਹਾਈ ਹੋਵੇਗਾ। This report was written by Divroop Kaur as part of the Local Journalism Initiative.

