Saturday, May 23, 2026

ਕੈਨੇਡਾ ਵਿੱਚ ਵਿਦਿਆਰਥੀਆਂ ਦੀ ਬੇਘਰੀ ਬਣੀ ਗੰਭੀਰ ਚਿੰਤਾ, ਹਰ 4 ਵਿੱਚੋਂ 1 ਵਿਦਿਆਰਥੀ ਬੇਘਰ

ਸਰੀ, (ਦਿਵਰੂਪ ਕੌਰ): ਪੋਸਟ ਸੈਕੰਡਰੀ ਵਿਦਿਆਰਥੀਆਂ ਵਿੱਚ ਵੱਧ ਰਹੀ ਬੇਘਰੀ ਦੀ ਸਮੱਸਿਆ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ। ਨੋਵਾ ਸਕੋਸ਼ੀਆ ਦੇ ਵਿਦਿਆਰਥੀ ਸਮੂਹਾਂ ਨੇ ਵੀ ਇਸ ਮੁੱਦੇ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਸਾਥੀ ਪੜ੍ਹਾਈ ਦੇ ਨਾਲ ਨਾਲ ਵੱਧ ਰਹੇ ਖਰਚਿਆਂ ਦਾ ਬੋਝ ਝੱਲਣ ਲਈ ਭਾਰੀ ਸੰਘਰਸ਼ ਕਰ ਰਹੇ ਹਨ। ਹੈਲੀਫੈਕਸ ਵਿੱਚ ਸੇਂਟ ਮੈਰੀਜ਼ ਯੂਨੀਵਰਸਿਟੀ ਸਟੂਡੈਂਟਸ ਐਸੋਸੀਏਸ਼ਨ ਦੀ ਪ੍ਰਧਾਨ ਲੀਜ਼ਾ ਜ਼ਾਹਿਦ ਨੇ ਕਿਹਾ ਕਿ ਵਿਦਿਆਰਥੀ ਇੱਥੇ ਆਉਂਦੇ ਸਮੇਂ ਸਭ ਕੁਝ ਠੀਕ ਰਹਿਣ ਦੀ ਉਮੀਦ ਕਰਦੇ ਹਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਅਸਲੀਅਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਹੁਤ ਸਾਰੇ ਵਿਦਿਆਰਥੀ ਸਿਰਫ ਆਪਣੇ ਸਿਰ ‘ਤੇ ਛੱਤ ਬਣਾਈ ਰੱਖਣ ਲਈ ਕਈ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਰਿਹਾਇਸ਼ੀ ਖਰਚਿਆਂ ਅਤੇ ਟਿਊਸ਼ਨ ਫੀਸਾਂ ਵਿੱਚ ਹੋਏ ਵਾਧੇ ਕਾਰਨ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋ ਰਹੀ ਹੈ। ਆਮਦਨ ਘੱਟ ਹੋਣ ਕਾਰਨ ਉਨ੍ਹਾਂ ਲਈ ਸਸਤੀ ਰਿਹਾਇਸ਼ ਲੱਭਣਾ ਬਹੁਤ ਔਖਾ ਹੋ ਗਿਆ ਹੈ। ਨੋਵਾ ਸਕੋਸ਼ੀਆ ਅਤੇ ਅਲਬਰਟਾ ਦੇ ਖੋਜਕਰਤਾਵਾਂ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਕੈਨੇਡਾ ਵਿੱਚ 4 ਵਿੱਚੋਂ 1 ਪੋਸਟ ਸੈਕੰਡਰੀ ਵਿਦਿਆਰਥੀ ਕਿਸੇ ਨਾ ਕਿਸੇ ਰੂਪ ਵਿੱਚ ਬੇਘਰੀ ਦਾ ਸਾਹਮਣਾ ਕਰਦਾ ਹੈ। ਰਿਪੋਰਟ ਅਨੁਸਾਰ ਔਰਤਾਂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਨੂੰ ਇਸ ਸਮੱਸਿਆ ਦਾ ਵਧੇਰੇ ਖ਼ਤਰਾ ਹੈ।
ਬੇਘਰ ਹੋਣ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਬਹੁਤ ਘੱਟ ਸਹਾਇਤਾ ਮਿਲਦੀ ਹੈ ਅਤੇ 18 ਫੀਸਦੀ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਮਿਲਦੀ। ਇਸ ਸਭ ਦਾ ਅਸਰ ਉਨ੍ਹਾਂ ਦੀ ਪੜ੍ਹਾਈ ‘ਤੇ ਪੈਂਦਾ ਹੈ ਜਿੱਥੇ 44 ਫੀਸਦੀ ਵਿਦਿਆਰਥੀਆਂ ਦੇ ਨੰਬਰ ਘੱਟ ਆਉਂਦੇ ਹਨ ਅਤੇ 63 ਫੀਸਦੀ ਨੂੰ ਸਕੂਲ ਛੱਡਣਾ ਪੈਂਦਾ ਹੈ। ਇਹ ਰਿਪੋਰਟ 2022 ਅਤੇ 2023 ਦੇ ਅਕਾਦਮਿਕ ਸਾਲ ਦੌਰਾਨ 6 ਕੈਂਪਸਾਂ ਵਿੱਚ ਕੀਤੀ ਗਈ ਖੋਜ ‘ਤੇ ਅਧਾਰਤ ਹੈ ਜਿਸ ਨੂੰ ਜੂਨ ਵਿੱਚ ਐਡਮਿੰਟਨ ਵਿਖੇ ਹੋਣ ਵਾਲੇ ਰਾਸ਼ਟਰੀ ਸੰਮੇਲਨ ਵਿੱਚ ਪੇਸ਼ ਕੀਤਾ ਜਾਵੇਗਾ।
ਪ੍ਰਮੁੱਖ ਖੋਜਕਰਤਾ ਐਮਿਲੀ ਬਰਗ ਨੇ ਦੱਸਿਆ ਕਿ ਲਗਭਗ 80 ਫੀਸਦੀ ਵਿਦਿਆਰਥੀ ਸ਼ਰਮ ਕਾਰਨ ਆਪਣੀ ਸਥਿਤੀ ਬਾਰੇ ਗੱਲ ਨਹੀਂ ਕਰਦੇ। ਬਹੁਤੇ ਮਾਮਲਿਆਂ ਵਿੱਚ ਇਹ ਸਮੱਸਿਆ ਸਾਹਮਣੇ ਦਿਖਾਈ ਨਹੀਂ ਦਿੰਦੀ ਕਿਉਂਕਿ ਵਿਦਿਆਰਥੀ ਲਾਇਬ੍ਰੇਰੀਆਂ, ਆਪਣੀਆਂ ਕਾਰਾਂ ਜਾਂ ਪੌੜੀਆਂ ਵਿੱਚ ਸੌਂ ਕੇ ਗੁਜ਼ਾਰਾ ਕਰਦੇ ਹਨ। ਨੋਵਾ ਸਕੋਸ਼ੀਆ ਕਮਿਊਨਿਟੀ ਕਾਲਜ ਦੀ ਕਾਊਂਸਲਰ ਲੀਜ਼ਾ ਮੇਡਰ ਨੇ ਕਾਲਜ ਵਿੱਚ ਐਮਰਜੈਂਸੀ ਹਾਊਸਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਨਾਲ ਪਿਛਲੇ ਸਾਲ ਦੌਰਾਨ 24 ਵਿਦਿਆਰਥੀਆਂ ਦੀ ਮਦਦ ਕੀਤੀ ਗਈ ਹੈ। ਲੀਜ਼ਾ ਜ਼ਾਹਿਦ ਨੇ ਕਿਹਾ ਕਿ ਵਿਦਿਆਰਥੀਆਂ ਦਾ ਇਸ ਤਰ੍ਹਾਂ ਚੁੱਪਚਾਪ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਬਹੁਤ ਚਿੰਤਾ ਵਾਲੀ ਗੱਲ ਹੈ ਅਤੇ ਇਸ ਦੇ ਠੋਸ ਹੱਲ ਲੱਭੇ ਜਾਣੇ ਚਾਹੀਦੇ ਹਨ। This report was written by Divroop Kaur as part of the Local Journalism Initiative.

Popular