ਸਰੀ, (ਦਿਵਰੂਪ ਕੌਰ): ਬੀ.ਸੀ. ਸੂਬੇ ਦੇ ਕੈਮਲੂਪਸ ਸ਼ਹਿਰ ਤੋਂ ਲਗਭਗ 60 ਕਿਲੋਮੀਟਰ ਦੂਰ ਦੇ ਇਲਾਕੇ ‘ਚ ਇੱਕ ਚਮਤਕਾਰੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਜੰਗਲੀ ਇਲਾਕੇ ਵਿੱਚ ਆਪਣੀ ਗੱਡੀ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਦੋ ਦਿਨਾਂ ਤੱਕ ਉਸ ਦੇ ਅੰਦਰ ਹੀ ਫਸਿਆ ਰਿਹਾ। ਆਰਸੀਐਮਪੀ (RCMP) ਮੁਤਾਬਕ ਇਹ ਰੈਸਕਿਊ ਆਪ੍ਰੇਸ਼ਨ 19 ਮਈ ਨੂੰ ਚੇਜ਼ ਖੇਤਰ ਦੇ ਨੇੜੇ ਇੱਕ ਦੂਰ-ਦੁਰਾਡੇ ਜੰਗਲਾਤ ਸੇਵਾ ਰੋਡ ‘ਤੇ ਚਲਾਇਆ ਗਿਆ। ਪੀੜਤ ਵਿਅਕਤੀ 17 ਮਈ ਨੂੰ ਗੱਡੀ ਚਲਾ ਰਿਹਾ ਸੀ, ਜਦੋਂ ਉਸ ਦਾ ਟਰੱਕ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਇੱਕ ਤਿੱਖੀ ਖੱਡ ਵਿੱਚ ਜਾ ਡਿੱਗਿਆ।
ਪਰਿਵਾਰ ਵੱਲੋਂ ਦੋ ਦਿਨਾਂ ਬਾਅਦ ਜਦੋਂ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ, ਤਾਂ ਭਾਲ ਸ਼ੁਰੂ ਕੀਤੀ ਗਈ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਪੀੜਤ ਦੀ ਪਛਾਣ ਐਡਮਜ਼ ਲੇਕ ਇੰਡੀਅਨ ਬੈਂਡ ਦੇ ਇੱਕ ਮੈਂਬਰ ਵਜੋਂ ਹੋਈ ਹੈ। ਸੰਸਥਾ ਦੀ ਕੁਦਰਤੀ ਸਰੋਤ ਸੰਚਾਲਨ ਮੈਨੇਜਰ ਜੈਨੀਫਰ ਪੂਲੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਪੁੱਠਾ ਹੋ ਗਿਆ ਸੀ ਅਤੇ ਉਹ ਵਿਅਕਤੀ ਅੰਦਰ ਹੀ ਬੁਰੀ ਤਰ੍ਹਾਂ ਫਸ ਗਿਆ ਸੀ, ਜਿਸ ਕਾਰਨ ਉਹ ਹਿੱਲਣ-ਜੁੱਲਣ ਜਾਂ ਪਾਣੀ ਅਤੇ ਭੋਜਨ ਤੱਕ ਪਹੁੰਚਣ ਵਿੱਚ ਅਸਮਰੱਥ ਸੀ। ਦੋ ਦਿਨਾਂ ਤੱਕ ਇਕੱਲੇ ਰਹਿਣ ਕਾਰਨ ਉਹ ਜ਼ਿੰਦਗੀ ਦੀ ਉਮੀਦ ਖੋਹ ਰਿਹਾ ਸੀ।
ਇਸ ਮੁਸ਼ਕਿਲ ਰੈਸਕਿਊ ਆਪ੍ਰੇਸ਼ਨ ਵਿੱਚ ਚੇਜ਼, ਸਨ ਪੀਕਸ ਅਤੇ ਐਡਮਜ਼ ਲੇਕ ਸਮੇਤ ਤਿੰਨ ਵੱਖ-ਵੱਖ ਭਾਈਚਾਰਿਆਂ ਦੇ ਫਾਇਰ ਬ੍ਰਿਗੇਡ ਵਿਭਾਗਾਂ ਨੇ ਹਿੱਸਾ ਲਿਆ। ਚੇਜ਼ ਦੇ ਫਾਇਰ ਚੀਫ਼ ਬ੍ਰਾਇਨ ਲੌਜ਼ਨ ਨੇ ਦੱਸਿਆ ਕਿ ਦੁਰਗਮ ਅਤੇ ਪਥਰੀਲੇ ਰਸਤੇ ਦੇ ਕਾਰਨ ਬਚਾਅ ਕਾਰਜ ਵਿੱਚ ਚਾਰ ਘੰਟੇ ਤੋਂ ਵੱਧ ਦਾ ਸਮਾਂ ਲੱਗਿਆ, ਕਿਉਂਕਿ ਵਾਹਨ ਮੁੱਖ ਸੜਕ ਤੋਂ ਕਾਫੀ ਦੂਰ ਹੇਠਾਂ ਜਾ ਚੁੱਕਾ ਸੀ ਅਤੇ ਉੱਥੇ ਭਾਰੀ ਮਸ਼ੀਨਰੀ ਲੈ ਕੇ ਜਾਣਾ ਬਹੁਤ ਮੁਸ਼ਕਿਲ ਸੀ। ਆਰਸੀਐਮਪੀ ਦੇ ਕਾਰਪੋਰਲ ਬ੍ਰੇਟ ਯੂਰਾਨੋ ਨੇ ਵੀ ਬਚਾਅ ਟੀਮਾਂ ਦੀ ਸ਼ਲਾਘਾ ਕਰਦਿਆਂ ਇਸ ਮੁਹਿੰਮ ਦੀ ਸਫ਼ਲਤਾ ‘ਤੇ ਖੁਸ਼ੀ ਪ੍ਰਗਟਾਈ।
ਜੈਨੀਫਰ ਪੂਲੀ ਨੇ ਦੱਸਿਆ ਕਿ ਪਰਿਵਾਰ ਦੇ ਕਹਿਣ ‘ਤੇ ਉਨ੍ਹਾਂ ਦੇ ਦਫ਼ਤਰ ਦੇ ਕਰਮਚਾਰੀਆਂ ਨੇ ਜੰਗਲ ਵਿੱਚ ਖੋਜ ਸ਼ੁਰੂ ਕੀਤੀ ਸੀ, ਜਿਸ ਦੌਰਾਨ ਇੱਕ ਖੋਜੀ ਨੂੰ ਦੂਰ ਖੱਡ ਵਿੱਚ ਗੱਡੀ ਦਾ ਟਾਇਰ ਚਮਕਦਾ ਦਿਖਾਈ ਦਿੱਤਾ, ਜਿਸ ਤੋਂ ਬਾਅਦ ਤੁਰੰਤ ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਇੱਕ ਹੋਰ ਦਿਲਚਸਪ ਗੱਲ ਇਹ ਰਹੀ ਕਿ ਹਾਦਸੇ ਦੇ ਸਮੇਂ ਉਸ ਵਿਅਕਤੀ ਦਾ ਬਜ਼ੁਰਗ ਪਾਲਤੂ ਕੁੱਤਾ ਵੀ ਉਸ ਦੇ ਨਾਲ ਸੀ, ਪਰ ਉਹ ਗੱਡੀ ਵਿੱਚ ਨਹੀਂ ਫਸਿਆ ਸੀ। ਸੁਰੱਖਿਅਤ ਬਾਹਰ ਨਿਕਲਣ ਤੋਂ ਬਾਅਦ ਉਸ ਵਿਅਕਤੀ ਨੇ ਸਭ ਤੋਂ ਪਹਿਲਾਂ ਆਪਣੇ ਕੁੱਤੇ ਬਾਰੇ ਪੁੱਛਿਆ। ਕੁੱਤਾ ਵੀ ਬਿਲਕੁਲ ਠੀਕ-ਠਾਕ ਹਾਲਤ ਵਿੱਚ ਮਿਲ ਗਿਆ ਹੈ ਅਤੇ ਆਪਣੇ ਮਾਲਕ ਦੇ ਹਸਪਤਾਲ ਤੋਂ ਪਰਤਣ ਦਾ ਇੰਤਜ਼ਾਰ ਕਰ ਰਿਹਾ ਹੈ। This report was written by Divroop Kaur as part of the Local Journalism Initiative.

