ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਸਵੇਰੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਦੋਵਾਂ ਨੇਤਾਵਾਂ ਵਿਚਕਾਰ ਪਾਈਪਲਾਈਨ ਰਾਜਨੀਤੀ ਦਾ ਮੁੱਦਾ ਭਾਰੂ ਰਿਹਾ। ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਕਾਰਨੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿਚਕਾਰ ਬੀ.ਸੀ. ਦੇ ਤੱਟ ਤੱਕ ਇੱਕ ਨਵੀਂ ਪਾਈਪਲਾਈਨ ਲਿਜਾਣ ਦੇ ਪ੍ਰਸਤਾਵ ‘ਤੇ ਸਹਿਮਤੀ ਬਣੀ ਹੈ।
ਇਸ ਸਮਝੌਤੇ ਤਹਿਤ ਅਲਬਰਟਾ ਸਰਕਾਰ 1 ਜੁਲਾਈ ਤੱਕ ਇਸ ਵੱਡੇ ਪ੍ਰੋਜੈਕਟ ਦਾ ਪ੍ਰਸਤਾਵ ਮੁੱਖ ਪ੍ਰੋਜੈਕਟ ਦਫ਼ਤਰ ਨੂੰ ਸੌਂਪੇਗੀ ਅਤੇ ਇਸ ਦਾ ਨਿਰਮਾਣ ਕਾਰਜ ਸਤੰਬਰ 2027 ਤੱਕ ਸ਼ੁਰੂ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਦੋਵਾਂ ਧਿਰਾਂ ਵਿਚਕਾਰ ਕਾਰਬਨ ਪ੍ਰਾਈਸਿੰਗ ਨੂੰ ਲੈ ਕੇ ਵੀ ਸਹਿਮਤੀ ਬਣੀ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਬੁੱਧਵਾਰ ਸਵੇਰੇ ਗ੍ਰੇਟਰ ਵੈਨਕੂਵਰ ਬੋਰਡ ਆਫ਼ ਟਰੇਡ ਵਿੱਚ ਭਾਸ਼ਣ ਦਿੰਦਿਆਂ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਾਰੇ ਸੂਬਿਆਂ ਨੂੰ ਮਿਲ ਕੇ ਅਤੇ ਇੱਕ ਤਾਲਮੇਲ ਨਾਲ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਉੱਤਰੀ ਤੱਟ ਤੱਕ ਪਾਈਪਲਾਈਨ ਲਿਜਾਣ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਫੈਡਰਲ ਸਰਕਾਰ ਵੱਲੋਂ ਅਲਬਰਟਾ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਦਾ ਇੱਕ ਕਾਰਨ ਉੱਥੋਂ ਦੇ ਨੇਤਾਵਾਂ ਵੱਲੋਂ ਦਿੱਤੀ ਜਾਂਦੀ ਵੱਖਵਾਦ ਦੀ ਧਮਕੀ ਵੀ ਹੋ ਸਕਦਾ ਹੈ। ਈਬੀ ਨੇ ਕੇਂਦਰ ਸਰਕਾਰ ਨੂੰ ਸਿੱਧਾ ਸੁਨੇਹਾ ਦਿੰਦਿਆਂ ਕਿਹਾ ਕਿ ਦੇਸ਼ ਇਸ ਤਰ੍ਹਾਂ ਨਹੀਂ ਚੱਲ ਸਕਦਾ ਕਿ ਵੱਖਵਾਦੀ ਸੋਚ ਰੱਖਣ ਵਾਲੇ ਮੁੱਖ ਮੰਤਰੀਆਂ ਵੱਲੋਂ ਦਬਾਅ ਪਾਉਣ ‘ਤੇ ਫੈਡਰਲ ਸਰਕਾਰ ਉਨ੍ਹਾਂ ਵੱਲ ਧਿਆਨ ਦੇਵੇ।
ਈਬੀ ਨੇ ਸਪਸ਼ਟ ਕੀਤਾ ਕਿ ਜਿਹੜੇ ਸੂਬੇ ਹਮੇਸ਼ਾ ਕੈਨੇਡਾ ਦੀ ਅਖੰਡਤਾ ਦੇ ਨਾਲ ਖੜ੍ਹੇ ਹਨ ਅਤੇ ਦੇਸ਼ ਦੇ ਹਿੱਤ ਵਿੱਚ ਪ੍ਰੋਜੈਕਟਾਂ ਨੂੰ ਅੱਗੇ ਵਧਾ ਰਹੇ ਹਨ, ਉਨ੍ਹਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਮੁਲਾਕਾਤ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੇਂਦਰ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਵਿਚਕਾਰ ਪਾਈਪਲਾਈਨ ਅਤੇ ਵਾਤਾਵਰਣ ਨੀਤੀਆਂ ਨੂੰ ਲੈ ਕੇ ਸਿਆਸੀ ਖਿੱਚੋਤਾਣ ਹੋਰ ਵਧ ਸਕਦੀ ਹੈ। This report was written by Divroop Kaur as part of the Local Journalism Initiative.

