Saturday, May 23, 2026

ਅਲਬਰਟਾ ਦੇ ਦੋ ਮੰਤਰੀਆਂ ਨੇ ਕੈਬਨਿਟ ਛੱਡੀ, ਅਗਲੀ ਚੋਣ ਲੜਨ ਤੋਂ ਇਨਕਾਰ

ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਨੀਤੀ ਵਿੱਚ ਉਸ ਵੇਲੇ ਵੱਡੀ ਹਲਚਲ ਦੇਖਣ ਨੂੰ ਮਿਲੀ, ਜਦੋਂ ਸੂਬੇ ਦੇ ਵਿੱਤ ਮੰਤਰੀ ਨੇਟ ਹੌਰਨਰ ਅਤੇ ਹਸਪਤਾਲ ਤੇ ਸਰਜੀਕਲ ਸਿਹਤ ਸੇਵਾਵਾਂ ਦੇ ਮੰਤਰੀ ਮੈਟ ਜੋਨਸ ਦੋਵਾਂ ਨੇ ਐਲਾਨ ਕੀਤਾ ਕਿ ਉਹ ਆਗਾਮੀ ਸੂਬਾਈ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ ਅਤੇ ਆਪਣੇ ਕੈਬਨਿਟ ਅਹੁਦਿਆਂ ਨੂੰ ਛੱਡ ਰਹੇ ਹਨ। ਦੋਵਾਂ ਨੇਤਾਵਾਂ ਨੇ ਸੋਸ਼ਲ ਮੀਡੀਆ ਰਾਹੀਂ ਜਨਤਾ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਵਿੱਤ ਮੰਤਰੀ ਨੇਟ ਹੌਰਨਰ ਨੇ ਦੱਸਿਆ ਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਹੀ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਇਹ ਉਨ੍ਹਾਂ ਦਾ ਆਖਰੀ ਕਾਰਜਕਾਲ ਹੋਵੇਗਾ।
ਹੌਰਨਰ ਮੁਤਾਬਕ, ਉਹ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (UCP) ਅਤੇ ਪ੍ਰੀਮੀਅਰ ਸਮਿਥ ਦੇ ਨੀਤੀਆਂ ਦੇ ਸਮਰਥਕ ਬਣੇ ਰਹਿਣਗੇ, ਪਰ ਚੋਣਾਂ ਵਾਲੇ ਸਾਲ ਦਾ ਬਜਟ ਕਿਸੇ ਅਜਿਹੇ ਮੰਤਰੀ ਦੁਆਰਾ ਤਿਆਰ ਕੀਤਾ ਜਾਣਾ ਚਾਹੀਦਾ ਹੈ ਜੋ ਅਗਲੀ ਵਾਰ ਵੀ ਚੋਣ ਲੜਨ ਦੀ ਤਿਆਰੀ ਵਿੱਚ ਹੋਵੇ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਹੌਰਨਰ ਇੱਕ ਪਸ਼ੂ ਪਾਲਕ ਅਤੇ ਕਿਸਾਨ ਸਨ ਅਤੇ ਪਹਿਲਾਂ ਖੇਤੀਬਾੜੀ ਮੰਤਰੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਵਿੱਤ ਮੰਤਰੀ ਵਜੋਂ ਉਨ੍ਹਾਂ ਨੇ ਇਸ ਸਾਲ ਆਪਣਾ ਤੀਜਾ ਬਜਟ ਪੇਸ਼ ਕੀਤਾ ਸੀ, ਜਿਸ ਵਿੱਚ 9.4 ਬਿਲੀਅਨ ਡਾਲਰ ਦਾ ਘਾਟਾ ਦਿਖਾਇਆ ਗਿਆ ਸੀ।
ਮੈਟ ਜੋਨਸ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵਿੱਚ ਰਹਿ ਕੇ ਅਲਬਰਟਾ ਦੀ ਸਿਹਤ ਪ੍ਰਣਾਲੀ ਨੂੰ ਸੁਧਾਰਨ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਮੌਕਾ ਮਿਲਿਆ, ਜੋ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵਧੀਆ ਹਿੱਸਾ ਸੀ। ਜੋਨਸ, ਜੋ ਪਹਿਲਾਂ ਇਨਵੈਸਟਮੈਂਟ ਬੈਂਕਰ ਸਨ, ਫਿਲਹਾਲ ਕੈਲਗਰੀ-ਸਾਊਥ ਈਸਟ ਖੇਤਰ ਦੇ ਵਿਧਾਇਕ ਵਜੋਂ ਕੰਮ ਕਰਦੇ ਰਹਿਣਗੇ। ਪ੍ਰੀਮੀਅਰ ਡੈਨੀਅਲ ਸਮਿਥ ਨੇ ਦੋਵਾਂ ਮੰਤਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੌਰਨਰ ਨੇ ਸੂਬੇ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਅਤੇ ਜੋਨਸ ਨੇ ਵਧਦੀ ਆਬਾਦੀ ਮੁਤਾਬਕ ਸਿਹਤ ਢਾਂਚੇ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹ ਦੋਵੇਂ ਨੇਤਾ 2019 ਵਿੱਚ ਪਹਿਲੀ ਵਾਰ ਚੁਣੇ ਗਏ ਸਨ।
ਇਸ ਦੌਰਾਨ ਵਿਰੋਧੀ ਧਿਰ ਐਨਡੀਪੀ (NDP) ਦੇ ਨੇਤਾ ਨਾਹੀਦ ਨੈਂਸ਼ੀ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦੋਵਾਂ ਸੀਨੀਅਰ ਮੰਤਰੀਆਂ ਦਾ ਅਸਤੀਫ਼ਾ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਲਈ ਕਰਵਾਏ ਜਾਣ ਵਾਲੇ ਸੰਭਾਵੀ ਰੈਫਰੈਂਡਮ ਦੇ ਮੁੱਦੇ ‘ਤੇ ਪੈਦਾ ਹੋਏ ਮੱਤਭੇਦਾਂ ਦਾ ਨਤੀਜਾ ਹੈ।
ਹਾਲਾਂਕਿ ਸਰਕਾਰੀ ਬੁਲਾਰੇ ਨੇ ਇਸ ਦਾਅਵੇ ‘ਤੇ ਕੋਈ ਸਿੱਧੀ ਟਿੱਪਣੀ ਨਹੀਂ ਕੀਤੀ। ਕੈਲਗਰੀ ਯੂਨੀਵਰਸਿਟੀ ਦੀ ਸਿਆਸੀ ਵਿਗਿਆਨ ਦੀ ਪ੍ਰੋਫੈਸਰ ਲੀਜ਼ਾ ਯੰਗ ਮੁਤਾਬਕ, ਚੋਣਾਂ ਨੇੜੇ ਆਉਣ ‘ਤੇ ਅਜਿਹੇ ਅਸਤੀਫ਼ੇ ਆਮ ਗੱਲ ਹਨ ਤਾਂ ਜੋ ਨਵੇਂ ਚਿਹਰਿਆਂ ਨੂੰ ਕੈਬਨਿਟ ਵਿੱਚ ਮੌਕਾ ਦੇ ਕੇ ਉਨ੍ਹਾਂ ਦਾ ਪ੍ਰੋਫਾਈਲ ਮਜ਼ਬੂਤ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਸੰਬਰ 2025 ਵਿੱਚ ਵਾਤਾਵਰਣ ਮੰਤਰੀ ਰੇਬੇਕਾ ਸ਼ੁਲਜ਼ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ, ਜਿਨ੍ਹਾਂ ਦੀ ਥਾਂ ਗ੍ਰਾਂਟ ਹੰਟਰ ਨੂੰ ਨਵਾਂ ਮੰਤਰੀ ਬਣਾਇਆ ਗਿਆ ਸੀ। ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਵੀਰਵਾਰ ਨੂੰ ਹੋਵੇਗਾ। This report was written by Divroop Kaur as part of the Local Journalism Initiative.

Popular