ਕੈਨੇਡਾ ਦਾ ਉਪਭੋਗਤਾ ਕਰਜ਼ਾ 2.65 ਟ੍ਰਿਲੀਅਨ ਡਾਲਰ ਤੱਕ ਪਹੁੰਚਿਆ, ਘਰ ਬਚਾਉਣ ਲਈ ਸੰਘਰਸ਼ ਕਰ ਰਹੇ ਲੋਕ
ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਰਹਿਣ ਵਾਲੇ ਲੱਖਾਂ ਘਰਾਂ ਦੇ ਮਾਲਕ ਇਸ ਵੇਲੇ ਭਾਰੀ ਆਰਥਿਕ ਬੋਝ ਹੇਠ ਦੱਬੇ ਹੋਏ ਹਨ। ਹਾਲ ਹੀ ਵਿੱਚ ਜਾਰੀ ਹੋਏ ਅਧਿਕਾਰਤ ਵਿੱਤੀ ਅੰਕੜਿਆਂ ਮੁਤਾਬਕ ਕੈਨੇਡਾ ਦਾ ਕੁੱਲ ਘਰੇਲੂ ਉਪਭੋਗਤਾ ਕਰਜ਼ਾ 2.65 ਟ੍ਰਿਲੀਅਨ ਤੱਕ ਪਹੁੰਚ ਗਿਆ ਹੈ। ਇਸ ਕੁੱਲ ਕਰਜ਼ੇ ਵਿੱਚੋਂ ਇਕੱਲਾ ਮਾਰਗੇਜ ਕਰਜ਼ਾ ਹੀ 1.95 ਟ੍ਰਿਲੀਅਨ ਦੇ ਰਿਕਾਰਡ ਪੱਧਰ ਨੂੰ ਪਾਰ ਕਰ ਚੁੱਕਾ ਹੈ। ਕੈਨੇਡਾ ਵਿੱਚ ਆਮ ਪਰਿਵਾਰਾਂ ਲਈ ਇਹ ਬਹੁਤ ਮੁਸ਼ਕਿਲ ਦੌਰ ਚੱਲ ਰਿਹਾ ਹੈ ਕਿਉਂਕਿ ਉਹਨਾਂ ਦੀ ਕਮਾਈ ਦਾ ਬਹੁਤ ਭਾਰੀ ਹਿੱਸਾ ਬਾਜ਼ਾਰ ਦੀ ਬਜਾਏ ਸਿੱਧਾ ਬੈਂਕਾਂ ਦੇ ਵਿਆਜ ਵਿੱਚ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਕੈਨੇਡਾ ਦੇ ਆਮ ਨਾਗਰਿਕ ਮਾਰਗੇਜ ਦੀਆਂ ਮਹਿੰਗੀਆਂ ਕਿਸ਼ਤਾਂ ਦੇ ਬੋਝ ਹੇਠ ਪਿਸ ਰਹੇ ਹਨ, ਉੱਥੇ ਹੀ ਦੇਸ਼ ਦੇ ਪ੍ਰਮੁੱਖ ਪੰਜ ਬੈਂਕਾਂ ਦੇ ਮੁਨਾਫ਼ਿਆਂ ਵਿੱਚ ਰਿਕਾਰਡ ਵਾਧਾ ਦੇਖਿਆ ਜਾ ਰਿਹਾ ਹੈ। ਅਰਥਵਿਵਸਥਾ ਦਾ ਇਹ ਵਿਰੋਧਾਭਾਸ ਦੇਸ਼ ਵਿੱਚ ਦੋ ਕੈਨੇਡਾ ਦੀ ਤਸਵੀਰ ਪੇਸ਼ ਕਰ ਰਿਹਾ ਹੈ ਜਿਸ ਵਿੱਚ ਇੱਕ ਪਾਸੇ ਰਿਕਾਰਡ ਕਰਜ਼ਾ ਅਤੇ ਘਰ ਖੁੱਸਣ ਦਾ ਡਰ ਹੈ ਅਤੇ ਦੂਜੇ ਪਾਸੇ ਵਿਆਜ ਤੋਂ ਮੋਟੀ ਕਮਾਈ ਕਰ ਰਹੇ ਵਿੱਤੀ ਅਦਾਰੇ ਹਨ।
ਬੈਂਕਾਂ ਨੂੰ ਇਹ ਮੁਨਾਫ਼ਾ ਬਹੁਤ ਯੋਜਨਾਬੱਧ ਤਰੀਕੇ ਨਾਲ ਹੋ ਰਿਹਾ ਹੈ। ਜਦੋਂ ਬੈਂਕ ਆਫ਼ ਕੈਨੇਡਾ ਨੇ ਵਿਆਜ ਦਰਾਂ ਨੂੰ ਉੱਚੇ ਪੱਧਰ ਉੱਤੇ ਰੱਖਿਆ ਅਤੇ ਹੁਣ ਹੌਲੀ ਹੌਲੀ ਘਟਾ ਕੇ 2.25% ਉੱਤੇ ਲਿਆਂਦਾ ਹੈ, ਤਾਂ ਬੈਂਕਾਂ ਨੇ ਲੋਕਾਂ ਦੇ ਪੁਰਾਣੇ ਸਸਤੇ ਮਾਰਗੇਜ ਰੀਨਿਊਅਲ ਵੇਲੇ ਨਵੀਆਂ ਉੱਚੀਆਂ ਦਰਾਂ ਲਾਗੂ ਕੀਤੀਆਂ। ਇਸ ਨਾਲ ਬੈਂਕਾਂ ਦਾ ਨੈੱਟ ਇੰਟਰਸਟ ਮਾਰਜਿਨ ਭਾਵ ਕਰਜ਼ੇ ਤੋਂ ਮਿਲਣ ਵਾਲੇ ਵਿਆਜ ਅਤੇ ਜਮ੍ਹਾਂ ਖਾਤਿਆਂ ਉੱਤੇ ਦਿੱਤੇ ਜਾਣ ਵਾਲੇ ਵਿਆਜ ਵਿਚਕਾਰਲਾ ਫ਼ਰਕ ਬਹੁਤ ਵਧ ਗਿਆ ਹੈ। ਇਹ ਫ਼ਰਕ ਹੀ ਉਹਨਾਂ ਦੇ ਮੁਨਾਫ਼ੇ ਦੇ ਵਾਧੇ ਦਾ ਮੁੱਖ ਕਾਰਨ ਬਣਿਆ ਹੈ। ਸਾਲ 2020 ਤੋਂ 2022 ਦੇ ਦਰਮਿਆਨ ਕੋਰੋਨਾ ਕਾਲ ਵੇਲੇ 1.5% ਤੋਂ 2% ਦੀਆਂ ਇਤਿਹਾਸਕ ਘੱਟ ਦਰਾਂ ਉੱਤੇ 5 ਸਾਲਾਂ ਲਈ ਮਾਰਗੇਜ ਲੈਣ ਵਾਲੇ ਲੋਕ ਹੁਣ ਭਾਰੀ ਕਿਸ਼ਤਾਂ ਦਾ ਸਾਹਮਣਾ ਕਰ ਰਹੇ ਹਨ। ਮਾਰਗੇਜ ਰੀਨਿਊ ਹੋਣ ਉੱਤੇ ਆਮ ਪਰਿਵਾਰਾਂ ਦੀਆਂ ਮਹੀਨਾਵਾਰ ਕਿਸ਼ਤਾਂ 150 ਤੋਂ ਲੈ ਕੇ 600 ਤੱਕ ਵਧ ਗਈਆਂ ਹਨ।
ਆਪਣਾ ਘਰ ਬਚਾਉਣ ਲਈ ਲੋਕਾਂ ਕੋਲ ਕ੍ਰੈਡਿਟ ਕਾਰਡ ਅਤੇ ਕਾਰਾਂ ਦੀਆਂ ਕਿਸ਼ਤਾਂ ਰੋਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ। ਇਸੇ ਕਰਕੇ ਕ੍ਰੈਡਿਟ ਕਾਰਡਾਂ ਦੀ ਡਿਫਾਲਟ ਦਰ 1.73% ਹੋ ਗਈ ਹੈ। ਜਦੋਂ ਹੋਰ ਖਾਤਿਆਂ ਵਿੱਚੋਂ ਵੀ ਪੈਸਾ ਨਹੀਂ ਬਚਿਆ ਤਾਂ ਹੁਣ ਮਾਰਗੇਜ ਦੀਆਂ ਕਿਸ਼ਤਾਂ ਵੀ ਟੁੱਟਣ ਲੱਗ ਪਈਆਂ ਹਨ। ਪੂਰੇ ਕੈਨੇਡਾ ਦੀ ਔਸਤ ਮਾਰਗੇਜ ਡਿਫਾਲਟ ਦਰ 0.24% ਹੈ ਪਰ ਇਹ ਅੰਕੜਾ ਅਸਲ ਜ਼ਮੀਨੀ ਹਕੀਕਤ ਨੂੰ ਛੁਪਾਉਂਦਾ ਹੈ। ਕੈਨੇਡਾ ਭਰ ਵਿੱਚ ਸਭ ਤੋਂ ਮਾੜੇ ਹਾਲਾਤ ਓਨਟਾਰੀਓ ਸੂਬੇ ਦੇ ਸ਼ਹਿਰ ਬ੍ਰੈਂਪਟਨ ਦੇ ਹਨ, ਜਿੱਥੇ ਮਾਰਗੇਜ ਡਿਫਾਲਟ ਰੇਟ ਵਧ ਕੇ 0.6% ਹੋ ਗਿਆ ਹੈ ਜੋ ਕਿ ਰਾਸ਼ਟਰੀ ਔਸਤ ਨਾਲੋਂ ਦੁੱਗਣੇ ਤੋਂ ਵੀ ਵਧੇਰੇ ਹੈ। ਇੱਥੇ ਘਰਾਂ ਦੀਆਂ ਕੀਮਤਾਂ ਡਿੱਗਣ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਘਟਣ ਕਾਰਨ ਕਿਰਾਏ ਦੀ ਕਮਾਈ ਬੰਦ ਹੋ ਗਈ ਹੈ, ਜਿਸ ਨਾਲ ਲੋਕ ਕਿਸ਼ਤਾਂ ਭਰਨ ਤੋਂ ਅਸਮਰੱਥ ਹੋ ਰਹੇ ਹਨ। ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਰਗੇ ਮਹਿੰਗੇ ਸੂਬਿਆਂ ਵਿੱਚ ਕਿਸ਼ਤਾਂ ਨਾ ਦੇਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਦੋ ਸਾਲਾਂ ਵਿੱਚ 3 ਗੁਣਾ ਵਧ ਚੁੱਕੀ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਘਰ ਖਰੀਦਣ ਵਾਲੇ 26 ਤੋਂ 35 ਸਾਲ ਦੇ ਨੌਜਵਾਨ, ਜਿਨ੍ਹਾਂ ਨੇ ਮਾਰਕੀਟ ਦੇ ਸਿਖਰ ਉੱਤੇ ਮਹਿੰਗੇ ਘਰ ਲਏ ਸਨ, ਇਸ ਸੰਕਟ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਹਨ।
ਜਦੋਂ ਕੋਈ ਵਿਅਕਤੀ 60 ਤੋਂ 90 ਦਿਨਾਂ ਤੱਕ ਕਿਸ਼ਤ ਨਹੀਂ ਭਰ ਪਾਉਦਾ ਤਾਂ ਬੈਂਕ ਆਪਣੇ ਮੁਨਾਫ਼ੇ ਅਤੇ ਡੁੱਬਦੇ ਕਰਜ਼ੇ ਨੂੰ ਬਚਾਉਣ ਲਈ ਘਰਾਂ ਉੱਤੇ ਕਬਜ਼ਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦੇ ਹਨ। ਇਹ ਪ੍ਰਕਿਰਿਆ ਸੂਬੇ ਦੇ ਹਿਸਾਬ ਨਾਲ ਵੱਖਰੀ ਹੁੰਦੀ ਹੈ। ਓਨਟਾਰੀਓ, ਪੀਈਆਈ ਅਤੇ ਨਿਊ ਬ੍ਰੰਸਵਿਕ ਵਿੱਚ ਪਾਵਰ ਆਫ਼ ਸੇਲ ਕਾਨੂੰਨ ਲਾਗੂ ਹੁੰਦਾ ਹੈ। ਇਹ ਪ੍ਰਕਿਰਿਆ ਬਹੁਤ ਤੇਜ਼ ਹੁੰਦੀ ਹੈ ਅਤੇ 3 ਤੋਂ 6 ਮਹੀਨੇ ਲੈਂਦੀ ਹੈ। ਇਸ ਤਹਿਤ ਬੈਂਕ ਬਿਨਾਂ ਅਦਾਲਤ ਗਏ ਘਰ ਵੇਚ ਸਕਦਾ ਹੈ ਅਤੇ ਮਾਲਕ ਕੋਲ ਸਿਰਫ਼ 35 ਦਿਨਾਂ ਦਾ ਸਮਾਂ ਹੁੰਦਾ ਹੈ। ਬੈਂਕ ਆਪਣਾ ਕਰਜ਼ਾ ਅਤੇ ਖ਼ਰਚਾ ਕੱਟ ਕੇ ਬਾਕੀ ਬਚੇ ਪੈਸੇ ਅਸਲ ਮਾਲਕ ਨੂੰ ਵਾਪਸ ਕਰ ਦਿੰਦਾ ਹੈ। ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿੱਚ ਫੋਰਕਲੋਜ਼ਰ ਦੀ ਪ੍ਰਕਿਰਿਆ ਲਾਗੂ ਹੈ ਜੋ ਹੌਲੀ ਹੁੰਦੀ ਹੈ ਅਤੇ 6 ਤੋਂ 12 ਮਹੀਨੇ ਜਾਂ ਇਸ ਤੋਂ ਵੀ ਵਧੇਰੇ ਸਮਾਂ ਲੈਂਦੀ ਹੈ। ਇਸ ਵਿੱਚ ਬੈਂਕ ਨੂੰ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਅਤੇ ਜੱਜ ਮਾਲਕ ਨੂੰ 6 ਮਹੀਨੇ ਦਾ ਸਮਾਂ ਦਿੰਦਾ ਹੈ। ਜੇਕਰ ਅਦਾਲਤ ਅੰਤਿਮ ਹੁਕਮ ਦੇ ਦੇਵੇ ਤਾਂ ਬੈਂਕ ਘਰ ਦਾ ਪੂਰਾ ਮਾਲਕ ਬਣ ਜਾਂਦਾ ਹੈ ਅਤੇ ਵੇਚਣ ਉੱਤੇ ਸਾਰਾ ਮੁਨਾਫ਼ਾ ਖੁਦ ਰੱਖਦਾ ਹੈ ਜਦਕਿ ਮਾਲਕ ਨੂੰ ਕੁਝ ਨਹੀਂ ਮਿਲਦਾ।
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਦਾ ਬੈਂਕਿੰਗ ਸਿਸਟਮ ਬਹੁਤ ਸੁਰੱਖਿਅਤ ਹੈ ਅਤੇ ਬੈਂਕਾਂ ਨੂੰ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਉਹਨਾਂ ਦੇ ਮੁਨਾਫ਼ੇ ਲਗਾਤਾਰ ਵਧ ਰਹੇ ਹਨ।
ਪਰ ਇਸਦੀ ਕੀਮਤ ਆਮ ਜਨਤਾ ਤਾਰ ਰਹੀ ਹੈ ਜਿਸ ਕਾਰਨ ਬਾਜ਼ਾਰ ਵਿੱਚ ਮੰਦੀ ਵਰਗੇ ਹਾਲਾਤ ਬਣ ਰਹੇ ਹਨ ਅਤੇ ਆਮ ਪਰਿਵਾਰਾਂ ਦਾ ਜੀਵਨ ਪੱਧਰ ਡਿੱਗ ਰਿਹਾ ਹੈ।
ਕੈਨੇਡਾ ਦੇ ਵੱਡੇ ਬੈਂਕ ਦੁਨੀਆ ਵਿੱਚ ਸਭ ਤੋਂ ਵੱਧ ਮੁਨਾਫਾ ਕਮਾਉਣ ਵਾਲੇ ਬੈਂਕ ਹਨ। ਇੱਕ ਨਵੀਂ ਰਿਪੋਰਟ ਪੁਸ਼ਟੀ ਕਰਦੀ ਹੈ ਕਿ ਟੈਰਿਫ (ਤਾਰਿਫਾਂ) ਅਤੇ ਭੂ-ਰਾਜਨੀਤਿਕ ਅਨਿਸ਼ਚਿਤਤਾ ਦੇ ਬਾਵਜੂਦ, ਹਾਲ ਹੀ ਦੇ ਸਾਲਾਂ ਵਿੱਚ ਵੀ ਇਹ ਸਥਿਤੀ ਬਣੀ ਹੋਈ ਹੈ। ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਕੈਨੇਡਾ ਇਸ ਪੈਸੇ ਬਣਾਉਣ ਵਾਲੀ ਮਸ਼ੀਨ ਦਾ ਇੰਜਣ ਹੈ, ਜਿੱਥੇ ਘਰੇਲੂ ਬੈਂਕਿੰਗ ਮੁਨਾਫਾ ਅੰਤਰਰਾਸ਼ਟਰੀ ਹਿੱਸਿਆਂ (ਸੈਗਮੈਂਟਸ) ਦੇ ਮੁਨਾਫੇ ਨਾਲੋਂ ਵੀ ਵੱਧ ਹੈ।
ਬੈਂਕਾਂ ਦੇ ਲਗਾਤਾਰ ਉੱਚ ਮੁਨਾਫੇ ਕਿਉਂ ਚੰਗੇ ਹਨ:
ਕੈਨੇਡਾ ਇੱਕ ਬਹੁਤ ਵੱਡਾ ਅਤੇ ਜ਼ਿਆਦਾਤਰ ਖਾਲੀ ਦੇਸ਼ ਹੈ, ਅਤੇ ਇਸ ਹਕੀਕਤ ਨੂੰ ਦੇਖਦੇ ਹੋਏ (ਬੈਂਕਿੰਗ ਖੇਤਰ ਦਾ) ਕੁਝ ਵੱਡੇ ਹੱਥਾਂ ਵਿੱਚ ਕੇਂਦਰਿਤ ਹੋਣਾ ਹੈ। ਸਿਰਫ਼ ਕੁਝ ਵੱਡੇ ਖਿਡਾਰੀਆਂ ਵਾਲਾ ਇੱਕ ਬਹੁਤ ਹੀ ਲਾਭਦਾਇਕ ਸਿਸਟਮ ਕੁਸ਼ਲਤਾ, ਤਕਨਾਲੋਜੀ ਵਿੱਚ ਵਧੇਰੇ ਨਿਵੇਸ਼ ਅਤੇ ਰਾਸ਼ਟਰੀ ਪੱਧਰ ‘ਤੇ ਬ੍ਰਾਂਚ ਨੈੱਟਵਰਕ ਹੈ। ਕੈਨੇਡਾ ਦੇ ਹੋਰ ਕੇਂਦਰਿਤ ਵਪਾਰਕ ਖੇਤਰਾਂ ਜਿਵੇਂ ਕਿ ਟੈਲੀਕਾਮ ਅਤੇ ਗ੍ਰੋਸਰੀ (ਕਰਿਆਨੇ ਦੇ ਕਾਰੋਬਾਰ) ਦੇ ਹੱਕ ਵਿੱਚ ਵੀ ਕੁਝ ਸਿਆਸਤਦਾਨ ਅਤੇ ਲੋਕ ਦਲੀਲ ਦਿੰਦੇ ਹਨ
ਕੈਨੇਡਾ ਕੋਲ ਸਥਿਰ, ਅੰਤਰਰਾਸ਼ਟਰੀ ਪੱਧਰ ‘ਤੇ ਸਤਿਕਾਰਤ ਵਿੱਤੀ ਨਿਯਮ (ਰੇਗੂਲੇਸ਼ਨ) ਹਨ, ਅਤੇ ਉੱਚ ਬੈਂਕਿੰਗ ਮੁਨਾਫਾ ਉਸੇ ਸਥਿਰਤਾ ਦਾ ਇੱਕ ਉਪ-ਉਤਪਾਦ (ਬਾਈ-ਪ੍ਰੋਡਕਟ) ਹੈ।
ਕੈਨੇਡਾ ਦੇ ਉੱਚ ਬੈਂਕ ਮੁਨਾਫੇ ਕਿਉਂ ਇੱਕ ਸਮੱਸਿਆ ਦਾ ਸੰਕੇਤ ਹੋ ਸਕਦੇ ਹਨ:
ਨਵੇਂ ਕੈਨੇਡੀਅਨ ਬੈਂਕਾਂ ਲਈ ਮਾਰਕੀਟ ਵਿੱਚ ਨਹੀਂ ਆ ਰਹੇ ਕੰਪੀਟੀਸ਼ਨ (ਮੁਕਾਬਲੇ) ਦੀ ਘਾਟ ਦਾ ਨਤੀਜਾ ਹੈ, ਨਾ ਕਿ ਇਸ ਗੱਲ ਦਾ ਸਬੂਤ ਕਿ ਸਾਡੇ ਵੱਡੇ ਬੈਂਕ ਕਿੰਨੇ ਸ਼ਾਨਦਾਰ ਅਤੇ ਕੁਸ਼ਲ ਹਨ।
ਕੈਨੇਡਾ ਵਿੱਚ ਸਾਡੇ ਕੋਲ ਸਰਕਾਰ ਦੁਆਰਾ ਸਪਾਂਸਰਡ (ਬੈਕਡ) ਮੋਰਟਗੇਜ ਬੀਮਾ ਹੈ। ਕੁਝ ਲੋਕਾਂ ਦਾ ਤਰਕ ਹੈ ਕਿ ਇਹ ਬੈਂਕਾਂ ਨੂੰ ਵਧੇਰੇ ਜੋਖਮ ਭਰੇ ਕਰਜ਼ੇ ਦੇ ਕੇ ਮੁਨਾਫਾ ਕਮਾਉਣ ਲਈ ਉਤਸ਼ਾਹਿਤ ਕਰਦਾ ਹੈ, ਕਿਉਂਕਿ ਅੰਤ ਵਿੱਚ ਉਨ੍ਹਾਂ ਕਰਜ਼ਿਆਂ ਦਾ ਬੋਝ ਜਨਤਾ ‘ਤੇ ਪੈਂਦਾ ਹੈ, ਬੈਂਕਾਂ ‘ਤੇ ਨਹੀਂ।
ਕੈਨੇਡੀਅਨ ਬੈਂਕਿੰਗ ਫੀਸਾਂ ਉੱਚੀਆਂ ਹਨ ਅਤੇ ਲਗਾਤਾਰ ਵੱਧ ਰਹੀਆਂ ਹਨ, ਜੋ ਕਿ ਮੁਨਾਫੇ ਵਿੱਚ ਇੱਕ ਵੱਡਾ ਯੋਗਦਾਨ ਪਾਉਂਦੀਆਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਮਾਰਕੀਟ ਵਿੱਚ ਲੋੜੀਂਦਾ ਮੁਕਾਬਲਾ ਨਹੀਂ ਹੈ।
ਕੀ ਤੁਹਾਡੀ ਮੌਰਗੇਜ਼ ਰੀਿਨਊ ਹੋਣ ਵਾਲੀ ਹੈ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਕੈਨੇਡਾ ਵਿੱਚ ਮਾਰਗੇਜ ਰੀਨਿਊ ਕਰਵਾਉਣ ਵੇਲੇ ਬੈਂਕ ਕਦੇ ਵੀ ਗਾਹਕ ਨੂੰ ਖੁਦ ਚੱਲ ਕੇ ਸਭ ਤੋਂ ਵਧੀਆ ਦਰ ਆਫ਼ਰ ਨਹੀਂ ਕਰਦਾ। ਬੈਂਕ ਜਾਣਦੇ ਹਨ ਕਿ ਜ਼ਿਆਦਾਤਰ ਲੋਕ ਬਿਨਾਂ ਕਿਸੇ ਬਹਿਸ ਜਾਂ ਖੋਜ ਦੇ ਰੀਨਿਊਅਲ ਲੈਟਰ ਉੱਤੇ ਦਸਤਖਤ ਕਰ ਦਿੰਦੇ ਹਨ। ਜੇਕਰ ਲੋਕ ਬੈਂਕ ਦੇ ਮੁਨਾਫ਼ੇ ਨੂੰ ਘਟਾ ਕੇ ਆਪਣੇ ਹਜ਼ਾਰਾਂ ਡਾਲਰ ਬਚਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਪਣੀ ਮਾਰਗੇਜ ਦੀ ਮਿਆਦ ਖ਼ਤਮ ਹੋਣ ਤੋਂ 4 ਤੋਂ 6 ਮਹੀਨੇ ਪਹਿਲਾਂ ਹੀ ਮਾਰਕੀਟ ਦਰਾਂ ਚੈੱਕ ਕਰਨੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਕੈਨੇਡਾ ਦੇ ਜ਼ਿਆਦਾਤਰ ਬੈਂਕ 120 ਦਿਨ ਪਹਿਲਾਂ ਬਿਨਾਂ ਕਿਸੇ ਜੁਰਮਾਨੇ ਦੇ ਨਵਾਂ ਰੇਟ ਲਾਕ ਕਰਨ ਦੀ ਇਜਾਜ਼ਤ ਦੇ ਦਿੰਦੇ ਹਨ। ਆਪਣੇ ਮੌਜੂਦਾ ਬੈਂਕ ਨਾਲ ਗੱਲ ਕਰਨ ਤੋਂ ਪਹਿਲਾਂ ਦੂਜੇ ਬੈਂਕਾਂ ਅਤੇ ਮਾਰਗੇਜ ਬ੍ਰੋਕਰਾਂ ਦੀਆਂ ਵੈੱਬਸਾਈਟਾਂ ਤੋਂ ਸਭ ਤੋਂ ਘੱਟ ਉਪਲਬਧ ਦਰਾਂ ਦੇ ਸਬੂਤ ਇਕੱਠੇ ਕਰਕੇ ਰੱਖਣੇ ਚਾਹੀਦੇ ਹਨ।
ਇੱਕ ਸੁਤੰਤਰ ਮਾਰਗੇਜ ਬ੍ਰੋਕਰ ਕੋਲ ਜਾਣਾ ਲਾਹੇਵੰਦ ਸਾਬਤ ਹੁੰਦਾ ਹੈ ਕਿਉਂਕਿ ਉਹ ਦਰਜਨਾਂ ਵੱਖ ਵੱਖ ਬੈਂਕਾਂ ਤੋਂ ਸਭ ਤੋਂ ਵਧੀਆ ਦਰ ਕਢਵਾ ਕੇ ਦੇ ਸਕਦੇ ਹਨ। ਇਹ ਆਫ਼ਰ ਮੌਜੂਦਾ ਬੈਂਕ ਨਾਲ ਸੌਦੇਬਾਜ਼ੀ ਕਰਨ ਲਈ ਇੱਕ ਅਹਿਮ ਹਥਿਆਰ ਬਣਦਾ ਹੈ। ਜਦੋਂ ਬੈਂਕ ਰੀਨਿਊਅਲ ਲੈਟਰ ਭੇਜੇ ਤਾਂ ਸਿੱਧਾ ਉਹਨਾਂ ਦੇ ਰਿਟੈਂਸ਼ਨ ਜਾਂ ਲੋਇਲਟੀ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਾਫ਼ ਦੱਸਣਾ ਚਾਹੀਦਾ ਹੈ ਕਿ ਜੇ ਦੂਜੇ ਬੈਂਕ ਜਿੰਨਾ ਘੱਟ ਰੇਟ ਨਹੀਂ ਮਿਲਿਆ ਤਾਂ ਮਾਰਗੇਜ ਸ਼ਿਫਟ ਕਰ ਲਈ ਜਾਵੇਗੀ। ਇਸ ਤੋਂ ਇਲਾਵਾ ਕੁਝ ਗੁਪਤ ਨੁਕਤੇ ਵੀ ਹਨ ਜੋ ਬੈਂਕ ਕਦੇ ਨਹੀਂ ਦੱਸਦਾ। ਜੇਕਰ ਰੀਨਿਊਅਲ ਵੇਲੇ ਇੱਕ ਬੈਂਕ ਤੋਂ ਦੂਜੇ ਬੈਂਕ ਵਿੱਚ ਜਾਣਾ ਹੋਵੇ ਤਾਂ ਆਮ ਤੌਰ ਉੱਤੇ ਕੋਈ ਪੂਰਵ ਭੁਗਤਾਨ ਜੁਰਮਾਨਾ ਨਹੀਂ ਲੱਗਦਾ। ਹਾਲਾਂਕਿ ਕੁਝ ਕਾਨੂੰਨੀ ਜਾਂ ਐਪਰੇਜ਼ਲ ਫ਼ੀਸਾਂ ਹੋ ਸਕਦੀਆਂ ਹਨ ਪਰ ਨਵਾਂ ਬੈਂਕ ਖਾਤਾ ਲੈਣ ਲਈ ਇਹ ਖ਼ਰਚਾ ਖੁਦ ਚੁੱਕਣ ਲਈ ਤਿਆਰ ਹੋ ਜਾਂਦਾ ਹੈ, ਬਸ ਗਾਹਕ ਨੂੰ ਉਹਨਾਂ ਤੋਂ ਇਹ ਮੰਗ ਕਰਨੀ ਪੈਂਦੀ ਹੈ। ਨਿਯਮਾਂ ਮੁਤਾਬਕ ਜੇਕਰ ਮੌਜੂਦਾ ਬੈਂਕ ਨਾਲ ਹੀ ਸਿੱਧਾ ਮਾਰਗੇਜ ਰੀਨਿਊ ਕਰਵਾਇਆ ਜਾਵੇ ਤਾਂ ਦੁਬਾਰਾ ਸਟ੍ਰੈੱਸ ਟੈਸਟ ਪਾਸ ਕਰਨ ਦੀ ਲੋੜ ਨਹੀਂ ਹੁੰਦੀ। ਪਰ ਦੂਜੇ ਬੈਂਕ ਵਿੱਚ ਸ਼ਿਫਟ ਕਰਨ ਉੱਤੇ ਨਵਾਂ ਬੈਂਕ ਆਮਦਨ ਦਾ ਦੁਬਾਰਾ ਸਟ੍ਰੈੱਸ ਟੈਸਟ ਲੈ ਸਕਦਾ ਹੈ। ਅੰਤ ਵਿੱਚ ਜੇਕਰ ਆਉਣ ਵਾਲੇ ਸਾਲਾਂ ਵਿੱਚ ਬੈਂਕ ਆਫ਼ ਕੈਨੇਡਾ ਵੱਲੋਂ ਦਰਾਂ ਹੋਰ ਘਟਾਉਣ ਦੀ ਉਮੀਦ ਹੋਵੇ ਤਾਂ 5 ਸਾਲ ਦੇ ਫਿਕਸਡ ਰੇਟ ਵਿੱਚ ਬੱਝਣ ਦੀ ਬਜਾਏ 2 ਜਾਂ 3 ਸਾਲ ਦੀ ਛੋਟੀ ਮਿਆਦ ਜਾਂ ਵੇਰੀਏਬਲ ਰੇਟ ਦੀ ਮੰਗ ਕਰਨੀ ਵਧੇਰੇ ਸਮਝਦਾਰੀ ਹੈ।

