ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਕ੍ਰਿਕਟ ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਅਰਵਿੰਦਰ ਖੋਸਾ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੁੱਧਵਾਰ ਤੜਕੇ ਵਾਪਰੀ, ਜਿਸ ਤੋਂ ਬਾਅਦ ਪੂਰੇ ਇਲਾਕੇ ਅਤੇ ਖੇਡ ਜਗਤ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਰਵਿੰਦਰ ਖੋਸਾ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਿਊਟਨ ਇਲਾਕੇ ਵਿੱਚ ਸਥਿਤ ਉਨ੍ਹਾਂ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਹਨ, ਪਰ ਫਿਲਹਾਲ ਉਨ੍ਹਾਂ ਨੇ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ।
ਘਟਨਾ ਦੀ ਸੂਚਨਾ ਮਿਲਦੇ ਹੀ ਸਰੀ ਪੁਲਿਸ ਦੇ ਅਧਿਕਾਰੀ ਸਵੇਰੇ 4:40 ਵਜੇ ਦੇ ਕਰੀਬ ਮੌਕੇ ‘ਤੇ ਪਹੁੰਚੇ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਿਸ ਸਮੇਂ ਇਹ ਗੋਲੀਬਾਰੀ ਹੋਈ, ਉਸ ਵੇਲੇ ਘਰ ਦੇ ਅੰਦਰ ਲੋਕ ਮੌਜੂਦ ਸਨ। ਖੁਸ਼ਕਿਸਮਤੀ ਨਾਲ ਇਸ ਹਮਲੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਘਰ ਦੇ ਬਾਹਰਲੇ ਹਿੱਸੇ, ਮੁੱਖ ਦਰਵਾਜ਼ੇ ਅਤੇ ਖਿੜਕੀਆਂ ‘ਤੇ ਗੋਲੀਆਂ ਦੇ ਘੱਟੋ-ਘੱਟ 5 ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ, ਜੋ ਹਮਲੇ ਦੀ ਭਿਆਨਕਤਾ ਨੂੰ ਦਰਸਾਉਂਦੇ ਹਨ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ, ਪਰ ਪਹਿਲੀ ਨਜ਼ਰੇ ਇਹ ਮਾਮਲਾ ਫਿਰੌਤੀ ਨਾਲ ਜੁੜਿਆ ਹੋਇਆ ਜਾਪਦਾ ਹੈ।
ਸਰੀ ਪੁਲਿਸ ਦੇ ਮੀਡੀਆ ਸਬੰਧ ਅਧਿਕਾਰੀ ਸਰਜੰਟ ਅਲੀ ਗੇਲਸ ਨੇ ਦੱਸਿਆ ਕਿ ਜਿਸ ਘਰ ‘ਤੇ ਗੋਲੀਬਾਰੀ ਹੋਈ ਹੈ, ਉਸ ਨਾਲ ਸਬੰਧਤ ਇੱਕ ਵਿਅਕਤੀ ਨੂੰ ਪਹਿਲਾਂ ਫਿਰੌਤੀ ਦੀਆਂ ਧਮਕੀਆਂ ਮਿਲੀਆਂ ਸਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਕ੍ਰਿਕਟ ਕੈਨੇਡਾ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਸੀ, ਜਿਸ ਵਿੱਚ ਸੰਸਥਾ ਦੇ ਅੰਦਰ ਭ੍ਰਿਸ਼ਟਾਚਾਰ, ਸੰਗਠਿਤ ਅਪਰਾਧ ਦੇ ਪ੍ਰਭਾਵ ਅਤੇ ਮੈਚ ਫਿਕਸਿੰਗ ਦੀਆਂ ਕੋਸ਼ਿਸ਼ਾਂ ਵਰਗੇ ਗੰਭੀਰ ਦੋਸ਼ ਲਗਾਏ ਗਏ ਸਨ। ਇਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਅਰਵਿੰਦਰ ਖੋਸਾ ਦੇ ਕੁਝ ਅਜਿਹੇ ਸਥਾਨਕ ਖਿਡਾਰੀਆਂ ਨਾਲ ਸਬੰਧ ਸਨ, ਜਿਨ੍ਹਾਂ ਨੇ ਖੁਦ ਨੂੰ ਬਿਸ਼ਨੋਈ ਗੈਂਗ ਦਾ ਹਿੱਸਾ ਦੱਸਦਿਆਂ 2025 ਵਿੱਚ ਇੱਕ ਰਾਸ਼ਟਰੀ ਪੱਧਰ ਦੇ ਖਿਡਾਰੀ ਨੂੰ ਧਮਕੀ ਦਿੱਤੀ ਸੀ। ਹਾਲਾਂਕਿ ਖੋਸਾ ਨੇ ਇਨ੍ਹਾਂ ਦੋਸ਼ਾਂ ਨੂੰ ਹਮੇਸ਼ਾ ਨਕਾਰਿਆ ਹੈ।
ਅਰਵਿੰਦਰ ਖੋਸਾ ਨੂੰ ਲੰਘੀ 9 ਮਈ ਨੂੰ ਓਨਟਾਰੀਓ ਦੇ ਮਿਸੀਸਾਗਾ ਵਿੱਚ ਹੋਈ ਸਾਲਾਨਾ ਜਨਰਲ ਮੀਟਿੰਗ ਦੌਰਾਨ ਕ੍ਰਿਕਟ ਕੈਨੇਡਾ ਦਾ ਪ੍ਰਧਾਨ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਅਦਾਲਤ ਦੇ ਹੁਕਮਾਂ ਤੋਂ ਬਾਅਦ ਅਪ੍ਰੈਲ ਵਿੱਚ ਹੋਈ ਮੀਟਿੰਗ ਤੋਂ ਬਾਅਦ ਅੰਤਰਿਮ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਨੇ ਸਾਬਕਾ ਪ੍ਰਧਾਨ ਅਮਜਦ ਬਾਜਵਾ ਦੀ ਥਾਂ ਲਈ ਹੈ। ਦੂਜੇ ਪਾਸੇ ਕ੍ਰਿਕਟ ਕੈਨੇਡਾ ਦੇ ਨਵੇਂ ਚੁਣੇ ਗਏ ਉਪ ਪ੍ਰਧਾਨ ਰਣਜੀਤ ਚੌਧਰੀ ਨੇ ਕਿਹਾ ਹੈ ਕਿ ਬੋਰਡ ਨੇ ਚੋਣਾਂ ਤੋਂ ਪਹਿਲਾਂ ਖੋਸਾ ਕੋਲੋਂ ਇਨ੍ਹਾਂ ਦੋਸ਼ਾਂ ਬਾਰੇ ਪੁੱਛਗਿੱਛ ਕੀਤੀ ਸੀ ਅਤੇ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਪੁਲਿਸ ਨੇ ਉਨ੍ਹਾਂ ਕੋਲੋਂ ਕਦੇ ਕੋਈ ਪੁੱਛਗਿੱਛ ਨਹੀਂ ਕੀਤੀ ਅਤੇ ਇਹ ਦੋਸ਼ ਬੇਬੁਨਿਆਦ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕ੍ਰਿਕਟ ਕੈਨੇਡਾ ਦੇ ਕਿਸੇ ਉੱਚ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਫਰਵਰੀ ਅਤੇ ਮਾਰਚ ਦੇ ਮਹੀਨੇ ਕੈਲਗਰੀ ਵਿੱਚ ਬੋਰਡ ਦੇ ਇੱਕ ਸਾਬਕਾ ਮੈਂਬਰ ਦੇ ਘਰ ‘ਤੇ ਵੀ ਦੋ ਵੱਖ-ਵੱਖ ਘਟਨਾਵਾਂ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ। ਉਸ ਮਾਮਲੇ ਵਿੱਚ ਤਿੰਨ ਲੋਕਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਅਜੇ ਵੀ ਫ਼ਰਾਰ ਹੈ। ਉਸ ਸਾਬਕਾ ਮੈਂਬਰ ਨੇ ਸੁਰੱਖਿਆ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਸ ਦਾ ਮੰਨਣਾ ਸੀ ਕਿ ਇਹ ਹਮਲੇ ਕ੍ਰਿਕਟ ਕੈਨੇਡਾ ਦੇ ਠੇਕਿਆਂ ਅਤੇ ਕਾਰੋਬਾਰੀ ਸੌਦਿਆਂ ਨਾਲ ਜੁੜੇ ਹੋਏ ਸਨ। ਫਿਲਹਾਲ ਪੁਲਿਸ ਨੂੰ ਕੈਲਗਰੀ ਅਤੇ ਸਰੀ ਦੀਆਂ ਘਟਨਾਵਾਂ ਵਿਚਕਾਰ ਕੋਈ ਸਿੱਧਾ ਸਬੰਧ ਨਹੀਂ ਮਿਲਿਆ ਹੈ। This report was written by Divroop Kaur as part of the Local Journalism Initiative.

