ਫੈਡਰਲ ਬਜਟ ਅਫ਼ਸਰ ਦੀ ਰਿਪੋਰਟ ਵਿੱਚ ਖੁਲਾਸਾ, ਵਿਸ਼ਵ ਕੱਪ ਦੀ ਮੇਜ਼ਬਾਨੀ ‘ਤੇ ਖਰਚ ਹੋਣਗੇ 1 ਅਰਬ ਡਾਲਰ ਤੋਂ ਵੱਧ
ਸਰੀ, (ਦਿਵਰੂਪ ਕੌਰ): ਪਾਰਲੀਮੈਂਟਰੀ ਬਜਟ ਅਫ਼ਸਰ (PBO) ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਮੁਤਾਬਕ, 2026 ਵਿੱਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕੈਨੇਡਾ ਦੀਆਂ ਵੱਖ-ਵੱਖ ਸਰਕਾਰਾਂ ਲਈ 1 ਬਿਲੀਅਨ (ਅਰਬ) ਡਾਲਰ ਤੋਂ ਵੱਧ ਦੀ ਪੈਣ ਜਾ ਰਹੀ ਹੈ। ਇਸ ਅੰਕੜੇ ਮੁਤਾਬਕ ਦੇਸ਼ ਵਿੱਚ ਖੇਡੇ ਜਾਣ ਵਾਲੇ ਹਰੇਕ ਮੈਚ ‘ਤੇ ਲਗਭਗ 82 ਮਿਲੀਅਨ ਡਾਲਰ ਦੀ ਭਾਰੀ ਰਕਮ ਖਰਚ ਹੋਵੇਗੀ। ਕੁੱਲ ਅਨੁਮਾਨਿਤ ਖਰਚਾ 1.066 ਬਿਲੀਅਨ ਡਾਲਰ ਲਗਾਇਆ ਗਿਆ ਹੈ, ਜਿਸ ਵਿੱਚੋਂ ਫੈਡਰਲ ਸਰਕਾਰ 473 ਮਿਲੀਅਨ ਡਾਲਰ ਦਾ ਹਿੱਸਾ ਪਾਵੇਗੀ, ਜਦੋਂ ਕਿ ਬਾਕੀ ਦੀ ਰਕਮ ਸੂਬਾਈ ਅਤੇ ਸਥਾਨਕ ਸਰਕਾਰਾਂ ਵੱਲੋਂ ਸਾਂਝੀ ਕੀਤੀ ਜਾਵੇਗੀ।
ਇਸ ਖੇਡ ਮਹਾਕੁੰਭ ਦੌਰਾਨ 11 ਜੂਨ ਤੋਂ 19 ਜੁਲਾਈ ਤੱਕ ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਵਿੱਚ ਕੁੱਲ 104 ਮੈਚ ਖੇਡੇ ਜਾਣਗੇ, ਜਿਨ੍ਹਾਂ ਵਿੱਚੋਂ ਕੈਨੇਡਾ ਦੇ ਹਿੱਸੇ ਸਿਰਫ਼ 13 ਮੈਚ ਆਏ ਹਨ। ਇਨ੍ਹਾਂ ਵਿੱਚੋਂ 7 ਮੈਚ ਵੈਨਕੂਵਰ ਅਤੇ 6 ਮੈਚ ਟੋਰਾਂਟੋ ਵਿੱਚ ਖੇਡੇ ਜਾਣੇ ਹਨ। ਫੈਡਰਲ ਸਰਕਾਰ ਦੇ ਫੰਡਾਂ ਦਾ ਮੁੱਖ ਹਿੱਸਾ ਬੁਨਿਆਦੀ ਢਾਂਚੇ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਕੇਂਦਰਿਤ ਹੋਵੇਗਾ। ਇਸ ਤਹਿਤ 220 ਮਿਲੀਅਨ ਡਾਲਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਅਤੇ 145 ਮਿਲੀਅਨ ਡਾਲਰ ਸੁਰੱਖਿਆ ਕਾਰਜਾਂ ਲਈ ਦੂਜੇ ਪੱਧਰ ਦੀਆਂ ਸਰਕਾਰਾਂ ਨੂੰ ਟ੍ਰਾਂਸਫਰ ਕੀਤੇ ਜਾਣਗੇ, ਜਦੋਂ ਕਿ 79 ਮਿਲੀਅਨ ਡਾਲਰ ਦੀ ਰਾਸ਼ੀ ਸਿੱਧੀ ਆਰਸੀਐਮਪੀ (RCMP) ਨੂੰ ਦਿੱਤੀ ਜਾਵੇਗੀ।
ਰਿਪੋਰਟ ਅਨੁਸਾਰ ਟੋਰਾਂਟੋ ਵਿੱਚ ਹੋਣ ਵਾਲੇ 6 ਮੈਚਾਂ ‘ਤੇ ਕੁੱਲ 380 ਮਿਲੀਅਨ ਡਾਲਰ ਅਤੇ ਵੈਨਕੂਵਰ ਦੇ 7 ਮੈਚਾਂ ‘ਤੇ ਲਗਭਗ 578 ਮਿਲੀਅਨ ਡਾਲਰ ਖਰਚ ਹੋਣ ਦੀ ਉਮੀਦ ਹੈ। ਜੇਕਰ ਇਨ੍ਹਾਂ ਸ਼ਹਿਰਾਂ ਵਿੱਚ ਖਰਚਾ ਨਿਰਧਾਰਿਤ ਬਜਟ ਤੋਂ ਵਧਦਾ ਹੈ, ਤਾਂ ਵਾਧੂ ਬੋਝ ਸਥਾਨਕ ਅਤੇ ਸੂਬਾ ਸਰਕਾਰਾਂ ਨੂੰ ਚੁੱਕਣਾ ਪਵੇਗਾ। ਹਾਲਾਂਕਿ 82 ਮਿਲੀਅਨ ਡਾਲਰ ਪ੍ਰਤੀ ਮੈਚ ਦਾ ਖਰਚਾ ਪਿਛਲੇ ਵਿਸ਼ਵ ਕੱਪਾਂ ਦੇ ਮੁਕਾਬਲੇ ਕਾਫੀ ਘੱਟ ਹੈ। ਉਦਾਹਰਨ ਵਜੋਂ, 2018 ਵਿੱਚ ਰੂਸ ਨੇ ਪ੍ਰਤੀ ਮੈਚ 109 ਮਿਲੀਅਨ ਡਾਲਰ, 2002 ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਨੇ 112 ਮਿਲੀਅਨ ਡਾਲਰ ਅਤੇ 2014 ਵਿੱਚ ਬ੍ਰਾਜ਼ੀਲ ਨੇ 125 ਮਿਲੀਅਨ ਡਾਲਰ ਪ੍ਰਤੀ ਮੈਚ ਖਰਚ ਕੀਤੇ ਸਨ। ਇਸ ਦੇ ਉਲਟ, 1998 ਵਿੱਚ ਫਰਾਂਸ ਨੇ ਸਿਰਫ਼ 22 ਮਿਲੀਅਨ ਡਾਲਰ ਪ੍ਰਤੀ ਮੈਚ ਖਰਚ ਕੀਤਾ ਸੀ।
ਇਸ ਦੌਰਾਨ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੈਡਰਲ ਬਜਟ ਪੇਸ਼ ਕਰਨ ਤੋਂ ਪਹਿਲਾਂ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਸਰਕਾਰ ਦੇ ਰੋਜ਼ਾਨਾ ਦੇ ਕੰਮਕਾਜੀ ਖਰਚਿਆਂ ਅਤੇ ਪੂੰਜੀਗਤ ਨਿਵੇਸ਼ਾਂ (ਕੈਪੀਟਲ ਇਨਵੈਸਟਮੈਂਟ) ਨੂੰ ਵੱਖ-ਵੱਖ ਰੱਖਿਆ ਜਾਵੇਗਾ ਤਾਂ ਜੋ ਵਿੱਤੀ ਪਾਰਦਰਸ਼ਤਾ ਬਣੀ ਰਹੇ। ਬਜਟ ਅਫ਼ਸਰ ਮੁਤਾਬਕ ਵਿਸ਼ਵ ਕੱਪ ਦੇ ਕੁੱਲ ਬਜਟ ਵਿੱਚੋਂ 128.1 ਮਿਲੀਅਨ ਡਾਲਰ ਨੂੰ ਪੂੰਜੀਗਤ ਖਰਚੇ ਵਜੋਂ ਦੇਖਿਆ ਜਾ ਸਕਦਾ ਹੈ, ਜਿਸ ਵਿੱਚੋਂ ਵੱਡੀ ਰਕਮ ਟੋਰਾਂਟੋ ਦੇ ਬੀਐਮਓ ਫੀਲਡ, ਵੈਨਕੂਵਰ ਦੇ ਬੀ.ਸੀ. ਪਲੇਸ ਅਤੇ ਹੋਰ ਸਿਖਲਾਈ ਕੇਂਦਰਾਂ ਦੇ ਸੁਧਾਰ ‘ਤੇ ਖਰਚ ਕੀਤੀ ਜਾਵੇਗੀ। This report was written by Divroop Kaur as part of the Local Journalism Initiative.

