Saturday, May 23, 2026

ਕੋਕੁਇਟਲਮ ਸਟੋਰ ਵਿੱਚ ਹੋਈ ਨਸਲੀ ਪ੍ਰੋਫਾਈਲਿੰਗ ਦੇ ਵਿਰੋਧ ਵਿੱਚ ਮੂਲਵਾਸੀ ਪਰਿਵਾਰ ਨੇ ਜਿੱਤੀ ਕਾਨੂੰਨੀ ਲੜਾਈ

ਸਰੀ, (ਿਦਵਰੂਪ ਕੌਰ): ਕੈਨੇਡੀਅਨ ਟਾਇਰ ਅਤੇ ਇੱਕ ਸੁਰੱਖਿਆ ਕੰਪਨੀ ਵਿਰੁੱਧ ਹੇਲਟਸੁਕ ਨੇਸ਼ਨ ਵੱਲੋਂ ਦਾਇਰ ਨਸਲੀ ਪ੍ਰੋਫਾਈਲਿੰਗ ਦੀ ਸ਼ਿਕਾਇਤ ਦਾ ਨਿਪਟਾਰਾ ਕਰ ਲਿਆ ਗਿਆ ਹੈ। ਇਸ ਸਮਝੌਤੇ ਦੇ ਤਹਿਤ ਵੈਨਕੂਵਰ ਵਿੱਚ ਇੱਕ ਰਵਾਇਤੀ ‘ਵਾਸ਼ਿੰਗ ਸੈਰੇਮਨੀ’ ਕਰਵਾਈ ਜਾਵੇਗੀ। ਇਸ ਰਸਮ ਵਿੱਚ ਵਿਰੋਧੀ ਧਿਰਾਂ ਵਜੋਂ ਸ਼ਾਮਲ ਕੈਨੇਡੀਅਨ ਟਾਇਰ ਕਾਰਪੋਰੇਸ਼ਨ, ਕੋਕੁਇਟਲਮ ਦਾ ਕੈਨੇਡੀਅਨ ਟਾਇਰ ਸਟੋਰ 608 ਅਤੇ ਬਲੈਕਬਰਡ ਸਿਕਿਉਰਿਟੀ ਕ੍ਰੋਏਸ਼ੀਅਨ ਕਲਚਰਲ ਸੈਂਟਰ ਵਿਖੇ ਹਿੱਸਾ ਲੈਣਗੇ। ਇਸ ਰਸਮ ਦਾ ਮੁੱਖ ਮਕਸਦ ਹੋਏ ਨੁਕਸਾਨ ਨੂੰ ਸਵੀਕਾਰ ਕਰਨਾ ਅਤੇ ਆਪਸੀ ਸਾਂਝ ਨੂੰ ਮੁੜ ਬਹਾਲ ਕਰਕੇ ਅੱਗੇ ਵਧਣਾ ਹੈ।
ਇਸ ਰਸਮ ਦੌਰਾਨ ਇੱਕ ਰਵਾਇਤੀ ਭੋਜਨ ਅਤੇ ਨਾਚ ਦਾ ਪ੍ਰਬੰਧ ਵੀ ਕੀਤਾ ਜਾਵੇਗਾ, ਜਿੱਥੇ ਪੀੜਤ ਡਾਨ ਅਤੇ ਰਿਚਰਡ ਵਿਲਸਨ ਨੂੰ ਨਕਾਰਾਤਮਕ ਊਰਜਾ ਅਤੇ ਮਾੜੇ ਅਨੁਭਵ ਦੀਆਂ ਯਾਦਾਂ ਤੋਂ ਮੁਕਤ ਕਰਨ ਲਈ ਸ਼ੁੱਧੀਕਰਨ ਪ੍ਰਕਿਰਿਆ ਵਿੱਚੋਂ ਲੰਘਾਇਆ ਜਾਵੇਗਾ। ਇਹ ਸਾਰਾ ਮਾਮਲਾ ਸਾਲ 2020 ਵਿੱਚ ਵਾਪਰੀ ਇੱਕ ਘਟਨਾ ਨਾਲ ਜੁੜਿਆ ਹੋਇਆ ਹੈ, ਜਦੋਂ ਇਹ ਪਿਓ-ਧੀ ਕੋਕੁਇਟਲਮ ਦੇ ਕੈਨੇਡੀਅਨ ਟਾਇਰ ਸਟੋਰ ਵਿੱਚ ਆਪਣੀ ਗੱਡੀ ਦੇ ਨਵੇਂ ਟਾਇਰ ਲਗਵਾਉਣ ਲਈ ਇੰਤਜ਼ਾਰ ਕਰ ਰਹੇ ਸਨ। ਉਸ ਸਮੇਂ ਬਿਲਿੰਗ ਕਾਊਂਟਰ ਉੱਤੇ ਇੱਕ ਸੁਰੱਖਿਆ ਗਾਰਡ ਨੇ ਉਹਨਾਂ ਕੋਲ ਆ ਕੇ ਜਨਤਕ ਤੌਰ ਉੱਤੇ ਰਿਚਰਡ ਦੇ ਬੈਗ ਦੀ ਤਲਾਸ਼ੀ ਲਈ ਸੀ।
ਜਦੋਂ ਰਿਚਰਡ ਨੇ ਇਸ ਬਾਰੇ ਸਟੋਰ ਦੇ ਇੱਕ ਕਰਮਚਾਰੀ ਨੂੰ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਕਰਮਚਾਰੀ ਨੇ ਵੀ ਨਸਲੀ ਟਿੱਪਣੀਆਂ ਕੀਤੀਆਂ। ਵਿਲਸਨ ਪਰਿਵਾਰ ਨੇ ਇਸ ਸਬੰਧੀ ਕੈਨੇਡੀਅਨ ਟਾਇਰ ਕਾਰਪੋਰੇਸ਼ਨ ਕੋਲ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਸੀ, ਪਰ ਕੰਪਨੀ ਨੇ ਇਸ ਨੂੰ ਅੱਗੇ ਭੇਜਣ ਵਿੱਚ ਦੇਰੀ ਕੀਤੀ। ਜਦੋਂ ਤੱਕ ਸ਼ਿਕਾਇਤ ਸਟੋਰ ਤੱਕ ਪਹੁੰਚੀ, ਉਦੋਂ ਤੱਕ ਉਹ ਕਰਮਚਾਰੀ ਨੌਕਰੀ ਛੱਡ ਚੁੱਕਾ ਸੀ। ਪਰਿਵਾਰ ਨੇ ਕੰਪਨੀ ਵੱਲੋਂ ਦਿੱਤੇ ਗਏ ਗਿਫਟ ਕਾਰਡ ਦੇ ਆਫਰ ਅਤੇ ਦੇਰੀ ਨੂੰ ਆਪਣੀ ਤੌਹੀਨ ਮੰਨਿਆ।
ਡਾਨ ਵਿਲਸਨ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਮਹਿਸੂਸ ਕੀਤਾ ਕਿ ਬਹੁਤ ਸਾਰੇ ਇੰਡੀਜੀਨਸ ਲੋਕਾਂ ਨੂੰ ਖਰੀਦਦਾਰੀ ਦੌਰਾਨ ਅਜਿਹੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮਝੌਤੇ ਤਹਿਤ ਦੋਵਾਂ ਧਿਰਾਂ ਵਿਚਾਲੇ ਗੁਪਤ ਵਿੱਤੀ ਮੁਆਵਜ਼ੇ ਉੱਤੇ ਸਹਿਮਤੀ ਬਣੀ ਹੈ। ਡਾਨ ਇਸ ਮੁਆਵਜ਼ੇ ਦਾ ਇੱਕ ਹਿੱਸਾ ਯੂਨੀਅਨ ਆਫ ਬੀ.ਸੀ. ਇੰਡੀਅਨ ਚੀਫਸ ਨੂੰ ਦਾਨ ਕਰਨਗੇ ਤਾਂ ਜੋ ਕੈਨੇਡਾ ਵਿੱਚ ਇੰਡੀਜੀਨਸ ਖਪਤਕਾਰਾਂ ਨਾਲ ਹੁੰਦੇ ਨਸਲੀ ਵਿਤਕਰੇ ਉੱਤੇ ਵਿਸ਼ੇਸ਼ ਅਧਿਐਨ ਕਰਵਾਇਆ ਜਾ ਸਕੇ। ਕੰਪਨੀਆਂ ਨੇ ਭਵਿੱਖ ਵਿੱਚ ਵਿਤਕਰੇ ਵਿਰੁੱਧ ਸਖਤ ਨੀਤੀਆਂ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਹੇਲਟਸੁਕ ਨੇਸ਼ਨ ਦੀ ਚੀਫ ਮੈਰਿਲਿਨ ਸਲੇਟ ਨੇ ਇਸ ਨੂੰ ਮੇਲ-ਮਿਲਾਪ ਦੀ ਇੱਕ ਵਧੀਆ ਮਿਸਾਲ ਦੱਸਿਆ ਹੈ। ਕੰਪਨੀ ਦੇ ਐਸੋਸੀਏਟ ਡੀਲਰ ਪਾਲ ਡਰੂਲਿਸ ਨੇ ਵੀ ਪੀੜਤ ਪਰਿਵਾਰ ਦੇ ਅਨੁਭਵ ਨੂੰ ਸਵੀਕਾਰ ਕਰਦਿਆਂ ਸਟੋਰ ਵਿੱਚ ਹਰ ਗਾਹਕ ਦੇ ਸਤਿਕਾਰ ਨੂੰ ਯਕੀਨੀ ਬਣਾਉਣ ਦੀ ਗੱਲ ਕਹੀ ਹੈ। ਹੇਲਟਸੁਕ ਨੇਸ਼ਨ ਵੱਲੋਂ ਵੱਡੀਆਂ ਕਾਰਪੋਰੇਸ਼ਨਾਂ ਵਿਰੁੱਧ ਜਿੱਤਿਆ ਗਿਆ ਇਹ ਤੀਜਾ ਮਨੁੱਖੀ ਅਧਿਕਾਰ ਮਾਮਲਾ ਹੈ। This report was written by Divroop Kaur as part of the Local Journalism Initiative.

Popular