ਸਰੀ, (ਦਿਵਰੂਪ ਕੌਰ): ਓਨਟਾਰੀਓ ਵਿੱਚ ਸਰਗਰਮ ਸੰਗਠਿਤ ਆਟੋ ਚੋਰੀ ਨੈੱਟਵਰਕਾਂ ਖਿਲਾਫ ਚਲਾਈ ਗਈ ਇੱਕ ਵਿਆਪਕ ਜਾਂਚ ਮੁਹਿੰਮ ਦੇ ਹਿੱਸੇ ਵਜੋਂ 5 ਮਿਲੀਅਨ ਡਾਲਰ ਤੋਂ ਵੱਧ ਦੀਆਂ ਚੋਰੀ ਹੋਈਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਨਿਆਗਰਾ ਰੀਜਨਲ ਪੁਲਿਸ ਸਰਵਿਸ ਨੇ ਦੱਸਿਆ ਕਿ ਅਪ੍ਰੈਲ 2025 ਵਿੱਚ ਇੱਕ ਲੈਕਸਸ ਐਸਯੂਵੀ ਦੀ ਚੋਰੀ ਦੀ ਜਾਂਚ ਨੇ ਜਲਦੀ ਹੀ ਇੱਕ ਵਿਸ਼ਾਲ ਰੂਪ ਧਾਰਨ ਕਰ ਲਿਆ। ਇਹ ਜਾਂਚ ਦਰਜਨਾਂ ਵਾਹਨਾਂ ਦੀ ਚੋਰੀ ਨਾਲ ਜੁੜੀ ਹੋਈ ਮਿਲੀ ਜੋ ਸੰਗਠਿਤ ਅਪਰਾਧਿਕ ਗਿਰੋਹਾਂ ਨਾਲ ਸਬੰਧਤ ਸਨ।
ਨਵੰਬਰ 2025 ਤੋਂ ਜਾਂਚਕਰਤਾਵਾਂ ਨੇ ਨਿਆਗਰਾ ਵਿੱਚ ਨਵੇਂ ਮਾਡਲ ਦੀਆਂ ਲੈਕਸਸ ਅਤੇ ਟੋਯੋਟਾ ਗੱਡੀਆਂ ਦੀ ਚੋਰੀ ਅਤੇ ਚੋਰੀ ਦੀਆਂ ਕੋਸ਼ਿਸ਼ਾਂ ਦੇ 50 ਤੋਂ ਵੱਧ ਮਾਮਲਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ। ਨਿਆਗਰਾ ਪੁਲਿਸ ਦੇ ਜਾਸੂਸਾਂ ਅਨੁਸਾਰ ਇਸ ਚੋਰੀ ਕਾਰਨ ਲਗਭਗ 20 ਮਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਰਕਮ ਵਿੱਚੋਂ 5.5 ਮਿਲੀਅਨ ਡਾਲਰ ਦੀਆਂ ਚੋਰੀ ਹੋਈਆਂ ਗੱਡੀਆਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ 14 ਮਿਲੀਅਨ ਡਾਲਰ ਦੀ ਸੰਪਤੀ ਅਜੇ ਵੀ ਗਾਇਬ ਹੈ। ਪੁਲਿਸ ਨੇ ਦਸੰਬਰ 2025 ਵਿੱਚ ਪ੍ਰੋਜੈਕਟ ਜੈਕ ਲਿੰਕਸ ਸ਼ੁਰੂ ਕੀਤਾ ਸੀ।
ਇਸ ਪ੍ਰੋਜੈਕਟ ਦਾ ਮੁੱਖ ਟੀਚਾ ਮਹਿੰਗੀਆਂ ਗੱਡੀਆਂ ਚੋਰੀ ਕਰਨ ਅਤੇ ਉਹਨਾਂ ਨੂੰ ਵਿਦੇਸ਼ੀ ਬਾਜ਼ਾਰਾਂ ਵਿੱਚ ਵੇਚਣ ਵਾਲੇ ਗਿਰੋਹਾਂ ਨੂੰ ਫੜਨਾ ਸੀ। ਜਾਂਚਕਰਤਾਵਾਂ ਨੇ ਕਿਹਾ ਕਿ ਇਸ ਜਾਂਚ ਦੌਰਾਨ ਕਈ ਵੱਖ-ਵੱਖ ਅਪਰਾਧਿਕ ਨੈੱਟਵਰਕਾਂ ਦੀ ਪਛਾਣ ਕੀਤੀ ਗਈ ਹੈ। ਭਾਵੇਂ ਇਹ ਗਿਰੋਹ ਸੁਤੰਤਰ ਤੌਰ ਉੱਤੇ ਕੰਮ ਕਰ ਰਹੇ ਸਨ ਪਰ ਉਹਨਾਂ ਦਾ ਸਾਂਝਾ ਉਦੇਸ਼ ਵਾਹਨਾਂ ਨੂੰ ਨਿਰਯਾਤ ਕਰਨ ਅਤੇ ਵਿਦੇਸ਼ਾਂ ਵਿੱਚ ਵੇਚਣ ਲਈ ਚੋਰੀ ਕਰਨਾ ਸੀ। ਦੋਸ਼ੀਆਂ ਦੇ ਓਨਟਾਰੀਓ ਭਰ ਵਿੱਚ ਵਾਹਨ ਚੋਰੀ ਦੀਆਂ 112 ਤੋਂ ਵੱਧ ਘਟਨਾਵਾਂ ਨਾਲ ਜੁੜੇ ਹੋਣ ਦਾ ਖਦਸ਼ਾ ਹੈ। ਇਹ ਘਟਨਾਵਾਂ ਨਿਆਗਰਾ, ਹੈਮਿਲਟਨ, ਬਰੈਂਟਫੋਰਡ, ਓਕਵਿਲ ਅਤੇ ਟੋਰਾਂਟੋ ਸਮੇਤ ਕਈ ਸ਼ਹਿਰਾਂ ਵਿੱਚ ਵਾਪਰੀਆਂ ਹਨ। ਜਾਂਚ ਦੇ ਵੱਖ-ਵੱਖ ਪੜਾਵਾਂ ਦੌਰਾਨ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਸੇਂਟ ਕੈਥਰੀਨਜ਼ ਦੇ 2 ਨੌਜਵਾਨਾਂ ਨੂੰ ਜਨਵਰੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮਈ ਵਿੱਚ ਮਿਸੀਸਾਗਾ ਅਤੇ ਓਕਵਿਲ ਵਿੱਚ ਤਲਾਸ਼ੀ ਵਾਰੰਟਾਂ ਤੋਂ ਬਾਅਦ 5 ਹੋਰ ਨੌਜਵਾਨਾਂ ਨੂੰ ਫੜਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕਈ ਚੋਰੀ ਹੋਏ ਵਾਹਨ ਮਾਂਟਰੀਅਲ ਬੰਦਰਗਾਹ ਤੋਂ ਬਰਾਮਦ ਕੀਤੇ ਗਏ ਸਨ ਜੋ ਪੱਛਮੀ ਅਫਰੀਕਾ ਭੇਜੇ ਜਾਣ ਲਈ ਤਿਆਰ ਕੀਤੇ ਜਾ ਰਹੇ ਸਨ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਦੇ ਦਰਵਾਜ਼ੇ ਹਮੇਸ਼ਾ ਲਾਕ ਰੱਖਣ ਅਤੇ ਕੀਮਤੀ ਸਮਾਨ ਅੰਦਰ ਨਾ ਛੱਡਣ। This report was written by Divroop Kaur as part of the Local Journalism Initiative.

